Popular posts on all time redership basis

Showing posts with label Harbhjan Singh. Show all posts
Showing posts with label Harbhjan Singh. Show all posts

Sunday, 25 August 2013

ਬਦੀਆਂ ਬਦਨਾਮੀਆ ਥਾਣੀ - ਹਰਿਭਜਨ ਸਿੰਘ (Harbhjan Singh Dr.)

ਮਿੱਤਰਾਂ ਤੀਕਣ ਕਿਵੇਂ ਪੁਚਾਈਏ
ਕਿੱਸਾ ਦਿਲ ਦਿਲਗੀਰਾਂ ਦਾ
ਲਖ ਬਦੀਆਂ ਬਦਨਾਮੀਆਂ ਥਾਣੀਂ
ਲੰਘਦਾ ਰਾਹ ਫ਼ਕੀਰਾਂ ਦਾ

ਦਰਵੇਸ਼ਾਂ ਦੀ ਜੂਨ ਹੰਡਾਈ
ਦਰ ਦਰ ਵੰਡਣ ਖੈਰ ਗਏ
ਦਰਦ ਦੀ ਚੁਟਕੀ ਦੇਣੀ ਭੁਲ ਗਏ
ਫਲ ਪਾਇਆ ਤਕਸੀਰਾਂ ਦਾ

ਕੰਧਾਂ ਛਾਵੇਂ ਘੂਕ ਪਏ ਸਨ
ਅਚਨ ਅਚਾਨਕ ਕੂਕ ਪਏ
ਕਿਉਂ ਲੰਘਿਆ ਮੈਂ ਏਸ ਗਲੀ ’ਚੋਂ
ਪਹਿਨ ਕੇ ਚੋਲਾ ਲੀਰਾਂ ਦਾ

ਸੁਖਸਾਂਦੀ ਸਾਂ ਸ਼ੌਕ ਸ਼ੌਕ ਵਿਚ
ਰੋਗ ਕੁਲਿਹਣੇ ਲਾ ਬੈਠੇ
ਕਿਉਂ ਵੰਡਿਆ ਮੈਂ ਮੱਥਿਓਂ ਕਢ ਕੇ
ਇਹ ਚੁੱਟਕਾ ਅਕਸੀਰਾਂ ਦਾ

ਖੁਲ੍ਹੀ ਹਵਾ ਵਿਚ ਅਸਾਂ ਉਡਾਏ
ਪਿੰਜਰੇ ਪਿੰਜਰੇ ਜਾ ਬੈਠੇ
ਦੋਸ਼ ਉਨ੍ਹਾਂ ਤਦਬੀਰਾਂ ਦਾ ਸੀ
ਯਾ ਇਨ੍ਹਾਂ ਤਕਦੀਰਾਂ ਦਾ

ਇਸ ਬਗਲੀ ਵਿਚ ਉਹਨਾਂ ਖਤਰ
ਅਜੇ ਵੀ ਜਗਮਗ ਦੀਵੇ ਨੇ
ਸਾਨੂੰ ਜਿਨ੍ਹਾਂ ਬੁਝਾਉਣ ਲਈ ਸੀ
ਲਾਇਆ ਜ਼ੋਰ ਅਖ਼ੀਰਾਂ ਦਾ
...................................................... - ਹਰਿਭਜਨ ਸਿੰਘ

Monday, 19 August 2013

ਮਿੱਟੀ ਕਹੇ ਘੁਮਾਰ ਨੂੰ - ਹਰਿਭਜਨ ਸਿੰਘ

ਮਿੱਟੀ ਕਹੇ ਘੁਮਾਰ ਨੂੰ
ਮੈਨੂੰ ਘੜਾ ਬਣਾ
ਪਾਣੀ ਗੋਦ ਖਿਡਾਉਣ ਲਈ
ਮੇਰੇ ਮਨ ਵਿਚ ਚਾਅ

ਮਿੱਟੀ ਕਹੇ ਘੁਮਾਰ ਨੂੰ
ਆਟੇ ਵਾਂਗੂ ਗੁੰਨ੍ਹ
ਕਿਸੇ ਜੋਗੜੀ ਹੋ ਸਕਾਂ
ਭਾਵੇਂ ਆਵੇ ਭੁੰਨ

ਮਿੱਟੀ ਆਖੇ ਬੱਦਲਾ
ਵਾਛੜ ਮੀਂਹ ਵਰ੍ਹਾ
ਮੇਰੇ ਮਨ ਚੋਂ ਫੁਟ ਪਉ
ਬਣ ਕੇ ਹਰਿਆ ਘਾਹ

ਚੀਰ ਕੇ ਮੈਨੂੰ ਲੰਘ ਜਾ
ਤੂੰ ਅਥਰਾ ਦਰਿਆ
ਸੱਲ ਵਡੇਰੇ ਮੈਂ ਜਰਾਂ
ਤੂੰ ਨਿਕੜੀ ਪਿਆਸ ਬੁਝਾ

ਮਿੱਟੀ ਕਹੇ ਕੁਹਾੜੀਏ
ਡੂੰਘੇ ਟੱਕ ਨਾ ਪਾ
ਅੰਦਰ ਸੁਤੇ ਦੋ ਜਣੇ
ਸੁਪਨੇ ਸੇਜ ਵਿਛਾ

ਮਿੱਟੀ ਆਖੇ ਮਿੱਟੀਏ
ਆ ਮੇਰੇ ਤਕ ਆ
ਮੈਂ ਪਿੰਜਰ ਬਣ ਜਾਂਹਗੀ
ਤੂੰ ਬਣ ਜਾਵੀਂ ਸਾਹ
....................................... - ਹਰਿਭਜਨ ਸਿੰਘ

Sunday, 7 July 2013

ਧਰਤੀ ਦੇ ਹੇਠਾਂ - ਹਰਿਭਜਨ ਸਿੰਘ (Harbhajan Singh)

ਧਰਤੀ ਦੇ ਹੇਠਾਂ
ਧੌਲ ਹੈ ਧਰਮ ਹੈ
ਇਕ ਮੇਰੀ ਧੀ ਹੈ

ਧਰਤੀ ਤਾਂ ਬੋਝ ਹੈ
ਦੁਖ ਹੈ ਕੋਝ ਹੈ
ਸਹਿੰਦੀ ਹੈ ਧੀ
ਪਰ ਕਹਿੰਦੀ ਨਾ ਸੀ ਹੈ

ਧੌਲ ਵੀ ਥਕਿਆ
ਥਕ ਕੇ ਬਹਿ ਗਿਆ
ਧਰਮ ਵੀ ਹਾਰਿਆ
ਪੰਖ ਲਾ ਉਡਰਿਆ
ਧੀਆਂ ਨੂੰ ਥੱਕਣ ਦੀ
ਪੰਖ ਲਾ ਉੱਡਣ ਦੀ
ਜਾਚ ਹੀ ਨਹੀਂ ਹੈ

ਚਤਰਮੁਖ ਬ੍ਰਹਮਾ ਨੇ
ਦੁਖ ਸਾਜੇ ਸਹਿਸਭੁਜ
ਉਹਨਾਂ ਸੰਗ ਲੜਨ ਲਈ
ਦੇਵੀ ਅਸ਼ਟਭੁਜੀ ਹੈ
ਪਰ ਧੀ ਤਾਂ ਹੈ ਮਨੁੱਖ
ਉਹ ਵੀ ਅੱਧੀ ਮਸਾਂ ਪੌਣੀ
ਦੁੱਖਾਂ ਸੰਗ ਲੜਦੀ ਨਹੀਂ
ਦੁੱਖ ਚੁੱਕਦੀ ਹੈ

ਧਰਤੀ ਦੇ ਹੇਠਾਂ
ਧੌਲ ਸੀ ਧਰਮ ਸੀ
ਹੁਣ ਮੇਰੀ ਧੀ ਹੈ
............................. - ਹਰਿਭਜਨ ਸਿੰਘ

Wednesday, 5 June 2013

ਫੌਜਾਂ ਕੌਣ ਦੇਸ ਵਿਚੋਂ ਆਈਆਂ? - ਹਰਿਭਜਨ ਸਿੰਘ

                (1)

ਫੌਜਾਂ ਕੌਣ ਦੇਸ ਤੋਂ ਆਈਆਂ?
ਕਿਹੜੇ ਦੇਸ ਤੋਂ ਕਹਿਰ ਲਿਆਈਆਂ,
ਕਿੱਥੋਂ ਜ਼ਹਿਰ ਲਿਆਈਆਂ
ਕਿਸ ਫਨੀਅਰ ਦੀ ਫੂਕ ਕਿ
ਜਿਸ ਨੇ ਪੱਕੀਆਂ ਕੰਧਾਂ ਢਾਹੀਆਂ
ਸੱਚ ਸਰੋਵਰ ਡੱਸਿਆ
ਅੱਗਾਂ ਪੱਥਰਾਂ ਵਿਚ ਲਾਈਆਂ
ਹਰਿ ਕੇ ਮੰਦਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ
ਫੌਜਾਂ ਕੌਣ ਦੇਸ ਤੋਂ ਆਈਆਂ?

          (2)

ਸਿਮਰਨ ਬਾਝੋਂ ਜਾਪ ਰਿਹਾ ਸੀ
ਅਹਿਲੇ ਜਨਮ ਗਵਾਇਆ
ਕਰ ਮਤਾ ਹੈ ਆਖਰ ਉਮਰੇ
ਇਸ ਕਾਫਰ ਰੱਬ ਨੂੰ ਧਿਆਇਆ।
ਦਿੱਲੀ ਨੇ ਜਦ ਅੰਮ੍ਰਿਤਸਰ ’ਤੇ
ਜੰਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ
ਜਦ ਲੌਹੇਯਾਨ ਦੁੜਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਫੌਜਾਂ ਨੇ ਜਦ ਸੋਨਕਲਸ਼ ’ਤੇ
ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ
ਜਦ ਮੇਰੇ ਸਿਰ ਦਾ ਸਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸੱਚ ਤਖਤ ਜਿਨ੍ਹੇ ਢਾਇਆ ਸੀ
ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ
ਮੈਨੂੰ ਨਜ਼ਰੀਂ ਆਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸਤਿਗੁਰ ਇਹ ਕੀ ਕਲਾ ਵਿਖਾਈ।
ਤੂੰ ਕੀ ਭਾਣਾ ਵਰਤਾਇਆ
ਮੈਂ ਪਾਪੀ ਦੀ ਸੋਧ ਲਈ ਤੂੰ
ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।

          (3)

ਸ਼ਾਮ ਪਈ ਤਾਂ ਸਤਿਗੁਰ ਬੈਠੇ
ਇਕੋ ਦੀਵਾ ਬਾਲ ਕੇ
ਪ੍ਰਕਰਮਾ ’ਚੋਂ ਜਖ਼ਮ ਬੁਲਾ ਲਏ
ਸੁੱਤੇ ਹੋਏ ਉਠਾਲ ਕੇ
ਜ਼ਹਿਰੀ ਰਾਤ ਗਜ਼ਬ ਦੀ ਕਾਲੀ
ਕਿਤੇ ਕਿਤੇ ਕੋਈ ਤਾਰਾ ਸੀ
ਭਿੰਨੜੇ ਬੋਲ ਗੁਰੂ ਜੀ ਬੋਲੇ
ਚਾਨਣ ਵਿਚ ਨੁਹਾਲ ਕੇ
ਅੱਜ ਦੀ ਰਾਤ ਕਿਸੇ ਨਹੀਂ ਸੌਣਾ
ਹਾਲੇ ਦੂਰ ਸ਼ਹੀਦੀ ਹੈ
ਅਜੇ ਤਾਂ ਸੂਰਜ ਰੌਸ਼ਨ ਕਰਨਾ
ਆਪਣੇ ਹੱਥੀਂ ਬਾਲ ਕੇ
ਨਾ ਕੋ ਬੈਰੀ ਨਾਹਿ ਬੇਗਾਨਾ
ਸਤਿਗੁਰ ਦਾ ਸਭ ਸਦਕਾ ਹੈ
(ਪਰ) ਵੇਖੋ ਜਾਬਰ ਲੈ ਨਾ ਜਾਏ
ਪਰ-ਪਰਤੀਤ ਉਧਾਲ ਕੇ
.............................................. - ਹਰਿਭਜਨ ਸਿੰਘ

Thursday, 30 May 2013

ਕੁਝ ਕਹੀਏ - ਹਰਿਭਜਨ ਸਿੰਘ


ਜਬ ਲਗ ਜਗ ਵਿਚ ਰਹੀਏ ਬੰਦਿਆ
ਕੁਝ ਸੁਣੀਏ ਕੁਝ ਕਹੀਏ

ਮਨ ਦੀ ਵਿਥਿਆ ਦਸਿਆਂ ਬਾਝੋਂ
ਤਿਲ ਤਿਲ ਸੂਲਾਂ ਸਹੀਏ

ਹੰਝੂ ਡੱਕਿਆਂ ਵਿਹੁ ਬਣ ਜਾਂਦੇ
ਵਿਹੁ ਵਿਚ ਘੁਲਦੇ ਰਹੀਏ

ਅਪਣੇ ਸਿਰ ਤੇ ਭਾਰ ਬਣੇ ਹਾਂ
ਅਪਣੇ ਸਿਰ ਤੋਂ ਲਹੀਏ
............................................. - ਹਰਿਭਜਨ ਸਿੰਘ

Tuesday, 16 April 2013

ਓਸ ਗਲੀ ਚੋਂ ਲੰਘ ਫ਼ਕੀਰਾ - ਹਰਿਭਜਨ ਸਿੰਘ

ਓਸ ਗਲੀ ਚੋਂ ਲੰਘ ਫ਼ਕੀਰਾ
ਜਿਥੇ ਭੌਂਕਣ ਕੁੱਤੇ
ਕੁਤਿਆਂ ਤਾਈਂ ਮੂਲ ਨਾ ਨਿੰਦੀਏ
ਕੁੱਤੇ ਸਾਥੋਂ ਉੱਤੇ

ਕੁੱਤਿਆਂ ਫਕਰਾਂ ਸੰਗ ਚਿਰੋਕਾ
ਹਰ ਮੌਸਮ ਹਰ ਰੁੱਤੇ
ਦੁਨੀਆਂ ਸੌਂ ਗਈ ਤੇਰੀ ਖ਼ਾਤਰ
ਕੁੱਤੇ ਅਜੇ ਨਾ ਸੁੱਤੇ
ਸਾਥੋਂ ਉੱਤੇ

ਚਲ ’ਕੱਲਿਆ
ਤੈਨੂੰ ਕਿਸੇ ਨਾ ਖੱਲਿਆ
ਲੋਕੀਂ ਤਾਂ ਐਸ਼ ਵਿਗੁੱਤੇ
ਪਿੰਡੋ ਬਾਹਰ ਛਡਣ ਆਏ
ਕੁੱਤੇ ਧੂੜਾਂ ਲੁੱਤੇ
ਸਾਥੋਂ ਉੱਤੇ

ਜਿਸ ਮੌਲਾ ਨੇ ਕੰਬਲੀ ਦਿਤੀ
ਹਥੀਂ ਤੇਰੇ ਉੱਤੇ
ਓਸੇ ਮੌਲਾ ਤੇਰੇ ਪਿੱਛੇ
ਲਾਏ ਕਮਲੇ ਕੁੱਤੇ
ਸਾਥੋਂ ਉੱਤੇ

ਓਸ ਗਲੀ ਚੋਂ ਲੰਘ ਫ਼ਕੀਰਾ
ਜਿਥੇ ਭੌਂਕਣ ਕੁੱਤੇ
ਕੁਤਿਆਂ ਤਾਈਂ ਮੂਲ ਨਾ ਨਿੰਦੀਏ
ਕੁੱਤੇ ਸਾਥੋਂ ਉੱਤੇ

Thursday, 11 April 2013

ਸਤਿਗੁਰ ਮਿਹਰ ਕਰੇ - ਹਰਿਭਜਨ ਸਿੰਘ



ਸਤਿਗੁਰ ਮਿਹਰ ਕਰੇ
ਧੀ ਸਾਡੀ ਪਰਦੇਸੀਂ ਜਾਣਾ
ਬੱਦਲ ਛਾਉਂ ਕਰੇ
ਨੀਵਾਂ ਨੀਵਾਂ ਹੋ ਜਾਏ ਨਦੀਆਂ ਦਾ ਪਾਣੀ
ਲੰਘੇ ਬਿਨਾਂ ਤਰੇ
ਜਿੰਨ੍ਹੀਂ ਜਿੰਨ੍ਹੀਂ ਰਾਹੀਂ ਧੀ ਸਾਡੀ ਲੰਘੇ
ਹੋਵਣ ਹਰੇ ਭਰੇ
ਜਿਸ ਰੁਖ ਹੇਠਾਂ ਧੀ ਸਾਡੀ ਬੈਠੇ
ਫਲ ਦਾ ਦਾਨ ਕਰੇ
ਰਾਹ ਵਿਚ ਹੋਵਣ ਚੋਰ ਨ ਡਾਕੂ
ਬੰਦੇ ਹੋਣ ਖਰੇ
ਨਾ ਕੋਈ ਰਿੱਛ ਨਾ ਸ਼ੇਰ ਬਘੇਲਾ
ਲੂਮੜ ਰਹਿਣ ਪਰੇ
ਜੰਗਲ ਵਿਚ ਜੋ ਰਾਤ ਆ ਜਾਏ
ਦੀਵਾ ਨਜ਼ਰ ਪਏ
ਸੰਤ ਜਣਾਂ ਦੀ ਕੁਟੀਆ ਹੋਵੇ
ਸਭ ਦੇ ਕਸ਼ਟ ਹਰੇ
ਧੀਏ ਤੈਨੂੰ ਵੀਰ ਨਾ ਭੁੱਲੇ
ਨਾ ਤੈਨੂੰ ਮਾਂ ਬਿਸਰੇ
ਨਿਤ ਨਿਤ ਤੇਰੇ ਸਗਣ ਮਨਾਈਏ
ਆਉਂਦੀ ਰਹੀਂ ਘਰੇ
ਸਤਿਗੁਰ ਮਿਹਰ ਕਰੇ
................................................... - ਹਰਿਭਜਨ ਸਿੰਘ

Sunday, 16 December 2012

ਰਾਤੀਂ ਤਾਰਿਆਂ ਦੇ ਨਾਲ - ਹਰਿਭਜਨ ਸਿੰਘ

ਰਾਤੀਂ ਤਾਰਿਆਂ ਦੇ ਨਾਲ
ਅਸੀਂ ਗਲਾਂ ਕੀਤੀਆਂ
ਉਹਨਾਂ ਸੁਣੀਆਂ ਸੁਣਾਈਆਂ
ਅਸਾਂ ਜੋ ਜੋ ਬੀਤੀਆਂ

ਰਾਤੀਂ ਕਾਲਖਾਂ 'ਚ ਰਾਹ
ਬੇਨਿਸ਼ਾਨ ਹੋ ਗਏ
ਵੇਲੇ ਤੈਂਡੜੀ ਉਡੀਕ ਦੇ
ਵੀਰਾਨ ਹੋ ਗਏ
ਤੂੰ ਨਾ ਆਇਓ ਚੰਨਾਂ
ਤਾਰੇ ਮਿਹਰਬਾਨ ਹੋ ਗਏ
ਪਾਈਆਂ ਦੁਖੀਆਂ ਨੇ
ਦੁਖੀਆਂ ਦੇ ਨਾਲ ਪ੍ਰੀਤੀਆਂ
ਰਾਤੀਂ ਤਾਰਿਆ ਦੇ ਨਾਲ
ਅਸਾਂ ਗਲਾਂ ਕੀਤੀਆਂ

ਸਾਡੀ ਗਲ ਸੁਣ ਅੰਬਰਾਂ ਦੀ
ਅੱਖ ਡੁਲ੍ਹ ਗਈ
ਤਾਰਾ ਟੁੱਟਾ ਓਹਦੀ ਅੱਗ ਵਾਲੀ
ਗੰਢ ਖੁੱਲ ਗਈ
ਕਹਿੰਦਾ ਨਿੱਕੀ ਜਿਹੀ ਜਿੰਦ ਤੇਰੀ
ਕਿਵੇਂ ਰੁਲ ਗਈ
ਕਿਵੇਂ ਮਿੱਟੀ ਤੇਰੀ ਮਹੁਰੇ
ਦੀਆਂ ਬੁੱਕਾਂ ਪੀਤੀਆਂ
ਰਾਤੀਂ ਤਾਰਿਆਂ ਦੇ ਨਾਲ
ਅਸਾਂ ਗੱਲਾਂ ਕੀਤੀਆਂ

ਸਾਡੇ ਅੰਗ ਅੰਗ ਤਾਰਿਆਂ
ਨੇ ਲੋਆਂ ਗੁੰਦੀਆਂ
ਹੰਝੂ ਵਾਲਿਆਂ ਨੂੰ ਲੋਆਂ
ਦੀਆਂ ਲੋੜਾਂ ਹੁੰਦੀਆ
ਲੈ ਕੇ ਅੱਗ ਅਸੀਂ ਅੱਖੀਆਂ
ਨ ਕਦੇ ਮੁੰਦੀਆਂ
ਹੰਝੂ ਦੇ ਕੇ ਅਸਾਂ ਚਿਣਗਾਂ
ਵਿਹਾਝ ਲੀਤੀਆਂ
ਰਾਤੀਂ ਤਾਰਿਆਂ ਦੇ ਨਾਲ
ਅਸੀਂ ਗਲਾਂ ਕੀਤੀਆਂ


Sunday, 9 September 2012

ਕੀ ਲੈਣਾ ਏਂ ? - ਹਰਿਭਜਨ ਸਿੰਘ

ਅੱਧੀ ਤੋਂ ਵੀ ਬਹੁਤੀ
ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਹੈ
ਰੱਬ ਨੇ ਮੈਨੂੰ ਤੇ ਮੈਂ ਰੱਬ ਨੂੰ
ਯਾਦ ਕਦੇ ਨਹੀਂ ਕੀਤਾ
ਉਸ ਨੂੰ ਪਤਾ ਨਹੀਂ ਕਿ ਮੈਂ ਹਾਂ
ਮੈਨੂੰ ਪਤਾ ਨਹੀਂ ਕਿ ਉਹ ਹੈ
ਕਦੀ ਕਦਾਈਂ ਭੁੱਲ ਭੁਲੇਖੇ
ਇਕ ਦੂਜੇ ਨੂੰ ਮਿਲੇ ਸੜਕ ’ਤੇ ਝੂਠ ਵਾਂਗਰਾਂ
ਇਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ
ਰੱਬ ਨੇ ਮੈਥੋਂ ਕੀ ਲੈਣਾ ਏਂ
ਤੇ ਮੈਂ ਰੱਬ ਤੋਂ ਕੀ ਲੈਣਾ ?

.................................................- ਹਰਿਭਜਨ ਸਿੰਘ (ਡਾ.)

Saturday, 8 September 2012

ਦੁਬਾਰਾ ਆਵਾਂ - ਹਰਿਭਜਨ ਸਿੰਘ

ਮਾਣਸ ਜਨਮ ਦੁਬਾਰਾ ਪਾਵਾਂ
ਏਸ ਹੀ ਦੇਸ ਪੰਜਾਬ ’ਚ ਆਵਾਂ
ਵੱਢੀ-ਟੁੱਕੀ ਧਰਤੀ ਤੇ ਵੱਢੇ-ਟੁੱਕੇ ਘਰ ਵਿੱਚ
ਵੱਢੀ-ਟੁੱਕੀ ਜਾਤ ਦਾ ਮੈਂ ਅਖਵਾਵਾਂ
ਬਿਰਛ ਨਿਪਤਰੇ ਤੇ ਪੰਛੀ ਚੰਦਰਾ
ਉਹੀਓ ਗੀਤ ਵਿਗੋਚੇ ਦੇ ਗਾਵਾਂ
ਮਸਿਆ ਦਿਹਾੜੇ ਹਰਿ-ਸਰ ਜਾਵਾਂ
ਪੁੰਨਿਆਂ ਨੂੰ ਇਸ਼ਕ-ਝਨਾਂ ਵਿੱਚ ਨ੍ਹਾਵਾਂ
.....................................................................ਹਰਿਭਜਨ ਸਿੰਘ (ਡਾ.)

Thursday, 14 June 2012

ਕਿੱਥੇ ਗਈਆਂ ਭੈਣਾਂ - ਹਰਿਭਜਨ ਸਿੰਘ

ਕਿਥੇ ਗਈਆਂ ਗਲੀਆਂ
ਉਹ ਭਲੀਆਂ ਭਲੀਆਂ
ਜਿਸ ਘਰ ਚਾਹਾਂ
ਆਵਾਂ ਜਾਵਾਂ

ਹਰ ਇਕ ਘਰ ਦੀ ਖਾਸ ਨਿਸ਼ਾਨੀ
ਹਰ ਇਕ ਜੀ ਦਾ ਆਪਣਾ ਨਾਵਾਂ

ਹੁਣ ਤਾਂ ਇਕੋ ਜਹੀਆਂ ਸੱਜੀਆਂ ਨੇ ਸ਼ਕਲਾਂ
ਪਤਾ ਨ ਕਿਹੜੇ ਨਾਉਂ ਬੁਲਾਵਾਂ

ਭੈਣ ਕਹਾਂ ਤਾਂ ਦਸਣਾ ਪੈਂਦੈ
ਆਪਣੀ ਨੀਅਤ ਦਾ ਸਿਰਨਾਵਾਂ

ਸਭ ਜਗ ਹੋਇਆ ਮਰਦ ਜ਼ਨਾਨੀ
ਬਾਕੀ ਸਭ ਛਾਵਾਂ ਪਰਛਾਵਾਂ

ਕਿੱਥੇ ਗਈਆਂ ਭੈਣਾਂ
ਕਿੱਥੇ ਗਈਆਂ ਮਾਵਾਂ ?

............................ਹਰਿਭਜਨ ਸਿੰਘ

Saturday, 12 May 2012

ਮੇਰੇ ਗੀਤ ਨੂੰ ਕਹਿਣਾ - ਹਰਿਭਜਨ ਸਿੰਘ

ਮੈਂ ਜਾਂ ਤੁਰਾਂ ਮੇਰੇ ਗੀਤ ਨੂੰ ਕਹਿਣਾ
ਹੌਲ਼ੀ ਹੌਲ਼ੀ ਗਾਏ
ਚਾਰ ਕਦਮ ਮੇਰੇ ਨਾਲ ਤੁਰੇ
ਤੇ ਫਿਰ ਭਾਵੇਂ ਮੁੜ ਜਾਏ
ਸਾਰੀ ਉਮਰ ਉਸ ਸਾਥ ਨਿਭਾਇਆ
ਓੜਕ ਵਾਰ ਨਿਭਾਏ
ਲੋਕ ਕਹੇ ਉਹ ਗੀਤਾਂ ਵਾਲਾ
ਤੁਰਿਆ ਧੁਰ ਦਰਗਾਹੇ
ਸਉਲੀ ਗੱਲ੍ਹ ’ਤੇ ਗੋਰਾ ਹੰਝੂ
ਤੁਰਦਾ ਤਾਂ ਰੁਕ ਜਾਏ
ਪੀੜ ਦੇ ਪਿੰਡੇ ਛਿਲਤਰ ਵਿਲਕੇ
ਆਖੋ ਨਾ ਕੁਰਲਾਏ
ਮੈਂ ਅੱਜ ਦਰਦ ਵਿਹੂਣਾ ਹੋਇਆ
ਦੁਨੀਆਂ ਕਿਉਂ ਦੁਖ ਪਾਏ

ਮੈਂ ਜਾਂ ਤੁਰਾਂ ਮੇਰੇ ਗੀਤ ਨੂੰ ਕਹਿਣਾ
ਹੌਲ਼ੀ ਹੌਲ਼ੀ ਗਾਏ

.................... ਹਰਿਭਜਨ ਸਿੰਘ

Tuesday, 8 May 2012

ਖੂਹਾਂ ਦੀ ਗੁਫ਼ਤਗੂ - ਹਰਿਭਜਨ ਸਿੰਘ

ਜਦੋਂ ਪਤੀ ਪਤਨੀ ਤੋਂ ਪਹਿਲਾਂ
ਅਸੀਂ ਮਿਲੇ ਸਾਂ
ਅਪਣੇ ਸ਼ਹਿਰ ਪਰਾਏ ਘਰ ਵਿਚ
ਦੋ ਸੂਰਜ ਮਿਲ ਕੇ ਬੈਠੇ ਸਾਂ
ਇਕ ਦੂਜੇ ਦੇ ਚਾਨਣ ਦੇ ਵਿਚ ਪਿਘਲ ਗਏ ਸਾਂ
ਉਬਲ ਰਹੇ ਦਰਿਆਵਾਂ ਵਾਂਗੂੰ
ਇਕ ਦੂਜੇ ਵਿਚ ਉੱਛਲ ਮਿਲੇ ਸਾਂ
ਤੇਰੇ ਮੇਰੇ ਇਕ ਮੱਥੇ ਵਿਚ
ਤੀਜੀ ਅੱਖ ਉਦੈ ਹੋਈ ਸੀ
ਉਸ ਦਿਨ ਸਾਡਾ ਜਨਮ-ਦਿਵਸ ਸੀ

ਫਿਰ ਇਕ ਦਿਨ ਤੂੰ ਮੈਨੂੰ ਭੇਜ ਸੁਨੇਹਾ
ਮੈਥੋਂ ਮੇਰਾ ਸਿਰ ਮੰਗਿਆ ਸੀ
ਮੈ ਦਿੱਤਾ ਸੀ
(ਇਸ ਸਿਰ ਨੂੰ ਤੂੰ ਦੁਨੀਆਂ ਸਾਹਵੇਂ
ਅਪਣੇ ਧੜ ਉੱਤੇ ਰਖਣਾ ਸੀ)
ਡਾਲੀ ਤੇ ਦੋ ਸੂਰਜ ਬੈਠੇ
ਇਕ ਨੂੰ ਆਪ ਉਡਾ ਦਿੱਤਾ ਸੀ
ਇਸ ਸੰਗਮ ’ਚੋਂ ਇਕ ਦਰਿਆ ਨੂੰ
ਲਞਾ ਬੁੱਚਾ ਪੁੱਟ ਲਿਆ ਸੀ
ਦਰਿਆ ਸੁੰਗੜ ਕੇ ਖੂਹ ਹੋਏ
ਉਸ ਦਿਨ ਕਿਸ ਦਾ ਮਰਨ-ਦਿਵਸ ਸੀ?

ਉਸ ਦਿਨ ਤੋਂ ਅੱਜ ਦਿਨ ਤਕ ਦੋਵੇਂ
ਸਿਵੇ ਵਾਂਗ ਤੁਰਦੇ ਫਿਰਦੇ ਹਾਂ
ਅਗਨ-ਬਿਰਛ ਦੇ ਟਾਹਣਾ ਉੱਪਰ
ਕਦੇ ਕੋਈ ਪੰਛੀ ਨਾ ਬੈਠਾ
ਅਗਨ-ਬਿਰਛ ਦੀ ਚਾਨਣ-ਛਾਵੇਂ
ਕੋਈ ਮੁਸਾਫ਼ਰ ਬੈਠ ਨਾ ਸੱਕੇ

ਅੱਜ ਫਿਰ ਤੇਰਾ ਸੁਨੇਹਾ ਮਿਲਿਆ
ਮੈਨੂੰ ਕੁਝ ਵੀ ਸਮਝ ਨ ਆਇਆ
ਦੋ ਖੂਹਾਂ ਦੀ ਇਕ ਦੂਜੇ ਦੇ
ਨਾਲ ਗੁਫ਼ਤਗੂ ਕੀਕਣ ਹੋਵੇ

...............................................- ਹਰਿਭਜਨ ਸਿੰਘ

Monday, 19 March 2012

ਨੈਣ ਤਾਂ ਵਿੰਹਦੇ..... - ਹਰਿਭਜਨ ਸਿੰਘ (ਡਾ.)

ਨੈਣ ਤਾਂ ਵਿੰਹਦੇ, ਤਨ ਦੀਆਂ ਅਹੁਰਾਂ
ਸਾਡੀ ਮਰਜ਼ ਬਰੀਕ
ਜੋ ਤਲੀਆਂ ਵਿਚ, ਚੁੱਭਕਾਂ ਮਾਰੇ
ਮੈਂ ਪੈਂਡੇ ਦੀ ਲੀਕ
ਮੈਂ ਤੇਰੀ ਬੁੱਕ ਵਿਚ, ਦੋ ਘੁੱਟ ਧੁੱਪੜੀ
ਕੋਸੀ ਕੋਸੀ ਡੀਕ
ਚਿੰਤ-ਅਚਿੰਤੀ, ਮਿਲਖ ਤੁਹਾਡੀ
ਅਸੀਂ ਰਤਾ ਨਜ਼ਦੀਕ
ਤੇਰੀ ਵੇਦਨ, ਇਸ਼ਕਾਂ ਤੀਕਣ
ਸਾਡੀ ਰਤਾ ਵਧੀਕ

................................................- ਹਰਿਭਜਨ ਸਿੰਘ (ਡਾ.)

Saturday, 21 January 2012

ਮਰਦਾਨਾ ਬੋਲਦਾ ਹੈ - ਹਰਿਭਜਨ ਸਿੰਘ

ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ
ਮਰਦਾਨਾ ਗੁਰੂ ਦਾ ਯਾਰ ਸੀ
ਉਹਦੇ ਸਦਕਾ ਗੁਰੂ ਦੇ ਆਸੇ-ਪਾਸੇ ਦੋਸਤੀ ਦੀ ਮਹਿਕ ਸੀ
ਜਦੋਂ ਰੱਬਾਬ ਚੋਂ ਸਰਗਮ ਉਦੈ ਹੁੰਦੀ
ਗੁਰੂ ਦੇ ਬੋਲ ਸਵੇਰੀ ਪੌਣ ਵਾਂਗੂੰ ਜਾਗਦੇ ਸਨ
ਅਜ ਵੀ ਸੰਗਤ ’ਚ ਗੁਰੂ ਦੇ ਬੋਲ ਨੇ
ਪਰ ਸੁਰ ਨਹੀਂ ਹੈ
ਗੁਰੂ ਦਾ ਸ਼ਬਦ ਹੈ
ਪਰ ਅਰਥ ਗੁੰਮ ਹੋ ਗਿਆ ਹੈ
ਕੀਰਤਨ ਦੀ ਭੀੜ ਹੇ
ਸੰਗੀਤ ਦਾ ਚਿਹਰਾ ਨਹੀਂ ਦਿਸਦਾ
ਕਿਸੇ ਖੂੰਜੇ ’ਚ ਗੁੰਮ-ਸੁਮ ਚੁੱਪ ਪਈ ਰੱਬਾਬ
ਕਈ ਸਾਲਾਂ ਤੋਂ ਇਸ ਦੀ ਤਾਰ ਚੋਂ ਝਨਕਾਰ ਨਹੀਂ ਜਾਗੀ
ਕਿਸੇ ਆਸ਼ਕ ਦੀ ਮਹਿਰਮ ਛੋਹ ਬਿਨਾਂ
ਸਾਜ਼ ਚੌਂ ਸੁਰਤਾਲ ਦਾ ਜਾਦੂ ਨਹੀਂ ਉਗਦਾ
ਕੋਈ ਜਾਵੋ ਲਿਆਵੋ ਸਾਜ਼ ਦੇ ਮਹਿਰਮ ਨੂੰ ਪਾਰੋਂ ਮੋੜ ਕੇ
ਕਿਸੇ ਵੀ ਸਾਜ਼ ਬਿਨ
ਆਵਾਜ਼ ਦਾ ਕੁਝ ਭੇਤ ਨਹੀਂ ਪਾਇਆ
ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ

ਕਦੀ ਬਚਪਨ ’ਚ, ਆਪਣੇ ਘਰ
ਮੈਂ ਇਕ ਤਸਵੀਰ ਵੇਖੀ ਸੀ
ਗੁਰੂ ਨਾਨਕ ਦੇ ਲਾਗੇ ਯਾਰ ਮਰਦਾਨਾ ਰਬਾਬੀ ਸੀ
ਮੈਨੂੰ ਤਸਵੀਰ ’ਚ ਦੁਨੀਆਂ ਦਾ ਸਾਰਾ ਅਰਥ ਦਿਸਦਾ ਸੀ
ਇਹ ਦੁਨੀਆਂ ਸੀ -
ਮੇਰੇ ਬਚਪਨ ਜਿਹੀ ਸਾਦਾ
ਕਿਸੇ ਮਿੱਤਰ ਜਿਹੀ ਨਿਰਛਲ
ਅਚਨਚੇਤੇ ਕਿਸੇ ਨਿਰਮੋਹ ਨੇ
ਮਰਦਾਨੇ ਨੂੰ ਤਸਵੀਰੋਂ ਅਲਗ ਕੀਤਾ
ਯਾ ਕਿ ਮਰਦਾਨਾ ਹੀ ਆਪੇ ਦੌੜ ਕੇ
ਤਸਵੀਰ ਵਿਚੋਂ ਨਿਕਲ ਤੁਰਿਆ
ਹੁਣ ਜਦੋਂ ਤਸਵੀਰ ਨੂੰ ਤੱਕਦਾ ਹਾਂ
ਜ਼ਿੰਦਗੀ ਦਾ ਨਿੱਘ ਤਨ ’ਚੋਂ ਖਿਸਕ ਜਾਂਦਾ ਹੈ
ਸੁਲਗਦੀ ਦੇਹੀ ’ਚੋਂ ਚਾਨਣ ਜਲਾਵਤਨ ਹੁੰਦੈ
ਦੋਸਤੀ ਵਕਤੀ ਜ਼ਰੂਰਤ ਤੋਂ ਸਿਵਾ ਕੁਝ ਵੀ ਨਹੀਂ, ਸ਼ਾਇਦ
ਸ਼ਾਇਰੀ ਸੰਗੀਤ ਦਾ ਰਿਸ਼ਤਾ ਵੀ ਮਨ ਦਾ ਵਹਿਮ ਹੈ
ਜਿਸਨੂੰ ਚਾਨਣ ਸਮਝ ਆਪਣਾ ਕਿਹਾ
ਨਿਕਲੀ ਉਹੋ ਛਾਇਆ
ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ

ਦੂਰ ਮਰਦਾਨੇ ਦੀ ਨਗਰੀ ’ਚੋਂ
ਕਦੇ ਆਵਾਜ਼ ਆਉਂਦੀ ਏ:
ਮੈਂ ਆਪਣੇ ਸ਼ਹਿਰ ਵਿਚ ਕੱਲਾ
ਮੈਨੂੰ ਨਾਨਕ ਨਹੀਂ ਮਿਲਦਾ
ਜਿਸ ਜਗ੍ਹਾ ਨਾਨਕ ਕਦੀ ਮੱਝੀਂ ਚਰਾਈਆਂ ਸਨ
ਉਸ ਥਾਵੇਂ ਆਦਮੀ ਦੀ ਫ਼ਸਲ ਸਾਰੀ ਉਜੜ ਚੁੱਕੀ ਹੈ
ਕੌਣ ਇਸ ਖੇਤੀ ਨੂੰ ਮੁੜ ਹਰਿਆਂ ਕਰੇ ?
ਜਿਸ ਜਗ੍ਹਾ ਨਾਨਕ ਮੇਰੇ ਦੀਆਂ ਯਾਦਗਾਰਾਂ ਨੇ
ਉਸ ਥਾਵੇਂ ਕੌਣ ਉਸ ਨੂੰ ਯਾਦ ਕਰਦਾ ਹੈ ?
ਮੇਰੇ ਸੰਗੀਤ ਦੇ ਸੁਰ ਬੇਸੁਰੇ ਨੇ
ਮੈਂ ਆਪਣੇ ਸਫ਼ਰ ’ਚ ਹਰ ਥਾਂ ਬੇਤਾਲਾ ਹਾਂ

ਸਫ਼ਰ ਨੂੰ ਮਨਜ਼ਿਲ ਨਹੀਂ
ਪਿਆਸ ਲਈ ਪਾਣੀ ਨਹੀਂ
ਮੈਂ ਆਪਣੇ ਯਾਰ ਦੀ ਨਗਰੀ ’ਚ ਬੇਯਾਰ ਫਿਰਦਾ ਹਾਂ
ਭਟਕਣਾ ਦੇ ਦੇਸ ਵਿਚ
ਅਕ-ਕਕੜੀਆਂ ਨੂੰ ਕੌਣ ਅਜ ਮਿੱਠਾ ਕਰੇ ?
ਕੋਈ ਆਖੋ ਮੇਰੇ ਨਾਨਕ ਨੂੰ
ਮੇਰੇ ਸ਼ਹਿਰ ਆਵੇ, ਆਪਣੇ ਸ਼ਹਿਰ ਆਵੇ
ਕੋਈ ਆਖੋ ਮੈਨੂੰ ਮੱਕੇ ਉਦਾਸੀ ਫੇਰ ਲੈ ਜਾਵੇ
ਕਿ ਮੈਂ ਤਈਆਰ ਹਾਂ
ਮੁੜ ਦੋਸਤੀ ਦੇ ਸਫ਼ਰ ਤੇ ਤੁਰ ਜਾਣ ਲਈ
ਸਿਰਫ਼ ਤਸਵੀਰ ਵਿਚ ਬਹਿ ਜਾਣ ਦਾ
ਮੌਕਾ ਨਹੀਂ ਆਇਆ

ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ - ਹਰਿਭਜਨ ਸਿੰਘ