Popular posts on all time redership basis

Tuesday, 10 September 2013

ਚਲੋ ਪਰਤ ਚਲੀਏਂ - ਗੁਰਬੀਰ ਕੌਰ

ਅਸੀਂ ਪਗਡੰਡੀਆਂ 'ਤੇ ਤੁਰਨਾ ਭੁੱਲ ਗਏ ਹਾਂ
ਅਸੀਂ ਬਸ ਸੜਕੋੰ-ਸੜਕੀੰ
ਲੋਹੇ ਦੇ ਘੋੜਿਆਂ 'ਤੇ ਅਸਵਾਰ
ਅੰਨੀ ਦੌੜ 'ਚ
ਬੇਲਗਾਮ ਦੌੜਦੇ ਜਾ ਰਹੇ ਹਾਂ

ਅਸੀਂ ਜੰਗਲੀ ਹਾਸੇ ਹੱਸਣੇ ਭੁਲ ਗਏ ਹਾਂ
ਐਟੀਕੇਟਸ ਤੋਂ ਕਿਸ਼ਤਾਂ 'ਤੇ
ਅਸੀਂ ਗੂੰਗਾ ਹਾਸਾ ਲੈ ਹੱਸਦੇ ਹਾਂ
ਤੇ ਟਿਸ਼ੂ ਪੇਪਰ ਨਾਲ ਪੂੰਜਕੇ
ਰੇਸਤਰਾਂ ਦੇ ਮੇਜ 'ਤੇ
ਛੱਡ ਆਉਂਦੇ ਹਾਂ

ਅਸੀਂ ਮਕਾਨਾਂ ਨੂੰ ਘਰ ਬਣਾਉਣਾ ਭੁੱਲ ਗਏ ਹਾਂ
ਮਕਾਨਾ ਦੀ ਡੇਕੋਰੇਸ਼ਨ ਦੇ ਨਾਲ ਨਾਲ
ਰਿਸ਼ਤੇ ਵੀ ਡੇਕੋਰੇਟਿਡ ਪੀਸ ਨੇ ਸਾਡੇ ਲਈ
ਉਂਝ ਅਸੀਂ ਖੂਬ ਦਾਨ ਪੁੰਨ ਕਰਦੇ ਹਾਂ
ਸਾਡੇ ਧਰਮ ਕਰਮ ਦੇ ਭਾਸ਼ਣ
ਅਖਬਾਰਾਂ ਦੀ ਸਜਾਵਟ ਹਨ
ਪਰ ਘਰ ਦੇ 'ਓਲਡ ਪੀਸ'
ਅਸੀਂ ਬਿਰਧ ਆਸ਼੍ਰਮ ਨੂੰ ਦੇ ਆਉਂਦੇ ਹਾਂ

ਅਸੀਂ ਸ਼ੀਸ਼ੇ ਅੱਗੇ ਖਲੋ
ਆਪਣੀ ਸ਼ਨਾਖਤ ਨਹੀਂ ਕਰ ਸਕਦੇ
ਉਂਝ ਅਸੀਂ ਸਾਰੇ ਵੇੱਲ ਏਜੁਕੇਟੱਡ ਹਾਂ

ਅਸੀਂ ਭੁੱਲ ਗਏ ਹਾਂ
ਕਿੰਨਾ ਕੁਝ
ਸਭ ਕੁਝ ਭੁੱਲ ਜਾਣ ਤੋਂ ਪਹਿਲਾ
ਚਲੋ ਅਸੀਂ ਪਰਤ ਚਲੀਏਂ
ਪਗਡੰਡੀਓਂ ਪਗਡੰਡੀ
ਮੋਹ ਦੇ ਜੰਗਲ ਨੂੰ
ਤੇ ਜ਼ਿੰਦਗੀ ਦੇ ਚੁੱਪ ਹੋ ਜਾਣ ਤੋਂ ਪਹਿਲਾਂ
ਜ਼ਰਾ ਖੁੱਲ ਕੇ ਹੱਸ ਲਈਏਂ
.........................................ਗੁਰਬੀਰ ਕੌਰ

No comments:

Post a Comment