Popular posts on all time redership basis

Showing posts with label Bawa Balwant. Show all posts
Showing posts with label Bawa Balwant. Show all posts

Saturday, 26 May 2012

ਬੱਦਲ - ਬਾਵਾ ਬਲਵੰਤ

ਬੱਦਲ, ਹੌਲੀ ਹੌਲੀ ਚੱਲ
ਖੇਤ ਖੜੇ ਨੇ ਕਦ ਤੋਂ ਮੇਰੇ
ਰਸਤਾ ਤੇਰਾ ਮੱਲ -
ਬੱਦਲ, ਹੌਲੀ ਹੌਲੀ ਚੱਲ
ਇਕ ਵਾਰੀ ਤਾਂ ਪਿਆਸ ਬੁਝਾ ਦੇ,
ਮੌਲਣ ਸਭ ਕੁਮਲਾਏ ਬੂਟੇ
ਜੋ ਚੁੱਕੀ ਮੂੰਹ ਦੇਖ ਰਹੇ ਨੇ,
ਉਮਰ ਤੋਂ ਤੇਰੇ ਵੱਲ -
ਬੱਦਲ, ਹੌਲੀ ਹੌਲੀ ਚੱਲ.

ਇਕ ਪਲ ਦਾ ਕੀ ਆਉਣਾ ਜਾਣਾ,
ਜਲ ਥਲ ਕਰ ਜਾ ਖ਼ੁਸ਼ਕ ਜ਼ਮਾਨਾ,
ਯੁਗਾਂ ਯੁਗਾਂ ਤੋਂ ਕਹਿਣੀ ਚਾਹਵਾਂ
ਸੁਣ ਜਾ ਮੇਰੀ ਗੱਲ -
ਬੱਦਲ, ਹੌਲੀ ਹੌਲੀ ਚੱਲ

......................................- ਬਾਵਾ ਬਲਵੰਤ

Tuesday, 28 February 2012

ਗ਼ਜ਼ਲ - ਬਾਵਾ ਬਲਵੰਤ

ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ
ਜ਼ਿੰਦਗੀ ਨੂੰ ਮਾਨਣਾ ਔਗੁਣ ਨਹੀਂ.
ਕਿਉਂ ਖ਼ਿਆਲਾਂ ਦੇ ਲਈ ਹਨ ਬੇੜੀਆਂ
ਜੇ ਹਵਾ ਨੂੰ, ਵਕਤ ਨੂੰ, ਬੰਧਨ ਨਹੀਂ?
ਇਕ ਜ਼ਖਮ, ਕੋਈ ਉਮੰਗ, ਕਿ ਢੂੰਡ-ਭਾਲ,
ਤੜਪ ਤੋਂ ਬਿਨ ਮੌਤ ਹੈ, ਜੀਵਨ ਨਹੀਂ.
ਰੋਜ਼ ਲੰਘਦਾ ਹਾਂ ਗਲੀ ਤੇਰੀ ’ਚੋਂ ਮੈਂ
ਚਾਹੇ ਕਿਸਮਤ ਵਿਚ ਤੇਰਾ ਦਰਸ਼ਨ ਨਹੀਂ.
ਫੇਰ ਵੀ ਕੁਝ ਮੇਰੀ ਲਗਦੀ ਹੈਂ ਜ਼ਰੂਰ
ਜ਼ਿੰਦਗੀ ਦੀ ਚਾਹੇ ਤੂੰ ਸਾਥਣ ਨਹੀਂ.
ਕਿਸ ਤਰ੍ਹਾਂ ਪੂਰਨ ਹੁਨਰ ਦਰਸ਼ਨ ਦਏ
ਜ਼ਿੰਦਗਾਨੀ ਉਸ ਦੇ ਜੇ ਅਰਪਣ ਨਹੀਂ.
ਭਾਰ ਮਾਨਵਤਾ ਦਾ, ਜਗ-ਦੁਖ ਹਰਨ ਦਾ
ਜੇ ਨਹੀਂ ਉਹ ਸਿਰ ਨਹੀਂ, ਗਰਦਨ ਨਹੀਂ.

....................................................- ਬਾਵਾ ਬਲਵੰਤ

Sunday, 19 February 2012

ਤੇਰਾ ਇਕ ਦਿਲ ਹੈ ਜਾਂ ਦੋ ? - ਬਾਵਾ ਬਲਵੰਤ

ਤੇਰਾ ਇਕ ਦਿਲ ਹੈ ਜਾਂ ਦੋ ?
ਆਪੇ ਕਹੇਂ, "ਮੈਂ ਤੇਰੀ ਤੇਰੀ"
ਆਪੇ ਕਹੇਂ, "ਨਾ ਛੋਹ" -
ਤੇਰਾ ਇਕ ਦਿਲ ਹੈ ਜਾਂ ਦੋ ?

ਰੋਵਾਂ ਜਦ ਆਖੇਂ, "ਹੱਸ ਛੇਤੀ"
ਹੱਸਾਂ ਆਖੇਂ "ਰੋ" -
ਤੇਰਾ ਇਕ ਦਿਲ ਹੈ ਜਾਂ ਦੋ ?

ਕਰਾਂ ਮੈਂ ਜਦੋਂ ਉਜਾਲਾ,
ਆਖੇਂ, "ਬਾਲ ਨਾ ਦੀਵੇ"
ਰਹਾਂ ਜੋ ਬੈਠ ਹਨੇਰੇ ਅੰਦਰ
ਆਖੇਂ "ਕਰ ਲੈ ਲੋ" -
ਤੇਰਾ ਇਕ ਦਿਲ ਹੈ ਜਾਂ ਦੋ ?

ਤੁਰਦਾ ਰਹਾਂ ਤਾਂ ਦਏਂ ਆਵਾਜ਼ਾਂ,
"ਮੰਜ਼ਿਲ ਦੂਰੋ ਦੂਰ"
ਜੇ ਮੈਂ ਅੜ ਬੈਠਾਂ ਤਾਂ ਆਖੇਂ,
"ਹੁਣ ਹੇ ਇਕੋ ਕੋਹ" -
ਤੇਰਾ ਇਕ ਦਿਲ ਹੈ ਜਾਂ ਦੋ ?

...............................................- ਬਾਵਾ ਬਲਵੰਤ

Wednesday, 26 October 2011

ਕਿਨਾਰੇ-ਕਿਨਾਰੇ - ਬਾਵਾ ਬਲਵੰਤ

ਕਦੋਂ ਤਕ ਤੁਰੋਗੇ ਕਿਨਾਰੇ-ਕਿਨਾਰੇ ?
ਨ ਸਮਝੋਗੇ ਲਹਿਰਾਂ ਦੇ ਕਦ ਤਕ ਇਸ਼ਾਰੇ
ਇਹ ਕੰਡਾ ਉਮੰਗਾਂ ’ਚ ਚੁੱਭਦਾ ਰਹੇਗਾ
ਕਦੋਂ ਤਕ ਖਿੜਨਗੇ ਫੁੱਲ ਸਾਰੇ ਦੇ ਸਾਰੇ
ਤੜਪਦੀ ਏ ਹਰ ਭਾਵਨਾ ਦੀ ਸੁਗੰਧੀ
ਕਿ ਕੋਈ ਹਵਾ ਚਾਰੇ ਪਾਸੇ ਖਿਲਾਰੇ
ਚਿਰਾਂ ਤੋਂ ਨੇ ਕਲੀਆਂ ਦੇ ਪੈਰਾਂ ’ਚ ਛਾਲੇ
ਕਲਾ-ਕਾਰ ਹੱਥਾਂ ਨੂੰ ਖੇੜਾ ਪੁਕਾਰੇ
ਹਨੇਰੇ ’ਚ ਬਾਗ਼ ਦੀ ਸੈਰ ਜਾਈਏ
ਲੁਟਾਵਣਗੇ ਚਮਕਾਂ ਨਿਸ਼ਾ ਦੇ ਫਵਾਰੇ
ਰਹੀ ਰੋਕ ਫੁੱਲਣ ਫਲਣ ਤੇ ਉਸੇ ਦੇ
ਕਿ ਜਿਸ ਦੇ ਹੁਨਰ ਨੇ ਜ਼ਮਾਨੇ ਉਸਾਰੇ
ਲਤਾ ਹੀ ਨਹੀਂ, ਸਭ ਜ਼ਮੀਨਾਂ ਤੇ ਤਾਰੇ
ਇਹ ਜੀਵਤ ਨੇ ਇਕ ਦੂਸਰੇ ਦੇ ਸਹਾਰੇ
ਦੁਮੇਲ ’ਚ ਪਰ ਘਸਰਦੇ ਨੇ ਕਲਮ ਦੇ
ਉਡਾਰੀ ਜੇ ਮਾਰੇ ਤਾਂ ਕਿਸ ਥਾਂ ਤੇ ਮਾਰੇ - ਬਾਵਾ ਬਲਵੰਤ

Monday, 10 October 2011

ਜੀਵਨ - ਬਾਵਾ ਬਲਵੰਤ

ਜੀਵਨ ਹੈ ਰੋਣਾ ਤੇ ਹੱਸਣਾ
ਮਾਰ ਪਲਾਕੀ ਕਾਲ ਤੇ ਚੜ੍ਹਨਾ
ਡਿਗਣਾ ਫੇਰ ਉਸੇ ਵੱਲ ਨੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਅੰਧਕਾਰ-ਖਿੰਘਰਾਂ ਸੰਗ ਖਹਿਣਾ
ਦੁਖ-ਸੁਖ ਦੇ ਨਰਕਾਂ ਵਿਚ ਪੈਣਾ
ਦਿਲ-ਸਾਗਰ ’ਚੋਂ ਉਠਦੇ ਰਹਿਣਾ
ਲੁੱਛ-ਲੁੱਛ ਨੈਣ ਗਗਨ ’ਚੋਂ ਵਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਕਦੇ ਕਿਸੇ ਨੂੰ ਦਿਲ ਦੇ ਬਹਿਣਾ
ਅੱਜ-ਕੱਲ੍ਹ ਦੇ ਕੋਲੂ ਵਿਚ ਪੈਣਾ
ਵਿਸਮਾਦੀ ਮੌਜਾਂ ਵਿਚ ਵਹਿਣਾ
ਜਿਗਰ ਦੇ ਛਾਲੇ ਅਰਸ਼ ਨੂੰ ਦੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਕੁਦਰਤ ਨਾਲ ਬਖੇੜੇ ਕਰਨਾ
ਫੇਰ ਜੋ ਆਏ ਸਿਰ ਤੇ ਜਰਨਾ
ਜੀਵਨ ਹੈ ਜਿੱਤਣਾ ਤੇ ਹਰਨਾ
ਪਲ ਵਿਚ ਜੀਣਾ ਪਲ ਵਿਚ ਮਰਨਾ
ਕਰ ਕਰ ਉਂਗਲਾਂ ਕਹੇ ਲੁਕਾਈ :
‘ਔਹ ਜਾਂਦਾ ਹੈ ਨਵਾਂ ਸ਼ੁਦਾਈ ’
ਸੌ-ਰੰਗੀ ਮਸਤੀ ਵਿਚ ਰਹਿਣਾ
ਹੋਣੀ ਨਾਲ ਵੀ ਤੋੜੇ ਕੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

................................................. - ਬਾਵਾ ਬਲਵੰਤ