Popular posts on all time redership basis

Monday, 10 October 2011

ਜੀਵਨ - ਬਾਵਾ ਬਲਵੰਤ

ਜੀਵਨ ਹੈ ਰੋਣਾ ਤੇ ਹੱਸਣਾ
ਮਾਰ ਪਲਾਕੀ ਕਾਲ ਤੇ ਚੜ੍ਹਨਾ
ਡਿਗਣਾ ਫੇਰ ਉਸੇ ਵੱਲ ਨੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਅੰਧਕਾਰ-ਖਿੰਘਰਾਂ ਸੰਗ ਖਹਿਣਾ
ਦੁਖ-ਸੁਖ ਦੇ ਨਰਕਾਂ ਵਿਚ ਪੈਣਾ
ਦਿਲ-ਸਾਗਰ ’ਚੋਂ ਉਠਦੇ ਰਹਿਣਾ
ਲੁੱਛ-ਲੁੱਛ ਨੈਣ ਗਗਨ ’ਚੋਂ ਵਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਕਦੇ ਕਿਸੇ ਨੂੰ ਦਿਲ ਦੇ ਬਹਿਣਾ
ਅੱਜ-ਕੱਲ੍ਹ ਦੇ ਕੋਲੂ ਵਿਚ ਪੈਣਾ
ਵਿਸਮਾਦੀ ਮੌਜਾਂ ਵਿਚ ਵਹਿਣਾ
ਜਿਗਰ ਦੇ ਛਾਲੇ ਅਰਸ਼ ਨੂੰ ਦੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਕੁਦਰਤ ਨਾਲ ਬਖੇੜੇ ਕਰਨਾ
ਫੇਰ ਜੋ ਆਏ ਸਿਰ ਤੇ ਜਰਨਾ
ਜੀਵਨ ਹੈ ਜਿੱਤਣਾ ਤੇ ਹਰਨਾ
ਪਲ ਵਿਚ ਜੀਣਾ ਪਲ ਵਿਚ ਮਰਨਾ
ਕਰ ਕਰ ਉਂਗਲਾਂ ਕਹੇ ਲੁਕਾਈ :
‘ਔਹ ਜਾਂਦਾ ਹੈ ਨਵਾਂ ਸ਼ੁਦਾਈ ’
ਸੌ-ਰੰਗੀ ਮਸਤੀ ਵਿਚ ਰਹਿਣਾ
ਹੋਣੀ ਨਾਲ ਵੀ ਤੋੜੇ ਕੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

................................................. - ਬਾਵਾ ਬਲਵੰਤ

No comments:

Post a Comment