Popular posts on all time redership basis

Showing posts with label Surjit Patar. Show all posts
Showing posts with label Surjit Patar. Show all posts

Sunday, 15 September 2013

ਸਿਰ ਕਹਿਕਸ਼ਾਂ ਦਾ ਜੋ ਤਾਜ ਸੀ - ਸੁਰਜੀਤ ਪਾਤਰ

ਸਿਰ ਕਹਿਕਸ਼ਾਂ ਦਾ ਜੋ ਤਾਜ ਸੀ
ਨ ਸੀ ਝੱਖੜਾਂ ‘ਚ ਵੀ ਡੋਲਿਆ
ਅੱਜ ਇਹ ਕੈਸਾ ਹਉਕਾ ਹੈ ਤੂੰ ਲਿਆ
ਮੇਰਾ ਤਾਜ ਮਿੱਟੀ ‘ਚ ਰੁਲ ਗਿਆ
 

ਇਹ ਹੈ ਇਸ਼ਕ ਦੀ ਦਰਗਾਹ ਮੀਆਂ
ਜੇ ਹੈ ਤਾਜ ਪਿਆਰਾ ਤਾਂ ਜਾਹ ਮੀਆਂ
ਜੀਹਨੂੰ ਸਿਰ ਦੀ ਨਾ ਪਰਵਾਹ ਮੀਆਂ
ਉਹਦਾ ਜਾਂਦਾ ਸਿਜਦਾ ਕਬੂਲਿਆ
 

ਬੋਲ ਜੋ ਤੇਰੇ ਦਿਲ ‘ਚ ਸੀ
ਉਹ ਤੂੰ ਦਿਲ ‘ਚ ਕਿਉਂ ਦਫਨਾ ਲਿਆ
ਕਿਉਂ ਤੂੰ ਸਾਹ ਨੂੰ ਸੂਲੀ ‘ਤੇ ਚਾੜ ਕੇ
ਮੇਰੀ ਜਾਨ ਹਉਕਾ ਬਣਾ ਲਿਆ
 

ਤੇਰੇ ਨੈਣਾਂ ਵਿਚ ਜਿਹੜੇ ਅਕਸ ਸਨ
ਮੇਰੇ ਕੋਲ ਆ ਤੂੰ ਲੁਕਾ ਲਏ
ਮੇਰੇ ਦਿਲ ਦਾ ਸ਼ੀਸ਼ਾ ਤਾਂ ਦੋਸਤਾ
ਤੇਰੇ ਇਹਤਿਆਤ ਨੇ ਤੋੜਿਆ
 

ਹਾਏ ਜ਼ਿੰਦਗੀ, ਹਾਏ ਆਦਮੀ
ਹਾਏ ਇਸ਼ਕ, ਹਾਏ ਹਕੀਕਤੋ
ਮੈਂ ਸਮਝ ਗਿਆਂ ਕੁਲ ਬਾਤ ਬੱਸ
ਸਮਝਾਉਣਾ ਦਿਲ ਨੂੰ ਹੀ ਰਹਿ ਗਿਆ
 

ਹੈ ਅਜੀਬ ਗੱਲ ਕੁਝ ਪਲ ਹੀ ਸਨ
ਕੁਲ ਉਮਰ ਜ਼ਖਮੀ ਕਰ ਗਏ
ਇਉਂ ਖੁਭ ਗਏ ਓਦੇ ਕਾਲਜੇ
ਕਿ ਦਰਖਤ ਸੂਲੀ ਹੀ ਬਣ ਗਿਆ
 

ਐਵੇਂ ਜ਼ਿਦ ਨ ਕਰ ਕਿ ਤੂੰ ਵੇਖਣਾ
ਉਹਦੇ ਦਿਲ ਦੀ ਆਖਰੀ ਪਰਤ ਨੂੰ
ਛੱਡ ਰਹਿਣ ਦੇ ਤੈਨੂੰ ਆਖਦਾਂ
ਮੈਨੂੰ ਫਿਰ ਨ ਆਖੀਂ ਜੇ ਡਰ ਗਿਆ
 

ਕੋਈ ਹੋਰ ਮੇਰੀ ਪਨਾਹ ਨ ਸੀ
ਤੇ ਕਦਮ ਧਰਨ ਲਈ ਰਾਹ ਨ ਸੀ
ਤੇਰਾ ਤੀਰ ਹੀ ਲਾ ਕੇ ਕਾਲਜੇ
ਮੈਂ ਤਾਂ ਆਪਣੀ ਰੱਤ ‘ਤੇ ਹੀ ਸੌਂ ਗਿਆ
 

ਮੇਰਾ ਮੁੜ ਸੁਅੰਬਰ ਜਿੱਤ ਤੂੰ
ਮੇਰੀ ਨਜ਼ਮ ਨੇ ਮੈਨੂੰ ਆਖਿਆ
ਕੱਲ ਦਰਦ ਵਿੰਨਿਆ ਉਹ ਸ਼ਖਸ ਇਕ
ਤੈਨੂੰ ਹਿਜਰੋ ਗਮ ‘ਚ ਹਰਾ ਗਿਆ
 

ਇਹ ਜੋ ਨਾਲ ਨਾਲ ਨੇ ਮਕਬਰੇ
ਇਕ ਪਿਆਸ ਦਾ ਇਕ ਨੀਰ ਦਾ
ਕੋਈ ਪਿਆਸ ਪਿਆਸੀ ਜੋ ਮਰ ਗਈ
ਮੇਰਾ ਨੀਰ ਤੜਪ ਕੇ ਮਰ ਗਿਆ
 

ਲੈ ਇਹ ਜਿਸਮ ਤੇਰਾ ਹੈ ਸਾਂਭ ਲੈ
ਉਹਦਾ ਇਸ ‘ਤੇ ਕੋਈ ਨਿਸ਼ਾਨ ਨਾ
ਤੂੰ ਨ ਢੂੰਡ ਉਸ ਨੂੰ ਵਜੂਦ ‘ਚੋਂ
ਮੈਂ ਤਾਂ ਰੂਹ ‘ਚ ਉਸ ਨੁੰ ਰਲਾ ਲਿਆ
 

ਮੇਰਾ ਖਾਬ ਹੰਝੂ ‘ਚ ਢਲ ਗਿਆ
ਫਿਰ ਡਿੱਗ ਕੇ ਖਾਕ ‘ਚ ਰਲ ਗਿਆ
ਤੂੰ ਯਕੀਨ ਕਰ ਉਹ ਚਲਾ ਗਿਆ
ਉਹਨੂੰ ਸਾਗਰਾਂ ਨੇ ਬੁਲਾ ਲਿਆ
 

ਬਣ ਲਾਟ ਬੇਲਾ ਸੀ ਬਲ ਰਿਹਾ
ਅਤੇ ਰੇਤ ਰੇਤ ਚਨਾਬ ਸੀ
ਇਹ ਅਜੀਬ ਕਿਸਮ ਦਾ ਖਾਬ ਸੀ
ਕਰੀਂ ਮਿਹਰ ਮੇਰਿਆ ਮਾਲਕਾ
 

ਕਿਸੇ ਰਾਗ ਵਿਚ ਵੈਰਾਗ ਨੂੰ
ਹੁਣ ਬਦਲ ਲੈ, ਉਠ ਜਾਗ ਤੁੰ
ਏਹੀ ਵਾਕ ਕਹਿ ਮੇਰੇ ਦਰਦ ਨੇ
ਹਰ ਰਾਤ ਮੈਨੁੰ ਜਗਾ ਲਿਆ
 

ਉਠ ਉੱਚੇ ਸੁੱਚੇ ਖਿਆਲ ਬੁਣ
ਕੋਈ ਰਿਸ਼ਮਾਂ ਕਿਰਨਾਂ ਦਾ ਜਾਲ ਬੁਣ
ਕਿਸੇ ਹੋਰ ਨਾ ਤੈਨੂੰ ਬੋਚਣਾ
ਜੇ ਤੂੰ ਹੁਣ ਬੁਲੰਦੀ ਤੋਂ ਗਿਰ ਗਿਆ

................................................ - - ਸੁਰਜੀਤ ਪਾਤਰ

Monday, 12 August 2013

ਮੈਂ ਕੱਲ੍ਹ ਅਸਮਾਨ ਡਿਗਦਾ - ਸੁਰਜੀਤ ਪਾਤਰ


ਮੈਂ ਕੱਲ੍ਹ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ
ਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗ਼ੈਰ ਬਣਦਾ ਦੇਖਿਆ ਹੈ
ਕਈ ਗਰਜ਼ਾਂ ਦੀਆਂ ਗੰਢਾਂ ਕਈ ਲੁਕਵੇਂ ਜਿਹੇ ਹਉਮੈ ਦੇ ਟਾਂਕੇ

ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ
ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ

ਕਿ ਉਹ ਤਾਂ ਬੀਜ ਸੀ ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ ਦੇਖਿਆ ਹੈ
ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ
 ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦਾ ਦੇਖਿਆ ਹੈ
ਤੁਹਾਡੇ ਵਾਸਤੇ ਜੋ ਕੁਝ ਨਹੀਂ, ਦੀਵਾ ਨ ਜੁਗਨੂੰ, ਮੈਂ ਤਾਂ ਉਸ ਨੂੰ

ਉਦ੍ਹੀ ਨਿੱਕੀ ਜਿਹੀ ਦੁਨੀਆਂ 'ਚ ਸੂਰਜ ਵਾਂਗ ਜਗਦਾ ਦੇਖਿਆ ਹੈ

 ………………………………….........................- ਸੁਰਜੀਤ ਪਾਤਰ

Saturday, 10 August 2013

ਘੱਟ ਗਿਣਤੀ ਨਹੀਂ - ਸੁਰਜੀਤ ਪਾਤਰ

ਘੱਟ ਗਿਣਤੀ ਨਾਲ ਨਹੀਂ
ਮੈਂ ਦੁਨੀਆਂ ਦੀ
ਸਭ ਤੋਂ ਵਡੀ ਬਹੁ-ਗਿਣਤੀ ਨਾਲ
ਸੰਬੰਧ ਰਖਦਾ ਹਾਂ

ਬਹੁ-ਗਿਣਤੀ
ਜੋ ਉਦਾਸ ਹੈ
ਖ਼ਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨ੍ਹੇਰੇ ਵਿਚ ਹੈ
........................................................... - ਸੁਰਜੀਤ ਪਾਤਰ

Tuesday, 23 July 2013

ਮੇਰੀ ਜਾਤ - ਸੁਰਜੀਤ ਪਾਤਰ

ਕਦੀ ਮੈਂ ਰੇਤ ਵਾਂਗ
ਉਨ੍ਹਾਂ ਦੇ ਪੈਰਾਂ ਹੇਠ ਮਿੱਧਿਆ ਗਿਆ
ਕਦੀ ਉਹ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ
ਮੈਨੂੰ ਤਾਰਿਆਂ ਵਾਂਗ ਦੇਖਦੇ ਰਹੇ
ਇਸ ਲਈ ਮੈਂ ਆਪਣਾ ਸਹੀ ਨਾਮ
ਕਦੀ ਨਾ ਰੱਖ ਸਕਿਆ
ਤੇ ਆਪਣੀ ਜਾਤ ਦੱਸਣ ਲੱਗਿਆਂ
ਮੇਰੀ ਜ਼ਬਾਨ ਥਥਲਾ ਜਾਂਦੀ
..................................................... - ਸੁਰਜੀਤ ਪਾਤਰ

Sunday, 23 June 2013

ਮੇਰੀ ਕਵਿਤਾ - ਸੁਰਜੀਤ ਪਾਤਰ

ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ

ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ

ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ

ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ!
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗਤਾਂ ਨੂੰ ਦੱਸਦੇ ਨੇ

ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ
......................................................... - ਸੁਰਜੀਤ ਪਾਤਰ

Saturday, 8 June 2013

ਕੋਈ ਦਸਤਾਰ ਰਤ ਲਿਬੜੀ... - ਸੁਰਜੀਤ ਪਾਤਰ

ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਖ਼ਬਾਰ ਆਈ ਹੈ

ਘਰਾਂ ਦੀ ਅੱਗ ਸਿਆਣੀ ਏ ਤਦੇ ਤਾਂ ਇਸ ਦੀ ਲਪੇਟ ਅੰਦਰ
ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ

ਐ ਮੇਰੇ ਸ਼ਹਿਰ ਦੇ ਲੋਕੋ ਬਹੁਤ ਖੁਸ਼ ਹੈ ਤੁਹਾਡੇ ’ਤੇ
ਤੁਹਾਡੇ ਸ਼ਹਿਰ ਵੱਲ ਗਿਰਝਾਂ ਦੀ ਇਹ ਜੋ ਡਾਰ ਆਈ ਹੈ

ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ ਚਲੋ ਛਡੋ,
ਕਰੋ ਝੋਲੀ, ਭਰੋ ਅੰਗਿਆਰ ਲਉ ਕਿ ਬਹਾਰ ਆਈ ਹੈ

ਨਦੀ ਏਨੀ ਚੜ੍ਹੀ ਕਿ ਨੀਰ ਦਹਿਲੀਜ਼ਾਂ ’ਤੇ ਚੜ੍ਹ ਆਇਆ
ਬਦੀ ਏਨੀ ਵਧੀ ਕਿ ਆਪਣੇ ਵਿਚਕਾਰ ਆਈ ਹੈ

ਕੋਈ ਕੋਂਪਲ ਨਵੀਂ ਫੁੱਟੀ ਕਿ ਕੋਈ ਡਾਲ ਹੈ ਟੁੱਟੀ
ਕਿ ਆਈ ਜਾਨ ਵਿਚ ਮੁੱਠੀ, ਕਿਸੇ ਦੀ ਤਾਰ ਆਈ ਹੈ
.......................................................................... -  ਸੁਰਜੀਤ ਪਾਤਰ

Wednesday, 22 May 2013

ਜੇ ਆਈ ਪੱਤਝੜ…- ਸੁਰਜੀਤ ਪਾਤਰ

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣਾ
ਗੰਧਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਨਦਰ ‘ਚ ਹਰਦਮ
ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ

ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ ‘ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖ਼ੁਦ ‘ਚ ਪੂਰਾ ਯਕੀਨ ਰੱਖੀਂ।

ਲਿਬਾਸ ਮੰਗਾਂ ਨ ਓਟ ਮੰਗਾਂ
ਨ ਪਰਦਾਦਾਰੀ ਦਾ ਖੋਟ ਮੰਗਾਂ
ਬੱਸ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ

ਮਿਲਾਪ ਵਿਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ ‘ਚ ਕਹੇ ਕੋਈ
ਨ ਘੁਲੇ ਰਹਿਣ ਦਾ ਯਕੀਨ ਰੱਖੀਂ

ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਅਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ ‘ਚ ਮਿਰਗਜਲ ਹੈ
ਨ ਇਸ ‘ਚ ਦਿਲ ਦੀ ਤੂੰ ਮੀਨ ਰੱਖੀਂ

ਅਗਨ ‘ਚ ਬਲ਼ ਕੇ ਹਵਾ ‘ਚ ਰਲ਼ ਕੇ
ਨ ਆਉਣਾ ਦੇਖਣ ਅਸਾਂ ਨੇ ਭਲ਼ਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀਂ ਮਲੀਨ ਰੱਖੀਂ

ਹਨ੍ਹੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲ਼ਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿਚ ਕਦੀ ਨ ਰੱਖੀਂ

ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ

ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉੱਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ

ਬੁਰੇ ਦਿਨਾਂ ਤੋਂ ਡਰੀਂ ਨ ਪਾਤਰ
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ
ਨਜ਼ਰ ‘ਚ ਸੁਪਨੇ ਹਸੀਨ ਰੱਖੀਂ
............................................................... - ਸੁਰਜੀਤ ਪਾਤਰ

Thursday, 18 April 2013

ਕੀ ਹੈ ਤੇਰੇ ਸ਼ਹਿਰ ਵਿਚ - ਸੁਰਜੀਤ ਪਾਤਰ

ਕੀ ਹੈ ਤੇਰੇ ਸ਼ਹਿਰ ਵਿਚ ਮਸ਼ਹੂਰ ਹਾਂ
ਜੇ ਨਜ਼ਰ ਤੇਰੀ ‘ਚ ਨਾ-ਮਨਜ਼ੂਰ ਹਾਂ

ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ
ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ

ਢੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ
ਆਪਣੀ ਹਉਮੈ ਦਾ ਮੈਂ ਮਜ਼ਦੂਰ ਹਾਂ

ਦਰਦ ਨੇ ਮੈਨੂੰ ਕਿਹਾ : ਐ ਅੰਧਕਾਰ
ਮੈਂ ਤੇਰੇ ਸੀਨੇ ‘ਚ ਛੁਪਿਆ ਨੂਰ ਹਾਂ

ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ
ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ
...............................................................ਸੁਰਜੀਤ ਪਾਤਰ

Thursday, 28 March 2013

ਫਸਲਾਂ ਉਦਾਸ ਹੋਈਆਂ... - ਸੁਰਜੀਤ ਪਾਤਰ

ਫਸਲਾਂ ਉਦਾਸ ਹੋਈਆਂ,
ਬੂਟੇ ਉਦਾਸ ਹੋਏ
ਤਕ ਚਿਰ ਦੇ ਪਿਆਸਿਆਂ ਨੂੰ
ਪਾਣੀ ਬਹੁਤ ਹੀ ਰੋਏ

ਸੋਚਣ ਕਣਕ ਦੇ ਦਾਣੇ,
ਸੋਚਣ ਇਹ ਫਲ ਤੇ ਮੇਵੇ
ਇਹ ਕੌਣ ਹੈ ਜੁ ਸਾਨੂੰ
ਉਸ ਥਾਂ ਨਾ ਜਾਣ ਦੇਵੇ
ਮਾਵਾਂ ਦੇ ਲਾਲ ਜਿਸ ਥਾਂ
ਇਕ ਟੁਕ ਦੇ ਬਾਝ ਮੋਏ

ਹੋਠਾਂ ਤੇ ਪਿਆਲਿਆਂ ਵਿਚ
ਅਜ ਫਾਸਿਲਾ ਬੜਾ ਹੈ
ਸਾਜ਼ਾਂ ਸਾਜ਼ਿੰਦਿਆਂ ਵਿਚ
ਕੋਈ ਬੇਸੁਰਾ ਖੜਾ ਹੈ
ਚੁਕ ਬਾਜ਼ੀਆਂ ਖਿਡੌਣੇ
ਬਾਲਾਂ ਤੋਂ ਕਿਸ ਲਕੋਏ

ਆਵੋ ਕਿ ਨੀਰ ਮੇਰੇ
ਤਰਸਣ ਲਈ ਨਹੀਂ ਹਨ
ਬੰਦਿਓ ਇਹ ਮੇਰੀਆਂ ਛੱਲਾਂ
ਡੁੱਬਣ ਲਈ ਨਹੀਂ ਹਨ
ਥਲ ਵਿਚ ਵਸਣ ਦੀ ਖਾਤਿਰ
ਮੇਰੇ ਨੀਰ ਭਾਫ਼ ਹੋਏ

ਫਸਲਾਂ ਉਦਾਸ ਹੋਈਆਂ,
ਬੂਟੇ ਉਦਾਸ ਹੋਏ
ਤਕ ਚਿਰ ਦੇ ਪਿਆਸਿਆਂ ਨੂੰ
ਪਾਣੀ ਬਹੁਤ ਹੀ ਰੋਏ.....
................................................ - ਸੁਰਜੀਤ ਪਾਤਰ

Wednesday, 20 March 2013

ਭਾਰੇ ਭਾਰੇ ਬਸਤੇ - ਸੁਰਜੀਤ ਪਾਤਰ

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ?
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?
.............................................. - ਸੁਰਜੀਤ ਪਾਤਰ


Friday, 15 March 2013

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ - ਸੁਰਜੀਤ ਪਾਤਰ

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ
ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸਨ
ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ
ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ
ਮਸਲ ਕੇ ਇਨਸਾਨੀਅਤ ਇਨਸਾਨ ਕਿੱਥੇ ਜਾ ਰਿਹਾ ਸੀ
ਕਿਸ ਤਰ੍ਹਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ਼ ਰਹੇ ਸਨ
ਓਹੀ ਅੱਖਰ ਜਿਨ੍ਹਾਂ ਅੰਦਰ ਮੰਜ਼ਿਲਾਂ ਦਾ ਥਹੁ ਪਤਾ ਸੀ
ਅਗਨ ਜਦ ਉਠੀ ਮੇਰੇ ਤਨ ਮਨ ਤਾਂ ਮੈਂ ਵੀ ਦੌੜਿਆ
ਪਰ ਤੇਰਾ ਹੰਝੂ ਮੇਰੇ ਰਾਹਾਂ 'ਚ ਦਰਿਆ ਬਣ ਗਿਆ ਸੀ
ਸੁੱਕ ਗਿਆ ਹਰ ਬਿਰਖ ਉਸਨੂੰ ਤਰਸਦਾ ਜਿਹੜੀ ਘੜੀ
ਕੁਆਰੀਆਂ ਕਣੀਆਂ ਨੇ ਲੈਰੇ ਪੱਤਿਆਂ 'ਤੇ ਬਰਸਣਾ ਸੀ
ਮੁੜ ਤਾਂ ਆਈਆਂ ਮਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਉਨ੍ਹਾਂ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ
.............................................................................. - ਸੁਰਜੀਤ ਪਾਤਰ

Sunday, 24 February 2013

ਤੂੰ ਲਹਿਰ ਹੋ ਕੇ ਮਿਲ ਲੈ - ਸੁਰਜੀਤ ਪਾਤਰ

ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ
ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ

ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ
ਕਰ ਕੇ ਵੀ ਕਰ ਨ ਸਕਿਆ ਮੈਂ ਪਾਰ ਇਸ ਨਦੀ ਨੂੰ

ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ
ਮੈਂ ਪਹਿਲੀ ਵਾਰ ਮਿਲਦਾਂ ਹਰ ਵਾਰ ਇਸ ਨਦੀ ਨੂੰ

ਖੁਰਦੇ ਨੇ ਖ਼ੁਦ ਕਿਨਾਰੇ ਪਰ ਸੋਚਦੇ ਵਿਚਾਰੇ,
ਅਸੀਂ ਬੰਨ ਕੇ ਰੱਖਣਾ ਹੈ ਵਿਚਕਾਰ ਇਸ ਨਦੀ ਨੂੰ

ਇਹ ਪਰਬਤਾਂ ਦੀ ਜਾਈ ਕੀ ਜਾਣਦੀ ਏ ਚੋਟਾਂ,
ਐਵੇਂ ਨਾ ਚੁੱਕ ਕੇ ਪੱਥਰ ਤੂੰ ਮਾਰ ਇਸ ਨਦੀ ਨੂੰ

'ਵੁਹ ਦੇਸ਼ ਹੈ ਬੇਗਾਨਾ, ਉਸ ਮੇਂ ਕਭੀ ਨਾ ਜਾਨਾ'
ਸਮਝਾ ਰਹੀ ਹੈ ਹੱਦਾਂ ਸਰਕਾਰ ਇਸ ਨਦੀ ਨੂੰ

ਕਿਸੇ ਹੋਰ ਨਾਮ ਹੇਠਾਂ ਕਿਸੇ ਹੋਰ ਰੂਪ ਅੰਦਰ
ਪਹਿਲਾਂ ਵੀ ਹਾਂ ਮੈਂ ਮਿਲਿਆ ਇਕ ਵਾਰ ਇਸ ਨਦੀ ਨੂੰ
................................................................................ - ਸੁਰਜੀਤ ਪਾਤਰ

Friday, 8 February 2013

ਕਿਸ ਤਰ੍ਹਾਂ ਮੈਂ ਜੀਵਿਆ ਹਾਂ - ਸੁਰਜੀਤ ਪਾਤਰ

ਕਿਸ ਤਰ੍ਹਾਂ ਮੈਂ ਜੀਵਿਆ ਹਾਂ
ਕੀ ਰਿਹਾ ਮੈਂ ਸੋਚਦਾ
ਛੇਕ ਸੀਨੇ ਪੈ ਗਏ ਜੋ
ਹੋ ਗਿਆ ਮਨ ਛਾਨਣੀ

ਮੇਰੇ ਅੰਦਰ ਜੰਗ ਸੀ ਜੋ
ਉਹ ਹਟੀ ਹੀ ਨਾ ਕਦੇ
ਕਿੰਨੇ ਗੁਰ ਤੇ ਪੀਰ ਮੇਰੇ
ਕਰਨ ਆਏ ਸਾਲਿਸੀ

ਸਚ ਦੀ ਸੂਲੀ ਤੋਂ ਡਰਦਾ
ਵਕਤ ਸਿਰ ਮਰਦਾ ਨਾ ਜੋ
ਉਸ ਨੂੰ ਸੂਲਾਂ ਨਾਲ ਵਿੰਨ੍ਹ ਵਿੰਨ੍ਹ
ਮਾਰਦੀ ਹੈ ਜ਼ਿੰਦਗੀ

ਆਪਣਾ ਹੀ ਦਿਲ ਜਿਵੇਂ ਹੈ
ਵਿਸ਼ ਦਾ ਪਿਆਲਾ ਹੋ ਗਿਆ
ਕਿਸ ਤਰ੍ਹਾਂ ਦੀ ਮੌਤ ਹੈ
ਕੈਸੀ ਹੈ ਇਹ ਸੁਕਰਾਤਗੀ ?
.........................................................ਸੁਰਜੀਤ ਪਾਤਰ

Saturday, 26 January 2013

ਮੇਰੇ ਲਈ ਜੋ ਤੀਰ ਬਣੇ ਸੀ - ਸੁਰਜੀਤ ਪਾਤਰ

ਚੱਲ ਪਾਤਰ ਹੁਣ ਢੂੰਢਣ ਚੱਲੀਏ ਭੁੱਲੀਆ ਹੋਈਆ ਥਾਂਵਾਂ
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾ

ਗੱਡੀ ਚੜਣ ਦੀ ਕਾਹਲ ਬੜੀ ਸੀ ਤੇ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਚ ਛੱਡ ਆਏ ਹਾ ਜੁਗਾਂ ਜੁਗਾਂ ਦੀਆ ਥਾਵਾਂ

ਅੱਧੀ ਰਾਤ ਹੋਏਗੀ ਮੇਰੇ ਪਿੰਡ ਉੱਤੇ ਇਸ ਵੇਲੇ
ਜਾਗਦੀਆ ਹੋਵਣਗੀਆ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ

ਮਾਰੂਥਲ ’ਚੋਂ ਭੱਜ ਆਇਆ ਮੈ ਆਪਣੇ ਪੈਰ ਬਚਾ ਕੇ
ਪਰ ਓਥੇ ਰਹਿ ਗਈਆ ਜੋ ਸਨ ਮੇਰੀ ਖ਼ਾਤਰ ਰਾਹਵਾਂ

ਮੇਰੇ ਲਈ ਜੋ ਤੀਰ ਬਣੇ ਸੀ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾ ਨੂੰ ਆਪਣੀ ਆਖਾਂ ਕਿਉ ਮਿਰਜ਼ਾ ਸਦਵਾਵਾਂ

ਮੈ ਸਾਗਰ ਦੇ ਕੰਢੇ ਬੈਠਾ ਕੋਰੇ ਕਾਗਜ ਲੈ ਕੇ
ਓਧਰ ਮਾਰੂਥਲ ’ਚ ਮੈਨੂੰ ਟੋਲਦੀਆਂ  ਕਵਿਤਾਵਾਂ

ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸਦੇ ਅੱਗੇ
ਕਈ ਹਜ਼ਾਰ ਰੁਲਦੀਆ ਚਿੱਠੀਆ ’ਤੇ ਮੇਰਾ ਸਰਨਾਵਾਂ

ਖੰਭਾਂ ਵਰਗੀਆਂ ਚਿੱਠੀਆਂ ਉਹਨਾਂ ਵਾਂਗ ਭਟਕ ਕੇ ਮੋਈਆਂ
ਮਰ ਜਾਂਦੇ ਨੇ ਪੰਛੀ ਜਿਹੜੇ ਚੀਰਦੇ ਸਰਦ ਹਵਾਵਾਂ

ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਂਵਾਂ

ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ
ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁੱਕ ਗਈਆਂ ਰਾਹਵਾਂ

ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ
............................................................................ - ਸੁਰਜੀਤ ਪਾਤਰ


Tuesday, 22 January 2013

ਕਿਸੇ ਦਾ ਸੂਰਜ ਕਿਸੇ ਦਾ ਦੀਵਾ - ਸੁਰਜੀਤ ਪਾਤਰ

ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਸਾਡੀ ਅੱਖ ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ

ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਕਿਰਪਾਨ

ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨਾਵੇ ਵਿੱਚ ਸ਼ਮਸ਼ਾਨ

ਰਾਤ ਟਿਕੀ ਵਿੱਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ
ਦੋਹਾਂ ਉੱਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ

ਟਿੰਡਾਂ ਦੇ ਵਿੱਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ
ਟਿੰਡਾਂ ਵਿੱਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿੱਚ ਜਾਨ

ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ
ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ
 ..............................................................................ਸੁਰਜੀਤ ਪਾਤਰ

Friday, 11 January 2013

ਘਰਰ ਘਰਰ - ਸੁਰਜੀਤ ਪਾਤਰ

ਛਤਰੀ ਕੁ ਜਿੱਡਾ ਆਕਾਸ਼ ਹਾਂ ਗੂੰਜਦਾ ਹੋਇਆ
ਹਵਾ ਦੀ ਸਾਂ ਸਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ
ਅਜੀਬੋ ਗਰੀਬ ਦਰਖ਼ਤ ਹਾਂ
ਹਜ਼ਾਰਾਂ ਰੰਗ ਬਰੰਗੇ ਫ਼ਿਕਰਿਆਂ ਨਾਲ ਵਿੰਨ੍ਹਿਆਂ
ਨਿੱਕਾ ਜਿਹਾ ਭੀਸ਼ਮ ਪਿਤਾਮਾ ਹਾਂ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ?

ਮਹਾਤਮਾ ਬੁੱਧ ਤੇ ਗੁਰੂ ਗੋਬਿੰਦ ਸਿੰਘ
ਪਰਮੋ ਧਰਮ ਅਹਿੰਸਾ ਅਤੇ ਬੇਦਾਗ਼ ਲਿਸ਼ਕਦੀ ਸ਼ਮਸ਼ੀਰ ਦੀ
ਮੁਲਾਕਾਤ ਦੇ ਵੈਨਿਊ ਲਈ ਮੈਂ ਬਹੁਤ ਗ਼ਲਤ ਸ਼ਹਿਰ ਹਾਂ
ਮੇਰੇ ਲਈ ਤਾਂ ਬੀਵੀ ਦੀ ਗਲਵੱਕੜੀ ਵੀ ਕਟਹਿਰਾ ਹੈ
ਕਲਾਸ ਰੂਮ ਦਾ ਲੈਕਚਰ-ਸਟੈਂਡ ਵੀ
ਤੇ ਚੌਰਾਹੇ ਦੀ ਰੇਲਿੰਗ ਵੀ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ?

ਮੇਰੇ ‘ਚੋਂ ਨਹਿਰੂ ਵੀ ਬੋਲਦਾ ਹੈ, ਮਾਓ ਵੀ
ਕ੍ਰਿਸ਼ਨ ਵੀ ਬੋਲਦਾ ਹੈ ਕਾਮੂ ਵੀ
ਵਾਇਸ ਆਫ਼ ਅਮੈਰਿਕਾ ਵੀ, ਬੀ.ਬੀ.ਸੀ. ਵੀ
ਮੇਰੇ ‘ਚੋਂ ਬਹੁਤ ਕੁਝ ਬੋਲਦਾ ਹੈ
ਨਹੀਂ ਬੋਲਦਾ ਤਾਂ ਬੱਸ ਮੈਂ ਹੀ ਨਹੀਂ ਬੋਲਦਾ

ਮੈਂ 8 ਬੈਂਡ ਦਾ ਸ਼ਕਤੀਸ਼ਾਲੀ ਬੁੱਧੀਜੀਵੀ
ਮੇਰੀਆਂ ਨਾੜਾਂ ਦੀ ਘਰਰ ਘਰਰ ਸ਼ਾਇਦ ਮੇਰੀ ਹੈ
ਮੇਰੀਆਂ ਹੱਡੀਆਂ ਦਾ ਤਾਪ ਸੰਤਾਪ ਸ਼ਾਇਦ ਮੌਲਿਕ ਹੈ
ਮੇਰਾ ਇਤਿਹਾਸ ਵਰ੍ਹਿਆਂ ‘ਚ ਬਹੁਤ ਲੰਮਾ ਹੈ
ਕਾਰਜਾਂ ‘ਚ ਬਹੁਤ ਨਿੱਕਾ:

ਜਦੋਂ ਮਾਂ ਨੂੰ ਖ਼ੂਨ ਦੀ ਲੋੜ ਸੀ
ਮੈਂ ਕਿਤਾਬ ਬਣ ਗਿਆ
ਜਦੋਂ ਪਿਉ ਨੂੰ ਡੰਗੋਰੀ ਚਾਹੀਦੀ ਸੀ
ਮੈਂ ਬਿਜਲੀ ਦੀ ਲੀਕ ਵਾਂਗ ਲਿਸ਼ਕਿਆ ਤੇ ਬੋਲਿਆ:
ਕਪਲ ਵਸਤੂ ਦੇ ਸ਼ੁਧੋਧਨ ਦਾ ਧਿਆਨ ਧਰੋ
ਮਾਛੀਵਾੜੇ ਵੱਲ ਨਜ਼ਰ ਕਰੋ
ਗੀਤਾ ਪੜ੍ਹੀ ਹੈ ਤਾਂ ਵਿਚਾਰੋ ਵੀ :
ਕੁਰੂ ਕਰਮਾਣੀ ਸੰਗਮ ਤਿਕਤਵਾ…
ਇਹੋ ਜਿਹਾ ਬਹੁਤ ਕੁਝ ਜੋ ਮੇਰੀ ਵੀ ਸਮਝੋ ਬਾਹਰ ਸੀ

ਰਾਹ ਵਿਚ ਰੂਪੋਸ਼ ਯਾਰ ਮਿਲੇ
ਉਨ੍ਹਾਂ ਪੁੱਛਿਆ:
ਸਾਡੇ ਨਾਲ ਸਲੀਬ ਤੱਕ ਚੱਲੇਂਗਾ -
ਕਾਤਲਾਂ ਦੇ ਕਤਲ ਨੂੰ ਅਹਿੰਸਾ ਸਮਝੇਂਗਾ?
ਗੁਮਨਾਮ ਬਿਰਖ ਨਾਲ ਪੁੱਠਾ ਲਟਕ ਕੇ
ਮਸੀਹੀ ਅੰਦਾਜ਼ ਵਿਚ
ਸਰਕੜੇ ਨੂੰ ਭਾਸ਼ਨ ਦੇਵੇਂਗਾ?

ਉੱਤਰ ਵਜੋਂ ਮੇਰੇ ਅੰਦਰ
ਅਨੇਕਾਂ ਤਸਵੀਰਾਂ ਉਲਝ ਗਈਆਂ
ਮੈਂ ਕਈ ਫ਼ਲਸਫ਼ਿਆਂ ਦਾ ਕੋਲਾਜ ਜਿਹਾ ਬਣ ਗਿਆ
ਤੇ ਅਜਕਲ੍ਹ ਕਹਿੰਦਾ ਫਿਰਦਾ ਹਾਂ:
ਸਹੀ ਦੁਸ਼ਮਣ ਦੀ ਤਲਾਸ਼ ਕਰੋ
ਹਰੇਕ ਆਲਮਗੀਰ ਔਰੰਗਜ਼ੇਬ ਨਹੀਂ ਹੁੰਦਾ
ਜੰਗਲ ਸੁੱਕੇ ਰਹੇ ਨੇ
ਬੰਸਰੀ ‘ਤੇ ਮਲਹਾਰ ਵਜਾਓ
ਪ੍ਰੇਤ ਬੰਦੂਕਾਂ ਨਾਲ ਨਹੀਂ ਮਰਦੇ
ਮੇਰੀ ਹਰ ਕਵਿਤਾ ਪ੍ਰੇਤਾਂ ਨੂੰ ਮਾਰਨ ਦਾ ਮੰਤਰ ਹੈ
ਮਸਲਨ ਉਹ ਵੀ
ਜਿਸ ਵਿਚ ਮੁਹੱਬਤ ਆਖਦੀ ਹੈ:
ਮੈਂ ਘਟਨਾ-ਘਿਰੀ ਗੱਡੀ ਦਾ ਅਗਲਾ ਸਟੇਸ਼ਨ ਹਾਂ
ਮੈਂ ਰੇਗਿਸਤਾਨ ‘ਤੇ ਬਣਿਆ ਪੁਲ ਹਾਂ
ਮੈਂ ਮਰ ਚੁੱਕੇ ਬੱਚੇ ਦੀ ਤੋਤਲੀ ਤਲੀ ‘ਤੇ
ਲੰਮੀ ਉਮਰ ਦੀ ਰੇਖਾ ਹਾਂ
ਮੈਂ ਮੋਈ ਔਰਤ ਦੀ ਰਿਕਾਰਡ ਕੀਤੀ ਹੱਸਦੀ
ਆਵਾਜ਼ ਹਾਂ:
ਆਪਾਂ ਹੁਣ ਕੱਲ੍ਹ ਮਿਲਾਂਗੇ

..................................................................... - ਸੁਰਜੀਤ ਪਾਤਰ

Thursday, 10 January 2013

ਇਤਿਹਾਸ - ਸੁਰਜੀਤ ਪਾਤਰ

ਇਤਿਹਾਸ ਤਾਂ ਹਰ ਪੁਸ਼ਤ ਲਿਖੇਗੀ
ਵਾਰ ਵਾਰ ਪੇਸ਼ ਹੋਣਗੇ
ਮਰੇ ਹੋਏ
ਜਿਉਂਦਿਆਂ ਦੀ ਅਦਾਲਤ ਵਿਚ

ਵਾਰ ਵਾਰ ਉਠਾਏ ਜਾਣਗੇ ਕਬਰਾਂ 'ਚੋਂ ਪਿੰਜਰ
ਹਾਰ ਪਹਿਨਣ ਲਈ
ਕਦੀ ਫੁੱਲਾਂ ਦੇ
ਕਦੀ ਕੰਡਿਆਂ ਦੇ

ਸਮੇਂ ਦੀ ਕੋਈ ਅੰਤਿਮ ਅਦਾਲਤ ਨਹੀਂ
ਤੇ ਇਤਿਹਾਸ ਆਖਰੀ ਵਾਰ ਕਦੇ ਨਹੀਂ ਲਿਖਿਆ ਜਾਂਦਾ

........................................................................ - ਸੁਰਜੀਤ ਪਾਤਰ
 

Friday, 21 December 2012

ਉਮਰ ਦੇ ਸੁੰਨੇ ਹੋਣਗੇ ਰਸਤੇ - ਸੁਰਜੀਤ ਪਾਤਰ

ਉਮਰ ਦੇ ਸੁੰਨੇ ਹੋਣਗੇ ਰਸਤੇ
ਰਿਸ਼ਤਿਆਂ ਦਾ ਸਿਆਲ ਹੋਵੇਗਾ
ਕੋਈ ਕਵਿਤਾ ਦੀ ਸਤਰ ਹੋਵੇਗੀ
ਜੇ ਨ ਕੋਈ ਹੋਰ ਨਾਲ ਹੋਵੇਗਾ

ਉਮਰ ਦੀ ਰਾਤ ਅੱਧੀਓਂ ਬੀਤ ਗਈ
ਦਿਲ ਦਾ ਦਰਵਾਜ਼ਾ ਕਿਸ ਨੇ ਖੜਕਾਇਆ
ਕੌਣ ਹੋਣਾ ਹੈ ਯਾਰ ਇਸ ਵੇਲੇ
ਐਵੇਂ ਤੇਰਾ ਖ਼ਿਆਲ ਹੋਵੇਗਾ

ਖੌਫ ਦਿਲ ਵਿਚ ਹੈ ਛਾ ਰਿਹਾ ਏਦਾਂ
ਜਾਪਦਾ ਉਹ ਵੀ ਸ਼ਾਮ ਆਵੇਗੀ
ਜਦ ਅਸਾਂ ਮੁਨਕਰਾਂ ਦੀਆਂ ਤਲੀਆਂ
ਤੇ ਚਿਰਾਗਾਂ ਦਾ ਥਾਲ ਹੋਵੇਗਾ

ਜ਼ੱਰਾ ਜ਼ੱਰਾ ਜੋ ਆਤਮਾ ਤੇ ਕਿਰੇ
ਨਾਲ ਦੀ ਨਾਲ ਇਸ ਨੂੰ ਸਾਂਭੀ ਚਲ
ਵਰਨਾ ਮਿੱਟੀ ਅਤੁੱਲਵੀਂ ਹੇਠੋਂ
ਤੈਥੋਂ ਸਿਰ ਨਾ ਉਠਾਲ ਹੋਵੇਗਾ

ਸਭ ਦੀ ਹੀ ਛਾਂ ਹੈ ਆਪਣੇ ਜੋਗੀ
ਰੁੱਖ ਵੀ ਹੋਏ ਬੰਦਿਆਂ ਵਰਗੇ
ਕੀ ਪਤਾ ਸੀ ਕਿ ਲੰਮੇ ਸਾਇਆਂ ਦਾ
ਇਹ ਦੁਪਿਹਰਾਂ ਨੂੰ ਹਾਲ ਹੋਵੇਗਾ

ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ
ਮੈਨੂੰ ਹਰ ਪਲ ਇਹ ਯਾਦ ਰਹਿੰਦਾ ਹੈ
ਮੈਨੁੰ ਤੂੰ ਅਚਨਚੇਤ ਮਾਰੇਂਗਾ
ਐਵੇਂ ਤੇਰਾ ਖ਼ਿਆਲ ਹੋਵੇਗਾ

ਨਾ ਸਹੀ ਇਨਕਲਾਬ ਨਾ ਹੀ ਸਹੀ
ਸਭ ਗ਼ਮਾਂ ਦਾ ਇਲਾਜ ਨਾ ਹੀ ਸਹੀ
ਪਰ ਕੋਈ ਹਲ ਜਨਾਬ ਕੋਈ ਜਵਾਬ
ਕਿ ਸਦਾ ਹੀ ਸਵਾਲ ਹੋਵੇਗਾ

 .............................................. - ਸੁਰਜੀਤ ਪਾਤਰ

Sunday, 2 December 2012

ਹਨੇਰੀ - ਸੁਰਜੀਤ ਪਾਤਰ

ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਜੇ ਸਾਰੇ ਹੋਰ ਦੀਵੇ ਬੁਝ ਨ ਜਾਂਦੇ
ਤਾਂ ਦੀਵਾ ਦਿਲ ਦਾ ਇਉਂ ਜਗਣਾ ਨਹੀਂ ਸੀ

ਜੇ ਮੇਰੇ ਸਿਰ ‘ਤੇ ਇਉਂ ਸੂਰਜ ਨਾ ਤਪਦਾ
ਮੈਂ ਝੂਠੀ ਸ਼ਾਨ ਵਿਚ ਰਹਿੰਦਾ ਚਮਕਦਾ
ਕਿਸੇ ਚੋਟੀ ਤੇ ਠਹਿਰੀ ਬਰਫ ਹੁੰਦਾ
ਮੈਂ ਬਣ ਕੇ ਨੀਰ ਇਉਂ ਵਗਣਾ ਨਹੀਂ ਸੀ

ਹਵਾ ਮੇਰੇ ਮੁਖਾਲਿਫ ਜੇ ਨ ਵਗਦੀ
ਜੇ ਮੇਰੇ ਘਰ ਨੂੰ ਵੀ ਅਗਨੀ ਨ ਲਗਦੀ
ਕਿਹੀ ਫਿਤਰਤ ਤਮਾਸ਼ਾਈ ਹੈ ਜੱਗ ਦੀ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ

ਅਜਬ ਸੀਨੇ ‘ਚ ਅੱਜ ਵੀਰਾਨਗੀ ਹੈ
ਜੋ ਸੀਨੇ ਨਾਲ ਲੱਗੀ ਸਾਨਗੀ ਹੈ
ਜੇ ਇਸ ਦੇ ਦਿਲ ‘ਚ ਸੁੰਨਾਪਨ ਨ ਹੁੰਦਾ
ਤਾਂ ਇਸ ਤੋਂ ਮੇਰਾ ਸੁਰ ਲੱਗਣਾ ਨਹੀਂ ਸੀ

ਜੇ ਮੁੱਕਦੀ ਚਾਰ ਦਿਨ ਦੀ ਚਾਨਣੀ ਨਾ
ਕਲੇਜਾ ਇੰਜ ਹੁੰਦਾ ਛਾਨਣੀ ਨਾ
ਤਾਂ ਮੈਂਨੂੰ ਚਾਨਣਾ ਹੋਣਾ ਨਹੀਂ ਸੀ
ਕਦੇ ਸੱਚ ਦਾ ਪਤਾ ਲੱਗਣਾ ਨਹੀਂ ਸੀ

....................................................... - ਸੁਰਜੀਤ ਪਾਤਰ

Tuesday, 20 November 2012

ਉਜਲੇ ਸ਼ੀਸ਼ੇ ਸਨਮੁਖ........ਸੁਰਜੀਤ ਪਾਤਰ


ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ

ਚੰਨ ਏਕਮ ਦਾ , ਫੁੱਲ ਗੁਲਾਬ ਦਾ , ਸਾਜ਼ ਦੇ ਕੰਬਦੇ ਤਾਰ
ਕਿੰਨੇ ਖ਼ੰਜਰ ਅੱਖਾਂ ਸਾਂਹਵੇਂ ਲਿਸ਼ਕਣ ਵਾਰੋ ਵਾਰ

ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ

ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ
ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ

ਪੱਥਰ ਹੇਠਾਂ ਅੰਕੁਰ ਤੜਪੇ , ਹਰ ਅੰਕੁਰ ਵਿਚ ਫੁੱਲ
ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ

ਮਿੱਟੀ ਉੱਤੇ , ਫੁੱਲ ਦੇ ਉੱਤੇ , ਤੇ ਸ਼ਾਇਰ ਦੇ ਦਿਲ ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ

ਚੜ੍ਹਦਾ ਚੰਦ , ਸਮੁੰਦਰ , ਵਜਦਾ ਸਾਜ਼ ਤੇ ਤੇਰੀ ਯਾਦ
ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ

ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀਂ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ
............................................................................ਸੁਰਜੀਤ ਪਾਤਰ