ਦਿਲ ਨੇ ਅੜੀਆਂ ਫੜੀਆਂ ਨੇ – ਜਗਮੋਹਨ ਸਿੰਘ
ਚੁੱਪ ਰਹਿੰਦਾਂ ਤਾਂ ਮਿਹਣੇ ਸਹਿੰਦਾਂ
ਬੋਲਾਂ ਤਾਂ ਹਥਕੜੀਆਂ ਨੇ
ਇਸ਼ਕ ਤੇਰੇ ਵਿਚ ਮੇਰੇ ਯਾਰਾ
ਦੁਸ਼ਵਾਰੀਆਂ ਵੀ ਬੜੀਆਂ ਨੇ
ਨਦੀ ਵੀ ਡੂੰਘੀ ਘੜਾ ਪੁਰਾਣਾ
ਦੁਬਿਦਾ ਭਰੀਆਂ ਘੜੀਆਂ ਨੇ
ਜੇ ਰੁਕਦਾਂ ਤਾਂ ਝੂਠਾ ਪੈਂਦਾਂ
ਲੋਕਾਂ ਤੁਹਮਤਾਂ ਜੜੀਆਂ ਨੇ
ਅੰਦਰੋਂ ਔਖਾਂ ਬਾਹਰੋਂ ਸੌਖਾਂ
ਸਾਖੀ ਹੰਝੂ ਝੜੀਆਂ ਨੇ
ਹਿੰਮਤ ਕਰ ਤੇ ਠਿਲ੍ਹ ਪੈ ਮਿੱਤਰਾ
ਦਿਲ ਨੇ ਅੜੀਆਂ ਫੜੀਆਂ ਨੇ