Popular posts on all time redership basis

Tuesday, 11 October 2011

ਖਤਾਂ ਦੀ ਉਡੀਕ - ਸੁਰਜੀਤ ਪਾਤਰ

ਇਸ ਨਗਰੀ ਤੇਰਾ ਜੀ ਨਹੀਂ ਲੱਗਦਾ
ਇਕ ਚੜ੍ਹਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ
ਸਿਖ਼ਰ ਦੁਪਹਿਰੇ ਰਹਿੰਦੀ ਹੈ

ਇਕ ਖਤ ਆਵੇ ਧੁੱਪ ਦਾ ਲਿਖਿਆ
ਮਹਿੰਦੀ ਰੰਗੇ ਪੰਨੇ ਤੇ
ਤੇਰੇ ਵਿਹੜੇ ਬੂਟਾ ਬਣ ਕੇ
ਉੱਗ ਆਵਾਂ ਜੇ ਮੰਨੇ ਤੇ


ਇਕ ਖ਼ਤ ਆਵੇ ਮਾਂ ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ

ਇਕ ਖ਼ਤ ਆਵੇ,ਜਿਸ ਵਿਚ ਹੋਵੇ
ਤੇਰਾ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ
ਤੇਰੇ ਮਹਾਂ ਵਿਕਾਸ ਦਾ ਬੋਲ

ਇਹ ਖ਼ਤ ਆਵਣਗੇ ਤਾਂ ਆਖਰ
ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖ਼ਤ ਨੇ ਐਪਰ
ਹੋਰ ਕਿਸੇ ਘਰ ਜਾਵਣਗੇ

ਪਰ ਤੂੰ ਆਸ ਨਾ ਛੱਡੀਂ ਆਖਰ
ਤੈਨੂੰ ਵੀ ਖ਼ਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖਰ
ਲਿਖ ਲਿਖ ਚਿਠੀਆਂ ਪਾਵੇਗਾ

ਖ਼ਤ ਆਵੇਗਾ ਰਾਤ ਬਰਾਤੇ
ਖ਼ਤ ਆਵੇਗਾ ਅੰਮੀਂ ਦਾ
ਪੁੱਤਰਾ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋ ਜੰਮੀਂ ਦਾ
ਖੜਾ ਖੜੋਤਾ ਹਾਲ ਤਾਂ ਪੁੱਛ ਜਾ
ਬੁੱਢੀ ਜਾਨ ਨਿਕੰਮੀਂ ਦਾ
ਉਮਰਾਂ ਵਾਗੂੰ ਅੰਤ ਨੀ ਹੁੰਦਾ
ਕਿਤੇ ਉਦਾਸੀ ਲੰਮੀਂ ਦਾ

ਖ਼ਤ ਆਵੇਗਾ ਬਹੁਤ ਕੁਵੇਲੇ
ਧਰਤੀਉ ਲੰਮੀ ਛਾਂ ਦਾ ਖਤ
ਚੁੱਪ ਦੇ ਸਫਿਆਂ ਉੱਤੇ ਲਿਖਿਆ
ਉਜੜੀ ਸੁੰਨ ਸਰਾਂ ਦਾ ਖਤ
ਇਕ ਬੇਨਕਸ਼ ਖਿਲਾਅ ਦਾ ਲਿਖਿਆ
ਤੇਰੇ ਅਸਲੀ ਨਾਂ ਦਾ ਖ਼ਤ
ਲੋਕ ਕਹਿਣਗੇ ਕਬਰ ਦਾ ਖ਼ਤ ਹੈ
ਤੂੰ ਆਖੇਗਾ ਮਾਂ ਦਾ ਖ਼ਤ

ਖਤ ਖੁੱਲੇਗਾ ਖਤ ਦੇ ਵਿੱਚੋਂ
ਹੱਥ ਉੱਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ
ਬੇਕਿਰਕਾ ਬੇਰਾਮ ਜਿਹਾ
ਤੇਰੇ ਅੰਦਰੋਂ ਚੀਖ ਉਠੇਗੀ
ਮਚ ਜਾਊ ਕੁਹਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉੱਡ ਉੱਡ
ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉੱਠਿਆ
ਉੱਠੂ ਦਰਦ ਬੇਨਾਮ ਜਿਹਾ
ਪਰ ਫਿਰ ਤੇਰੀ ਤੱਪਦੀ ਰੂਹ ਨੂੰ
ਆ ਜਾਊ ਆਰਾਮ ਜਿਹਾ

ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੈ
ਨਾ ਕੋਈ ਫੇਰ ਉਡੀਕ ਖਤਾਂ ਦੀ
ਨਾ ਕੋਈ ਤੂੰ ਨਾ ਤੇਰਾ ਹੈ

ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ

......................... - ਸੁਰਜੀਤ ਪਾਤਰ

No comments:

Post a Comment