Popular posts on all time redership basis

Showing posts with label Amrita Pritam. Show all posts
Showing posts with label Amrita Pritam. Show all posts

Saturday, 17 August 2013

ਚਾਨਣ ਦੀ ਫੁਲਕਾਰੀ - ਅੰਮ੍ਰਿਤਾ ਪ੍ਰੀਤਮ (Amrita Pritam)

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ
ਅੰਬਰ ਦਾ ਇੱਕ ਆਲਾ
ਸੂਰਜ ਬਾਲ ਦਿਆਂ
ਮਨ ਦੀ ਉੱਚੀ ਮੰਮਟੀ ਦੀਵਾ ਕੌਣ ਧਰੇ

ਅੰਬਰ ਗੰਗਾ ਹੁੰਦੀ
ਗਾਗਰ ਭਰ ਦੇਂਦੀ
ਦਰਦਾਂ ਦਾ ਦਰਿਆਓ ਕਿਹੜਾ ਘੁੱਟ ਭਰੇ

ਇਹ ਜੁ ਸਾਨੂੰ ਅੱਗ
ਰਾਖਵੀਂ ਦੇ ਚਲਿਓਂ
ਦਿਲ ਦੇ ਬੁੱਕਲ ਬਲਦੀ ਚਿਣਗਾਂ ਕੌਣ ਜਰੇ

ਆਪਣੇ ਵੱਲੋਂ
ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ

Saturday, 21 July 2012

ਚੁੱਪ ਦਾ ਰੁੱਖ - ਅੰਮ੍ਰਿਤਾ ਪ੍ਰੀਤਮ

ਨਹੀਂ - ਚੁੱਪ ਦੇ ਇਸ ਰੁੱਖ ਤੋਂ
ਮੈਂ ਅੱਖਰ ਨਹੀਂ ਤੋੜੇ
ਇਹ ਤਾਂ ਜੋ ਰੁੱਖ ਨਾਲੋਂ ਝੜੇ ਸੀ
ਮੈਂ ਉਹੀ ਅੱਖਰ ਚੁਣੇ ਹਨ...

ਨਹੀਂ -- ਤੁਸਾਂ ਨੂੰ ਜਾਂ ਕਿਸੇ ਨੂੰ
ਮੈਂ ਕੁਝ ਨਹੀਂ ਆਖਿਆ
ਇਹ ਤਾਂ ਜੋ ਲਹੂ ਵਿਚ ਬੋਲੇ ਸੀ
ਮੈਂ ਉਹੀ ਅੱਖਰ ਸੁਣੇ ਹਨ...

ਇਕ ਬਿਜਲੀ ਦੀ ਲੰਬੀ ਲੀਕ ਸੀ
ਛਾਤੀ ਚੋਂ ਲੰਘੀ ਸੀ
ਇਹ ਤਾਂ ਕੁਝ ਉਸੇ ਦੇ ਟੋਟੇ
ਮੈਂ ਪੋਟਿਆਂ ਤੇ ਗਿਣੇ ਹਨ...

ਤੇ ਚੰਨ ਨੇ ਚਰਖੇ ਤੇ ਬਹਿ ਕੇ
ਬੱਦਲ ਦੀ ਕਪਾਹ ਕੱਤੀ
ਇਹ ਤਾਂ ਕੁਝ ਉਹੀ ਧਾਗੇ ਨੇ
ਮੈਂ ਖੱਡੀ ਤੇ ਉਣੇ ਹਨ...

ਨਹੀਂ -- ਚੁੱਪ ਦੇ ਇਸ ਰੁੱਖ ਤੋਂ
ਮੈਂ ਅੱਖਰ ਨਹੀਂ ਤੋੜੇ
ਇਹ ਤਾਂ ਜੋ ਰੁਖ ਨਾਲੋਂ ਝੜੇ ਸੀ
ਮੈਂ ਉਹੀ ਅੱਖਰ ਚੁਣੇ ਹਨ...

.......................................- ਅੰਮ੍ਰਿਤਾ ਪ੍ਰੀਤਮ

Wednesday, 11 April 2012

ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ - ਅੰਮ੍ਰਿਤਾ ਪ੍ਰੀਤਮ

ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ
ਕਿ ਜਿਸ ਥਾਂ ਰਾਂਝਣ ਡੇਰਾ ਕੀਤਾ
ਉੱਥੇ ਧਮਕੀ ਸੁਣੀਂਦੀ ਖੇੜੇ ਦੀ.........

ਅੱਜ ਚਾਰੇ ਕੰਧਾਂ ਪੁੱਛਣ ਆਈਆਂ
ਕਿ ਅੱਜ ਮਲਕੀ ਦੀ ਬੁੱਕਲ ਵਿਚੋਂ
ਦੁੱਧ ਦੀਆਂ ਬੂੰਦਾਂ ਕੀਹਨੇ ਚੁਰਾਈਆਂ?.........

ਅੱਜ ਬੇਲੇ ਦੀਆਂ ਮੱਝਾਂ ਰੋਈਆਂ
ਕਿ ਅੱਜ ਮੇਰੀ ਇਸ ਦੋਹਣੀ ਦੇ ਵਿਚ
ਲਹੂ ਦੀਆਂ ਧਾਰਾਂ ਕਿਸਨੇ ਚੋਈਆਂ?..........

ਅੱਜ ਹਰ ਇਕ ਬਸਤਾ ਪੁਛਣ ਆਇਆ
ਕਿ ਅੱਜ ਮੇਰੇ ਮਦਰੱਸੇ ਵਿਚੋਂ
ਸੱਚ ਦਾ ਅੱਖਰ ਕੀਹਨੇ ਛੁਪਾਇਆ?..........

...............................................ਅੰਮ੍ਰਿਤਾ ਪ੍ਰੀਤਮ

Sunday, 11 March 2012

ਵਫਾ ਦੀ ਲਕੀਰ - ਅੰਮ੍ਰਿਤਾ ਪ੍ਰੀਤਮ

ਕਿਹੜਾ ਮਿਆਰ ਆ ਕੇ ਮਿਣੇ ਇਸਦਾ ਚੀਰ ?
ਜੋ ਸਾਬਤ ਜਹੀ ਤਲੀ ’ਤੇ ਖਿੱਲਰ ਰਹੀ ਹੈ ਇੰਜ ਵਫਾ ਦੀ ਲਕੀਰ !

ਕਿਥੋਂ ਕੁ ਕਿਨਾਰਾ ਹੁੰਦਾ ਹੈ ਡੋਬੂ ?
ਕੌਣ ਸੋਚ ਨਾਪੇ ਤੇ ਕੌਣ ਕੋਈ ਆਖੇ
ਕਿ ਖਿਆਲਾਂ ਦੇ ਵਰਤਣ ਦੀ ਕਿਹੜੀ ਕੁ ਹੱਦ ?
ਇਸਨੂੰ ਲੁੰਘੇ ਨਾ ਕਿਥੋਂ ਕੁ ਤਕ ਰਾਹਗੀਰ ?

ਕਿੰਨੇ ਕੁ ਨੈਣ ਨੇੜੇ ? ਕਿੰਨੀ ਕੁ ਜ਼ਬਾਨ ਸਾਂਝੀ ?
ਤੇ ਕਿਨੀਂ ਕੁ ਹੱਥਾਂ ਦੇ ਭਖ਼ਾ ਦੀ ਹਰਾਰਤ ਬਦਲ ਦੇਂਦੀ ਹੈ ਤਾਸੀਰ ?

ਕਿਵੇਂ ਇਸਦੇ ਵੱਢੇ ਨੂੰ ਹੋਰ ਕਰਨ ਗੂੜ੍ਹਾ
ਅਸੰਖ ਕੌਲ ਨਿਕਲਣ ਹੋਠਾਂ ਦੀ ਹਿੱਕ ਚੀਰ
ਜਿਵੇਂ ਲਫ਼ਜ਼ਾਂ ਦੇ ਪੋਟੇ ਵੀ ਇਸਦਾ ਨਾਪ ਸਕਦੇ ਨੇ ਸਰੀਰ !

ਤੇ ਹੁਣੇ ਕਸਮ ਖਾਣ ਲੱਗੀ ਹੈ ਜੀਕਣ ਇਹ ਹੀਰ
ਦੇਣ ਲੱਗੀ ਹੈ ਪਾਕ ਦਾਮਨ ਮੁਹੱਬਤ ਦਾ ਸਬੂਤ
ਉਤਾਂਹ ਨੂੰ ਮੂੰਹ ਚੁੱਕ ਕੇ
ਨਿੱਕੀ ਜਹੀ ਤਲੀ ਤੇ ਇੰਜ ਹੈ ਖਲੋਤੀ - ਵਫਾ ਦੀ ਲਕੀਰ !

ਤੇ ਕੋਲ ਜਿਵੇਂ ਜਾਮਨ ਨੇ ਪੰਜ ਉਂਗਲਾਂ : ਪੰਜ ਪੀਰ

.....................................................................ਅੰਮ੍ਰਿਤਾ ਪ੍ਰੀਤਮ

Thursday, 16 February 2012

ਅਸ਼ੋਕਾ ਚੇਤੀ - ਅੰਮ੍ਰਿਤਾ ਪ੍ਰੀਤਮ

(ਅਸ਼ੋਕਾ ਚੇਤੀ ਦਖਣ ਭਾਰਤ ਦਾ ਲਾਲ ਸੂਹਾ ਫੁੱਲ ਹੈ, ਜਿਸਦੀ ਇਕ ਡੰਡੀ
ਵਿਚੋਂ ਸੱਤਰ ਨਿੱਕੀਆਂ ਡੰਡੀਆਂ ਹੋਰ ਨਿਕਲਦੀਆਂ ਹਨ
ਅਤੇ ਹਰ ਡੰਡੀ ਨੂੰ ਚਾਰ-ਚਾਰ ਪੱਤੀਆਂ ਲਗਦੀਆਂ ਹਨ)

ਸੂਹਾ ਫੁੱਲ ਅਸ਼ੋਕਾ ਚੇਤੀ
ਚੌੜੇ ਪੱਤਰ ਸਾਵੇ
ਜਿਉਂ ਸਾਗਰ ਦੀਆਂ ਲਹਿਰਾਂ ਵਿਚੋਂ
ਸੂਰਜ ਚੜ੍ਹਦਾ ਆਵੇ.
ਨਾ ਇਹ ਸੂਰਜ ਉੱਚਾ ਹੋਵੇ
ਨਾ ਇਹ ਸੂਰਜ ਲੱਥੇ
ਧਰਤੀ ਜਿਵੇਂ ਖਲੋ ਜਾਵੇ
ਤੇ ਸਮਾਂ ਕੀਲਿਆ ਜਾਵੇ

ਤੇਰਾ ਪਿਆਰ ਅਸ਼ੋਕਾ ਚੇਤੀ
ਮੇਰੇ ਦਿਲ ਵਿਚ ਖਿੜਿਆ
ਇਕ ਨਜ਼ਰ ਡੰਡੀ ਉੱਤੇ
ਸੱਤਰ ਸੁਪਨਾ ਜੁੜਿਆ.

ਮਿਲਣ ਘੜੀ ਦਾ ਰੱਤਾ ਜਾਦੂ
ਚਹੁੰ ਕੰਨੀਆਂ ਵਿਚ ਬੱਝਾ
ਹਰ ਇਕ ਮੌਸਮ ਏਸ ਦਹਿਲੀਜੇ
ਸੀਸ ਝੁਕਾ ਕੇ ਮੁੜਿਆ.

ਤੇਰਾ ਪਿਆਰ ਅਸ਼ੋਕਾ ਚੇਤੀ
ਧਰਤੀ ਝੱਲ ਨਾ ਸੱਕੇ
ਮਨ ਦੇ ਫੁੱਲ ਮਨਾਂ ਵਿਚ ਖਿੜਦੇ
ਅੱਖੀਆਂ ਨੇ ਨਾ ਤੱਕੇ

ਪੌਣਾਂ ਦੇ ਵਿਚ ਹੌਕੇ ਵਸਦੇ
ਕਣੀਆਂ ਦੇ ਵਿਚ ਹੰਝੂ
ਲੱਖ ਅਸ਼ੋਕਾ ਚੇਤੀ ਇਸ ਦੇ
ਮਾਰੂਥਲ ਵਿਚ ਸੁੱਕੇ

ਮੁੱਕੇ ਲੱਖ ਅਸ਼ੋਕਾ ਚੇਤੀ
ਮੁੱਕੇ ਆਸ਼ਕ ਕੇਤੀ
ਲਖਾਂ ਨਗ਼ਮੇ ਤੜਪ ਤੜਪ ਕੇ
ਆਖਣ ਹੋਠਾਂ ਸੇਤੀ,

ਸਾਡੇ ਸੁਚਿਆਂ ਸਾਹਵਾਂ ਅੰਦਰ
ਸੁਚੀਆਂ ਪੌਣਾਂ ਘੋਲੋ
ਦੁਨੀਆਂ ਦੇ ਇਸ ਵਿਹੜੇ ਅੰਦਰ
ਖਿੜੇ ਅਸ਼ੋਕਾ ਚੇਤੀ.

...........................- ਅੰਮ੍ਰਿਤਾ ਪ੍ਰੀਤਮ

Saturday, 28 January 2012

ਝੁੰਮਰ - ਅੰਮ੍ਰਿਤਾ ਪ੍ਰੀਤਮ

ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਆ ਭਲਾ
ਮੈਂ ਗੋਡਾਂਗੀ ਪੈਲੀਆਂ, ਤੂੰ ਕਿਆਰੇ ਕਢਦਾ ਜਾ ਭਲਾ......
ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਆ ਭਲਾ
ਕਣਕ ਜੁ ਬੀਜਾਂ ਮੈਂ ਕੁੜੇ, ਤੂੰ ਪਾਣੀ ਦੇਂਦੀ ਜਾ ਭਲਾ......
ਰਾਖੀ ਰਖ ਰਖ ਮੈਂ ਮੁਈ, ਤੇ ਹੱਡ ਲਏ ਤੂੰ ਖੋਰ ਭਲਾ
ਭਰ ਭਰ ਬੋਹਲ ਜੁ ਲਾ ਲਏ, ਉਤੋਂ ਪੈ ਗਏ ਚੋਰ ਭਲਾ......
ਭੰਨਾਂ ਭੁਖੇ ਮਹਿਲ ਨੂੰ, ਚੋਰ ਨੂੰ ਰਖਾਂ ਥਾਂ ਭਲਾ
ਮੈਂ ਧਰਤੀ ਦਾ ਲਾਲ ਜੀ, ਧਰਤੀ ਮੇਰੀ ਮਾਂ ਭਲਾ......
ਨਵੀਂ ਕਣਕ ਜੁ ਗੁੰਨ ਲਵਾਂ ਮੈਂ, ਪੇੜਾ ਮਖਣ ਦਾ ਭਲਾ
ਮੇਰਾ ਜੋਬਨ ਹਾਕਾਂ ਮਾਰਦਾ, ਮੇਰੇ ਵਿਹੜੇ ਦੇ ਵਿਚ ਆ ਭਲਾ......
ਤੂੰ ਅੰਬਾਂ ਦਾ ਬੂਰ ਨੀ, ਤੁੰ ਸਮੇਂ ਦਾ ਫੁੱਲ ਭਲਾ
ਤੇਰਾ ਜੋਬਨ ਚੜ੍ਹਿਆ ਚੰਦ ਨੀ, ਕੀਕਣ ਤਾਰਾਂ ਮੁੱਲ ਭਲਾ.......
ਮੇਰੇ ਹਥੀਂ ਮਹਿੰਦੀ ਰਾਂਗਲੀ, ਮੇਰੀ ਚੂੜੇ ਵਾਲੀ ਬਾਂਹ ਭਲਾ
ਮੈਂ ਤੇਰੀ ਵੇ ਰਾਂਝਣਾਂ, ਮੈਂ ਹੋਰ ਕਿਸੇ ਦੀ ਨਾਂਹ ਭਲਾ........ - ਅੰਮ੍ਰਿਤਾ ਪ੍ਰੀਤਮ

Tuesday, 6 December 2011

ਮੇਰਾ ਸ਼ਹਿਰ - ਅੰਮ੍ਰਿਤਾ ਪ੍ਰੀਤਮ

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ...
ਸੜਕਾਂ--ਬੇਤੁਕੀਆਂ ਦਲੀਲਾਂ ਦੀ ਤਰ੍ਹਾਂ
ਤੇ ਗਲੀਆਂ ਇਸ ਤਰ੍ਹਾਂ....
ਜਿਉਂ ਇੱਕੋ ਗੱਲ ਨੂੰ ਕੋਈ ਇੱਧਰ ਘਸੀਟਦਾ ਕੋਈ ਉੱਧਰ.

ਹਰ ਮਕਾਨ ਇਕ ਮੁੱਠੀ ਵਾਂਗੂੰ ਵੱਟਿਆ ਹੋਇਆ
ਕੰਧਾਂ--ਕਚੀਚੀਆਂ ਵਾਂਗੂੰ
ਤੇ ਨਾਲੀਆਂ,ਜਿਉਂ ਮੂੰਹਾਂ 'ਚੋਂ ਝੱਗ ਵਗਦੀ ਹੈ...

ਇਹ ਬਹਿਸ ਖ਼ੌਰੇ ਸੂਰਜ ਤੋਂ ਸ਼ੁਰੂ ਹੋਈ ਸੀ
ਜੁ ਉਸ ਨੂੰ ਵੇਖ ਕੇ ਇਹ ਹੋਰ ਗਰਮ ਹੁੰਦੀ
ਤੇ ਹਰ ਬੂਹੇ ਦੇ ਮੂੰਹ 'ਚੋਂ....
ਫਿਰ ਸਾਈਕਲਾਂ ਤੇ ਸਕੂਟਰਾਂ ਦੇ ਪਹੀਏ
ਗਾਲ੍ਹਾਂ ਦੀ ਤਰ੍ਹਾਂ ਨਿਕਲਦੇ
ਤੇ ਘੰਟੀਆਂ ਤੇ ਹਾਰਨ ਇਕ ਦੂਜੇ ਤੇ ਝਪਟਦੇ....

ਜਿਹੜਾ ਵੀ ਬਾਲ ਇਸ ਸ਼ਹਿਰ ਵਿਚ ਜੰਮਦਾ
ਪੁੱਛਦਾ ਕਿ ਕਿਹੜੀ ਗੱਲ ਤੋਂ ਇਹ ਬਹਿਸ ਹੋ ਰਹੀ ?
ਫਿਰ ਉਸ ਦਾ ਸਵਾਲ ਵੀ ਇਕ ਬਹਿਸ ਬਣਦਾ
ਬਹਿਸ ਵਿਚੋਂ ਨਿਕਲਦਾ , ਬਹਿਸ ਵਿਚ ਰਲਦਾ....

ਸੰਖਾਂ ਘੜਿਆਲਾਂ ਦੇ ਸਾਹ ਸੁੱਕੇ
ਰਾਤ ਆਉਂਦੀ,ਸਿਰ ਖਪਾਂਦੀ ,ਤੇ ਚਲੀ ਜਾਂਦੀ
ਪਰ ਨੀਂਦਰ ਦੇ ਵਿੱਚ ਵੀ ਇਹ ਬਹਿਸ ਨਾ ਮੁੱਕੇ.

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ...

Monday, 25 July 2011

ਅੱਜ ਆਖਾਂ ਵਾਰਿਸ ਸ਼ਾਹ ਨੂੰ ! - ਅੰਮ੍ਰਿਤਾ ਪ੍ਰੀਤਮ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ !

ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆ ਤੈਨੁੰ ਵਰਿਸ ਸ਼ਾਹ ਨੂੰ ਕਹਿਣ :
ਵੇ ਦਰਦ-ਮੰਦਾ ਦਿਆ ਦਰਦੀਆ ! ਉੱਠ ਤੱਕ ਅਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿਤੀ ਜ਼ਹਿਰ ਰਲਾ
ਤੇ ਉਨ੍ਹਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ ਜ਼ਮੀਨ ਦੇ ਲੂੰ ਲੂੰ ਫ਼ੁੱਟਿਆ ਜ਼ਹਿਰ
ਗਿਠ ਗਿਠ ਚੜੀਆਂ ਲਾਲੀਆਂ ਤੇ ਫ਼ੁਟ ਫ਼ੁਟ ਚੜਿਆ ਕਹਿਰ
ਵਿਹੁ ਵਿਲਸੀ ਵਾ ਫ਼ਿਰ ਵਣ ਵਣ ਲੱਗੀ ਜਾ
ਓਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗਵਾਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ-ਮੂੰਹ ਬਸ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ
ਗਲਿਓਂ ਟੁਟੇ ਗੀਤ ਫ਼ਿਰ ਤ੍ਰੱਕਲਿਓਂ ਟੁਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ
ਸਣੇ ਡਾਲੀਆਂ ਪੀਂਘ ਅੱਜ ਪਿਪਲਾਂ ਦਿੱਤੀ ਤੋੜ
ਜਿਥੇ ਵੱਜਦੀ ਸੀ ਫ਼ੂਕ ਪਿਆਰ ਦੀ ਵੇ ਓਹ ਵੰਝਲੀ ਗਈ ਗਵਾਚ
ਰਾਂਝੇ ਦੇ ਸਭ ਵੀਰ ਅੱਜ ਭੁਲ ਗਏ ਓਹਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ
ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿਥੋ ਲਿਆਈਏ ਲੱਭ ਕੇ ਵਰਸ ਸ਼ਾਹ ਇੱਕ ਹੋਰ

ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰਹੇਂ ਕਬਰਾਂ ਵਿੱਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ ! - ਅੰਮ੍ਰਿਤਾ ਪ੍ਰੀਤਮ