Popular posts on all time redership basis

Showing posts with label Prof. Mohan Singh. Show all posts
Showing posts with label Prof. Mohan Singh. Show all posts

Monday, 9 September 2013

ਖ਼ਨਗਾਹੀ ਦੀਵਾ ਬਾਲਦੀਏ.... - ਪ੍ਰੋ.. ਮੋਹਨ ਸਿੰਘ

ਖ਼ਨਗਾਹੀ ਦੀਵਾ ਬਾਲਦੀਏ,
ਕੀ ਲੋਚਦੀਏ? ਕੀ ਭਾਲਦੀਏ ?
ਕੀ ਰੁੱਸ ਗਿਆ ਤੇਰਾ ਢੋਲ ਕੁੜੇ?
ਯਾਂ ਸਖਣੀ ਤੇਰੀ ਝੋਲ ਕੁੜੇ
ਯਾਂ ਸਰਘੀ ਵੇਲੇ ਤੱਕਿਆ ਈ
ਕੋਈ ਡਾਢਾ ਭੈੜਾ ਸੁਫਨਾ ਨੀ?
ਜੋ ਕਰਦੀ ਮਾਰੋ ਮਾਰ ਕੁੜੋ
ਤੂੰ ਪਹੁੰਚੀ ਵਿਚ ਉਜਾੜ ਕੁੜੇ
ਸਿਰ ਉੱਤੇ ਤੇਰੇ ਉਲਰ ਰਹੀ
ਇਕ ਬੁੱਢ -ਪੁਰਾਣੀ ਬੇਰ ਜਹੀ
ਜਿਸ ਦੇ ਕੰਡਿਆਂ ਵਿਚ ਫਸ ਰਹੀਆਂ
ਕੁਝ ਲੀਰਾਂ ਵੱਛੇ-ਚਾਪ ਜਹੀਆਂ
ਤੇ ਪੈਰਾਂ ਦੇ ਵਿਚ ਸ਼ਾਤ ਪਿਆ
ਇਕ ਢੇਰ ਗੀਟਿਆਂ ਪੱਥਰਾਂ ਦਾ

ਤੂੰ ਅਚਲ. ਅਡੋਲ.ਅਬੋਲ ਖੜੀ
ਹਿਕ ਤੇਰੀ ਨਾਲ ਯਕੀਨ ਭਰੀ
ਖ਼ਨਗਾਹ ਦੇ ਉੱਤੇ ਆਣ ਨਾਲ
ਇਕ ਦੀਵੇ ਦੇ ਟਿਮਕਾਣ ਨਾਲ
ਸਭ ਸਨਸੇ ਤੇਰੇ ਦੂਰ ਹੋਏ
ਹਿਕ-ਖੂੰਜੇ ਨੂਰੋ ਨੂਰ ਹੋਏ
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ
ਕੁਝ ਅਜਬ ਇਲਮ ਦੀਆਂ ਜਿੰਦਾ ਨੇ
ਮੈਨੂੰ ਮਾਰਿਆ ਕਿਓਂ, ਕੀ, ਕਿੱਦਾਂ ? ਨੇ
ਮੈ ਨਿਸਚੇ ਬਾਝੋਂ ਭਟਕ ਰਿਹਾ
ਜ਼ੰਨਤ ਦੋਜਖ਼ ਵਿਚ ਲਟਕ ਰਿਹਾ
ਗੱਲ ਸੁਣ ਜਾ ਭਟਕੇ ਰਾਹੀ ਦੀ
ਇਕ ਚਿਣਗ ਮੈਨੂੰ ਵੀ ਚਾਹੀਦੀ
.............................................ਪ੍ਰੋ.. ਮੋਹਨ ਸਿੰਘ

Tuesday, 20 August 2013

ਬਦਲੋਟੀ - ਪ੍ਰੋ. ਮੋਹਨ ਸਿੰਘ (Prof. Mohan Singh)

ਡਿੱਠੀ ਮੈਂ ਅਸਮਾਨ ਤੇ, ਅੱਜ ਸਵੇਰੇ ਸਾਰ
ਭੂਰੀ ਕਿਸੇ ਫ਼ਕੀਰ ਦੀ, ਪਾਟੀ ਤਾਰੋ ਤਾਰ
ਜੰਗਲੀ ਬਾਸ਼ੇ ਵਾਂਗਰਾਂ, ਚੌੜੇ ਖੰਭ ਖਿਲਾਰ
ਲਾਂਦੀ ਫਿਰੇ ਉਡਾਰੀਆਂ, ਅੰਬਰ ਦੇ ਵਿਚਕਾਰ
ਥਾਂ ਥਾਂ ਲੱਗੀਆਂ ਟਾਕੀਆਂ, ਰੰਗ ਬਿਰੰਗੇ ਚੀਰ
ਖੁੱਥੀ ਫਿੱਥੀ ਹੰਢਵੀਂ, ਛੱਜ ਛੱਜ ਲਮਕੇ ਲੀਰ
ਲਾਹ ਕੇ ਆਪਣੇ ਜੁੱਸਿਓਂ, ਸੁੱਟੀ ਕਿਸੇ ਫਕੀਰ
ਸਿਰ ਤੇ ਚੁੱਕ ਲਈ ਰੱਬ ਨੇ, ਮਿੱਠੀ ਕਰ ਕੇ ਲੀਰ
ਨਾ ਕੁਝ ਉਸਦੀ ਜੜਤ ਸੀ, ਨਾ ਕੁਝ ਉਸਦੀ ਛੱਬ
ਖਬਰੇ ਕਿਹੜੀ ਚੀਜ਼ ਤੇ, ਭੁੱਲਿਆ ਭੁੱਖਾ ਰੱਬ

Sunday, 21 July 2013

ਆਥਣ ਨੂੰ - ਪ੍ਰੋ. ਮੋਹਨ ਸਿੰਘ

ਗੱਲ ਸੁਣ ਆਥਣੇ ਨੀਂ
ਮੇਰੀਏ ਸਾਥਣੇਂ ਨੀਂ
ਵਰਕੇ ਜਿੰਦੜੀ ਦੇ ਚਿੱਟੇ
ਸੁੱਟ ਜਾ ਰੰਗ ਦੇ ਦੋ ਛਿੱਟੇ

ਆ ਨੀ ਕਾਲੀਏ ਰਾਤੇ
ਬਹਿ ਜਾ ਦਿਲ ਦੀ ਸਬਾਤੇ
ਕਰ ਦੇ ਨੇਰ੍ਹਿਆਂ ਦੀ ਛਾਇਆ
ਚਿੱਟੇ ਚਾਨਣਾ ਅਕਾਇਆ

ਸੁਣੋ ਤਾਰਿਓ ਭਰਾਵੋ
ਨਾਲ ਆਪਣੇ ਰਲਾਵੋ
ਲਾਵੋ ਧੜਕਣਾਂ ਨੂੰ ਛੋਹ
ਚੱਲੀ ਜ਼ਿੰਦਗੀ ਖਲੋ

ਗੱਲ ਸੁਣ ਪੂਰਿਆ ਚੰਨਾਂ
ਭਰਿਆ ਦੁੱਧ ਨਾਲ ਛੰਨਾ
ਸੁੱਤਾ ਦਿਲ ਅਸਗਾਹ
ਕੋਈ ਲਹਿਰ ਨਾ ਉਠਾ

ਆ ਨੀਂ ਸਰਘੀਏ ਭੈਣੇ
ਪਾ ਕੇ ਚਾਨਣੇ ਦੇ ਗਹਿਣੇ
ਛੜੀ ਚਾਨਣੇ ਦੀ ਲਾ
ਸੁਤੀਆਂ ਧੜਕਣਾਂ ਜਗਾ
..................................... - ਪ੍ਰੋ. ਮੋਹਨ ਸਿੰਘ

Friday, 19 July 2013

ਰੁੱਤ ਕਣੀਆਂ ਦੀ - ਪ੍ਰੋ. ਮੋਹਨ ਸਿੰਘ

ਰੁੱਤ ਕਣੀਆਂ ਦੀ ਆਈ ਆ
ਨਾ ਕਰ ਅੱਤੜੇ ਵੇ
ਕਣੀਆਂ ਠੰਡੀਆਂ ਵੇ ਮਾਹੀਆ
ਹੰਝੂ ਤੱਤੜੇ ਵੇ

ਨੀਲੇ ਊਦੇ ਅਤੇ ਮੁਸ਼ਕੀ
ਘੋੜੇ ਅੱਥਰੇ ਵੇ
ਰੱਥ ਬਦਲਾਂ ਦਾ ਧੂੰਹਦੇ
ਕਰਦੇ ਚੱਤੜੇ ਵੇ
ਆ ਜਾ ਕਣੀਆਂ ਦੀ ਰੁੱਤੇ
ਨਾ ਕਰ ਅੱਤੜੇ ਵੇ
ਕਣੀਆਂ ਠੰਡੀਆਂ ਵੇ ਮਾਹੀਆ
ਹੰਝੂ ਤੱਤੜੇ ਵੇ

ਵੱਡਾ ਮੱਝੀਆਂ ਦਾ ਖੰਧਾ
ਗਗਨੀਂ ਵੱਤੜੇ ਵੇ
ਸਿੰਙ ਸਿਙਾਂ ਵਿਚ ਫਾਥੇ
ਲੇਵੇ ਲੱਥੜੇ ਵੇ
ਰੁਤ ਕਣੀਆਂ ਦੀ ਜੀਵੇਂ
ਛੱਤ ਦੇ ਚੱਤੜੇ ਵੇ
ਕਣੀਆਂ ਠੰਡੀਆਂ ਵੇ ਮਾਹੀਆ
ਹੰਝੂ ਤੱਤੜੇ ਵੇ

ਵਡਾ ਮੇਘਲੇ ਦਾ ਚਰਖਾ
ਘੂਕਰ ਘੱਤੜੇ ਵੇ
ਗਗਨੋਂ ਧਰਤ ਤੀਕ ਲੰਮੀਆਂ
ਤੰਦਾਂ ਕੱਤੜੇ ਵੇ
ਕੜੀਆਂ ਬਣ ਗਈਆਂ ਅਣੀਆਂ
ਪੀੜਾਂ ਅੱਤੜੇ ਵੇ
ਛਿੱਟਾਂ ਚਿੱਟੀਆਂ ਵੇ ਮਾਹੀਆ
ਹੰਝੂ ਰੱਤੜੇ ਵੇ

ਘਟਾਂ ਮੇਘ ਵਲ ਤੁਰੀਆਂ
ਚੁੱਪ ਚੁੱਪ ਭੱਤੜੇ ਵੇ
ਲੌਂਗ ਬਿਜਲੀ ਦੇ ਲਿਸ਼ਕਣ
ਮੋਤੀ ਨੱਥੜੇ ਵੇ
ਅੱਜ ਤਾਂ ਕੱਚੜੇ ’ਕਰਾਰ
ਕਰ ਜਾ ਸੱਚੜੇ ਵੇ
ਬੂੰਦਾ ਚਿੱਟੀਆਂ ਵੇ ਮਾਹੀਆ
ਹੰਝੂ ਰੱਤੜੇ ਵੇ
......................................... -  ਪ੍ਰੋ. ਮੋਹਨ ਸਿੰਘ

Wednesday, 27 March 2013

ਹੱਸਣਾ - ਪ੍ਰੋ ਮੋਹਨ ਸਿੰਘ

ਬੇ ਖ਼ਬਰਾ ਬੇ ਹੋਸ਼ਾ ਫੁੱਲਾ,
ਹੱਸ ਨਾ ਚਾਈਂ ਚਾਈਂ ।
ਇਸ ਹਾਸੇ ਵਿਚ ਮੌਤ ਗਲੇਫੀ,
ਖਬਰ ਨਾ ਤੇਰੇ ਤਾਈਂ ।
ਪੈ ਜਾ ਅਪਣੇ ਰਾਹੇ ਰਾਹੀਆ
ਨਾ ਕਰ ਪੈਂਡਾ ਖੋਟਾ,
ਦੋ ਘੜੀਆਂ ਅਸੀਂ ਜੀਉਣਾ, ਸਾਨੂੰ
ਹਸਣੋ ਨਾ ਅਟਕਾਈਂ ।
.................................................- ਪ੍ਰੋ ਮੋਹਨ ਸਿੰਘ

Sunday, 13 January 2013

ਸੈਦਾ ਤੇ ਸਬਜ਼ਾਂ - ਪ੍ਰੋ ਮੋਹਨ ਸਿੰਘ

ਮੱਲ ਬਨੇਰਾ ਸਬਜ਼ਾਂ ਬੈਠੀ,
ਰਾਹ ਸੈਦੇ ਦਾ ਵੇਖੇ ।
ਕੰਨ ਘੋੜੀ ਦੀਆਂ ਟਾਪਾਂ ਵੱਲੇ,
ਦਿਲ ਵਿਚ ਕਰਦੀ ਲੇਖੇ ।

ਛਮ ਛਮ ਕਰਦੀ ਬੱਕੀ ਆਈ,
ਮਹਿੰਦੀ ਨਾਲ ਸ਼ਿੰਗਾਰੀ ।
ਸਿਰ ਸੈਦੇ ਦੇ ਪੰਜ-ਰੰਗ ਚੀਰਾ,
ਪੈਰ ਜੁੱਤੀ ਪੁਠੁਹਾਰੀ ।

ਬੂਹੇ ਦੇ ਵਿਚ ਸਬਜ਼ਾਂ ਖੱਲੀ,
ਪਾ ਖੱਦਰ ਦਾ ਚੋਲਾ ।
ਪੈਰਾਂ ਦੇ ਵਿਚ ਠਿੱਬੀ ਜੁੱਤੀ,
ਸਿਰ ਤੇ ਫਟਾ ਪਰੋਲਾ ।

ਛਮ ਛਮ ਕਰਦੀ ਬੱਕੀ ਆਈ,
ਲੰਘ ਗਈ ਪੈਲਾਂ ਪਾਂਦੀ ।
ਤੱਕ ਸੈਦੇ ਦੀਆਂ ਬੇਪਰਵਾਹੀਆਂ,
ਸਬਜ਼ਾਂ ਪੈ ਗਈ ਮਾਂਦੀ ।

ਵਿਚ ਗਲੀ ਦੇ ਸਬਜ਼ਾਂ ਖੱਲੀ,
ਭਰ ਖੱਬਲ ਦੀ ਝੋਲੀ ।
ਛਮ ਛਮ ਕਰਦੀ ਬੱਕੀ ਆਈ,
ਖੜ੍ਹ ਗਈ ਹੌਲੀ ਹੌਲੀ ।

ਤਕ ਸਬਜ਼ਾਂ ਦੀ ਅਹਿਲ ਜਵਾਨੀ,
ਚੰਨਣ-ਵੰਨਾ ਮੱਥਾ ।
ਦਿਲ ਸੈਦੇ ਦਾ ਗਿਆ ਮਰੁੰਡਿਆ,
ਝੱਬ ਘੋੜੀ ਤੋਂ ਲੱਥਾ ।

ਅੱਗੇ ਸਬਜ਼ਾਂ, ਪਿੱਛੇ ਸੈਦਾ,
ਢਾਰੇ ਦੇ ਵਿਚ ਆਏ ।
ਛੈਲ ਸੈਦੇ ਦਾ ਉੱਚਾ ਸ਼ਮਲਾ,
ਛੱਤ ਘਰੂੰਦਾ ਜਾਏ ।

ਨੁੱਕਰ ਵਿਚ ਕੁਝ ਭਾਂਡੇ ਆਹੇ,
ਇਕ ਦੂਜੇ ਤੇ ਖੱਲੇ ।
ਇਕ ਇਕ ਕਰਕੇ ਸਾਰੇ ਭਾਂਡੇ,
ਸਬਜ਼ਾਂ ਲਾਹੇ ਥੱਲੇ ।

ਥਲਵੇਂ ਭਾਂਡੇ ਦੇ ਵਿਚ ਉਸ ਨੇ,
ਸੀ ਕੋਈ ਚੀਜ਼ ਲੁਕਾਈ ।
ਡਰਦੀ ਡਰਦੀ ਪਾ ਝੋਲੀ ਵਿਚ,
ਸੈਦੇ ਕੋਲ ਲਿਆਈ ।

ਕੰਬਦਾ ਕੰਬਦਾ ਹੱਥ ਓਸ ਨੇ,
ਝੋਲੀ ਵੱਲ ਵਧਾਇਆ ।
ਤੱਕ ਅੰਡਿਆਂ ਦੀ ਜੋੜੀ, ਸੈਦੇ
ਗਲ ਸਬਜ਼ਾਂ ਨੂੰ ਲਾਇਆ ।
.................................................ਪ੍ਰੋ ਮੋਹਨ ਸਿੰਘ

Tuesday, 1 January 2013

ਵਫ਼ਾ - ਪ੍ਰੋ. ਮੋਹਨ ਸਿੰਘ

ਵਿਚ ਸੁਖਾਂ ਦੇ ਸਾਰੀ ਦੁਨੀਆਂ
ਨੇੜੇ ਢੁਕ ਢੁਕ ਬਹਿੰਦੀ
ਪਰਖੇ ਜਾਣ ਸਜਣ ਉਸ ਵੇਲੇ
ਜਦ ਬਾਜ਼ੀ ਪੁੱਠੀ ਪੈਂਦੀ
ਵਿਚ ਥਲਾਂ ਦੇ ਜਿਸ ਦਮ ਸੱਸੀ
ਬੈਠ ਖੁਰੇ ਤੇ ਰੋਂਦੀ
ਨਸ ਗਿਆ ਕਜਲਾ ਰੁੜ੍ਹ ਪੁੜ੍ਹ ਜਾਣਾ
ਹੱਥ ਨਾ ਛਡਿਆ ਮਹਿੰਦੀ
....................................................... ਪ੍ਰੋ. ਮੋਹਨ ਸਿੰਘ
 

Tuesday, 27 November 2012

ਆ ਬਾਬਾ ਤੇਰਾ ਵਤਨ...ਪ੍ਰੋ: ਮੋਹਨ ਸਿੰਘ


(ਪ੍ਰੋ: ਮੋਹਨ ਸਿੰਘ ਦੀ ਦੇਸ਼ ਦੀ ਵੰਡ ਦੀ ਪੀੜ ਮਹਿਸੂਸ ਕਰਦਿਆਂ,  ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਿਤ ਹੋ ਕੇ ਲਿਖੀ ਕਵਿਤਾ)


ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,

ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ।

'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,

ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ।

ਜੋ ਖ਼ਾਬ ਸੀ ਤੂੰ ਦੇਖਿਆ ਵਣ ਥੱਲੇ ਸੁੱਤਿਆਂ,

ਸੋਹਣਾ ਉਹ ਤੇਰਾ ਖ਼ਾਬ ਪਰੇਸ਼ਾਨ ਹੋ ਗਿਆ।

ਉਹ ਮੱਚੇ ਤੇਰੇ ਦੇਸ਼ ਦੀ ਹਿੱਕ 'ਤੇ ਉਲੰਬੜੇ,

ਪੰਜ-ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ।

ਉਹ ਝੁੱਲੀਆਂ ਤੇਰੇ ਦੇਸ਼ 'ਤੇ ਮਾਰੂ ਹਨੇਰੀਆਂ,

ਉੱਡ ਕੇ ਅਸਾਡਾ ਆਹਲਣਾ ਕੱਖ ਕਾਣ ਹੋ ਗਿਆ।

ਜੁੱਗਾਂ ਦੀ ਸਾਂਝੀ ਸੱਭਿਅਤਾ ਪੈਰੀਂ ਲਿਤੜ ਗਈ,

ਸਦੀਆਂ ਦੇ ਸਾਂਝੇ ਖ਼ੂਨ ਦਾ ਵੀ ਨ੍ਹਾਣ ਹੋ ਗਿਆ।

ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ,

ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ।

ਓਧਰ ਧਰਮ-ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ,

ਏਧਰ ਮਸੀਤੋਂ ਬਾਹਰ ਹੈ ਕੁਰਆਨ ਹੋ ਗਿਆ।

ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪੱਤ ਗਈ,

ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ।

ਇਕ ਪਾਸੇ ਪਾਕ, ਪਾਕੀ ਪਾਕਿਸਤਾਨ ਹੋ ਗਿਆ,

ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।

ਇਕ ਸੱਜੀ ਤੇਰੀ ਅੱਖ ਸੀ, ਇਕ ਖੱਬੀ ਤੇਰੀ ਅੱਖ,

ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ।

ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ,

ਕਿ ਕੁਫ਼ਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ।

ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ,

ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ।

ਮੁੜ ਭਾਗੋਆਂ ਦੀ ਚਾਦਰੀਂ ਛਿੱਟੇ ਨੇ ਖ਼ੂਨ ਦੇ,

ਮੁੜ ਲਾਲੋਆਂ ਦੇ ਖ਼ੂਨ ਦਾ ਨੁਚੜਾਨ ਹੋ ਗਿਆ।

ਫਿਰ ਉੱਚਿਆਂ ਦੇ ਮਹੱਲਾਂ 'ਤੇ ਸੋਨਾ ਮੜ੍ਹੀ ਰਿਹਾ,

ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਨ ਹੋ ਗਿਆ।

'ਉਸ ਸੂਰ ਓਸ ਗਾਉਂ' ਦਾ ਹੱਕ ਨਾਹਰਾ ਲਾਇਆ ਤੂੰ,

ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ।

ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖ਼ੂਨ ਦੇ,

ਪਾ ਪਾ ਕੇ ਕੂੰਗੂ ਰੱਤ ਦਾ ਰਤਲਾਣ ਹੋ ਗਿਆ।

ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈਂ :

'ਆਇਆ ਨਾ ਤੈਂ ਕੀ ਦਰਦ ਏਨਾ ਘਾਣ ਹੋ ਗਿਆ?'

.............................................................ਪ੍ਰੋ: ਮੋਹਨ ਸਿੰਘ

Thursday, 24 May 2012

ਗੀਤ - ਪ੍ਰੋ. ਮੋਹਨ ਸਿੰਘ

ਨਿਤਰ ਗਏ ਨੇ ਪਿਆਰ ਦੇ ਪਾਣੀ,
ਦਿਲ ਦੀ ਕਟੋਰੀ ਭਰੀ ਪਈ ਏ.
ਸੀਨੇ ਵਿਚ ਨਗੀਨੇ ਵਾਂਗਰ,
ਤੇਰੀ ਮੁਹੱਬਤ ਜੜੀ ਪਈ ਏ.

ਸੂਰਜ ਦੇ ਵੱਲ ਜ਼ੱਰੇ ਉੱਡਣ,
ਚੰਨ ਦੇ ਵੱਲ ਸਾਗਰ ਦੀਆਂ ਛੱਲਾਂ.
ਇਉਂ ਉੱਡਣ ਤੇਰੇ ਵੱਲ ਪਿਆਰੀ,
ਲੱਖ ਕਹੀਆਂ ਅਣ-ਕਹੀਆਂ ਗੱਲਾਂ.

ਸ਼ਾਸਤਰਾਂ ਵਿਚ ਲਿਖਿਆ ਪਿਆਰੀ,
ਗ੍ਰਹਿ-ਨਾਦ ਜੋਗੀ ਸੁਣ ਲੈਂਦੇ.
ਮੈਂ ਵੀ ਬਣਿਆ ਪਿਆਰ ਦਾ ਜੋਗੀ,
ਬੋਲ ਤੇਰੇ ਨਿਤ ਕੰਨੀਂ ਪੈਂਦੇ.

ਮੌਲਸਰੀ ਜਿਹੀ ਗੰਧ ਨਾ ਸਜਨੀ,
ਕੰਵਲ ਜਿਹਾ ਨਾ ਪਵਿੱਤਰ ਕੋਈ.
ਐਪਰ ਦੋਹਾਂ ਤੋਂ ਵੱਧ ਨਿਰਮਲ,
ਮੇਰੀ ਮੁਹੱਬਤ ਦੀ ਖੁਸ਼ਬੋਈ.

ਜਦੋਂ ਤੀਕ ਅੱਗ ਉਪਰ ਉੱਠੇ,
ਝਿੱਕੇ ਪਾਸੇ ਵੱਗੇ ਪਾਣੀ.
ਹੁਸਨ ਤੇਰੇ ਤੇ ਇਸ਼ਕ ਮੇਰੇ ਦੀ,
ਜੱਗ ਵਿਚ ਰਹਿਣੀ ਅਮਰ ਕਹਾਣੀ.

........................................ਪ੍ਰੋ. ਮੋਹਨ ਸਿੰਘ

Monday, 21 May 2012

ਖੂਹ ਦੀ ਗਾਧੀ ਉੱਤੇ - ਪ੍ਰੋ. ਮੋਹਨ ਸਿੰਘ

ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ

ਇੱਥੇ ਘੱਮ ਘੱਮ ਵਗਣ ਹਵਾਵਾਂ
ਅਤੇ ਘੁਮਰੀਆਂ ਘੁਮਰੀਆਂ ਛਾਵਾਂ
ਨੀ ਮੈ ਅੱਗ ਸੁਰਗਾਂ ਨੂੰ ਲਾਵਾਂ
ਜਦ ਪਏ ਇਥਾਈਂ ਲੱਭ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ

ਮੈਂ ਥਾਂ ਥਾਂ ਟੁੱਬੀ ਲਾਈ
ਨਾ ਮੈਲ ਕਿਸੇ ਵੀ ਲਾਹੀ
ਸ਼ਾਬਾ ਅਉਲੂ ਦੇ ਆਈ
ਜਿਸ ਮੈਲ ਵੰਝਾਈ ਸਭ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ

ਸੁਣ ਠਕ ਠਕ ਰੀਂ ਰੀਂ, ਵਾਂ ਵਾਂ,
ਮੈਂ ਉਡ ਉਡ ਉੱਥੇ ਜਾਵਾਂ
ਜਿਥੇ ਅਪੜੇ ਟਾਵਾਂ ਟਾਵਾਂ
ਤੇ ਬਿਰਤੀ ਜਾਵੇ ਲੱਗ ਨੀ
ਸਾਡੇ ਖੂਹ ਤੇ ਵਸਦਾ ਰੱਬ ਨੀ

ਜਦ ਮੋੜੇ ਦਿਹੁੰ ਮੁਹਾਰਾਂ
ਕੁੜੀਆਂ ਚਿੜੀਆਂ ਮੁਟਿਆਰਾਂ
ਬੰਨ੍ਹ ਬੰਨ੍ਹ ਕੇ ਆਵਣ ਡਾਰਾਂ
ਜਿਉਂ ਕਰ ਮੂਨਾਂ ਦੇ ਵੱਗ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ

ਉਹ ਟੋਕਾਂ ਕਰਦੀਆਂ ਆਵਣ
ਕਦੀ ਗੁਟਕਣ ਤੇ ਕਦੀ ਗਾਵਣ
ਪਏ ਨੱਕ ਵਿਚ ਲੌਂਗ ਸੁਹਾਵਣ
ਤੇ ਝਿਲਮਿਲ ਕਰਦੇ ਨੱਗ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ

ਥੱਲੇ ਖੇਨੂੰ ਜੜੇ ਸਿਤਾਰੇ
ਉੱਤੇ ਤਿੰਨ ਤਿੰਨ ਘੜੇ ਉਸਾਰੇ
ਪਿਆ ਲੱਕ ਖਾਵੇ ਲਚਕਾਰੇ
ਉਹ ਫਿਰ ਵੀ ਲਾਣ ਨਾ ਪੱਬ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ

ਦਿਹੁੰ ਲੱਥੇ ਖੋਲ੍ਹਾਂ ਢੱਗੇ
ਚੜ ਪੈਣ ਸਤਾਰੇ ਬੱਗੇ
ਨਾ ਹਿੰਗ ਫ਼ਟਕੜੀ ਲੱਗੇ
ਖ਼ੁਦ ਦੀਵੇ ਪੈਂਦੇ ਜੱਗ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ

ਮੈਂ ਪੱਧਰੇ ਮੰਜਾ ਡਾਹਵਾਂ
ਕਰ ਨਿਸਲੀਆਂ ਪੈ ਜਾਵਾਂ
ਝੁਲ ਪੈਣ ਪੁਰੇ ਦੀਆਂ ’ਵਾਵਾਂ
ਤੇ ਅੱਖ ਜਾਏ ਫਿਰ ਲੱਗ ਨੀ
ਸਾਡੇ ਖੂਹ ਤੇ ਵਸਦਾ ਰੱਬ ਨੀ

....................... ਪ੍ਰੋ. ਮੋਹਨ ਸਿੰਘ

Tuesday, 1 May 2012

ਅਮਲ - ਪ੍ਰੋ. ਮੋਹਨ ਸਿੰਘ

ਉਠੋ ਕਿ ਉਠਣਾ ਹੀ ਹੈ ਜ਼ਿੰਦਗੀ ਦਾ ਪਹਿਲਾ ਕਦਮ,
ਤੁਰੋ ਕਿ ਤੁਰਨਾ ਹੀ ਹੈ ਜ਼ਿੰਦਗੀ ਦਾ ਪਹਿਲਾ ਪੜਾਅ.
ਕਰੋ ਜੇ ਹੋਸ਼ ਤਾਂ ਪੱਥਰ ਤੋਂ ਲਾਲ ਬਣ ਜਾਵੋ
ਰਹੇ ਬੇਹੋਸ਼ ਤਾਂ ਰਹਿ ਜਾਏ ਵੱਟੇ ਦਾ ਵੱਟਾ.

ਚਲੋ ਕਿ ਚਲਣਾ ਹੈ ਜ਼ਿੰਦਗੀ ਦਾ ਦੂਜਾ ਨਾ
ਖਲੋਣਾ ਮੌਤ ਹੈ, ਚਲਣਾ ਹੈ ਜ਼ਿੰਦਗੀ ਅਸਗਾਹ.
ਖਲੋਤੀ ਬੂੰਦ ਬਣੇ ਵਿਸ ਯਾ ਵਧ ਤੋਂ ਵਧ ਮੋਤੀ
ਤੁਰਨ ਜੇ ਕਣੀਆਂ ਤਾਂ ਬਣ ਜਾਏ ਸ਼ੂਕਦਾ ਦਰਿਆ.

ਹਿੱਲੋ ਕਿ ਹਿੱਲਿਆਂ ਹੀ ਆਲਸ ਦਾ ਮਾਰੂਥਲ ਕੱਟੇ
ਵਧੋ ਕਿ ਵਧਿਆਂ ਹੀ ਮੰਜ਼ਿਲ ’ਤੇ ਕਾਫ਼ਲਾ ਪੁੱਜੇ.
ਅਮਲ ਦੇ ਗੁਰਜ ਬਿਨਾਂ ਨ੍ਹੇਰੇ ਦਾ ਨਾ ਬੁਰਜ ਡਿੱਗੇ
ਅਮਲ ਦੇ ਡੱਗੇ ਬਿਨਾਂ ਫ਼ਜ਼ਰ ਦੀ ਨਾ ਭੇਹਰ ਵੱਜੇ.

ਅਮਲ ਹੈ ਦਗਦੀ ਤੇ ਮਘਦੀ ਸ਼ਰਾਬ ਦੇ ਵਾਂਗੂੰ
ਅਮਲ ਨਹੀਂ ਹੈ ਸੁਰਾਹੀ ਅਤੇ ਸਬੂ ਬਣਨਾ.
ਅਮਲ ਸਿਖਾਵੇ ਨਾ ਧਰਤੀ ਦੇ ਵਾਂਗ ਪੈ ਰਹਿਣਾ
ਅਮਲ ਹੈ ਉੱਗਣਾ, ਨਿਸਰਨਾ, ਵਿਗਸਣਾ, ਬੂ ਬਣਨਾ.

ਅਮਲ ਹੈ ਚਿਣਗ ਦਾ ਸ਼ੁਅਲੇ ਦੇ ਵਿਚ ਬਦਲ ਜਾਣਾ
ਅਮਲ ਹੈ ਆਹ ਦਾ ਵਧ ਕੇ ਤੂਫ਼ਾਨ ਬਣ ਜਾਣਾ.
ਅਮਲ ਹੈ ਕਤਰੇ ਦਾ ਵਧ ਕੇ ਸਮੁੰਦ ਹੋ ਜਾਣਾ
ਅਮਲ ਹੈ ਜ਼ਰੇ ਦਾ ਵਧ ਕੇ ਜਹਾਨ ਬਣ ਜਾਣਾ.

ਕਰੋੜਾਂ ਉਂਗਲੀਆਂ ਨੇ ਰਾਤ ਦਿਹੁੰ ਯਤਨ ਕੀਤਾ
ਟਿਕੀ ਹਨੇਰੇ ਦੇ ਸਿਰ ’ਤੇ ਸਵੇਰ ਦੀ ਸੱਗੀ.
ਹਜ਼ਾਰਾਂ ਤੇਸਿਆਂ ਦੇ ਕੋਹ-ਕਨੀ ਨੇ ਘੁੰਡ ਮੋੜੇ
ਤਾਂ ’ਜੂਏ ਸ਼ੀਰ’ ਪਹਾੜਾਂ ਦੀ ਕੁੱਖ ਚੋਂ ਵੱਗੀ.

ਅਮਲ ਦੇ ਨਾਲ ਹੀ ਸਮਿਆਂ ਦੀ ਲਿਟ ਸੰਵਰਦੀ ਹੈ
ਅਮਲ ਦੇ ਨਾਲ ਹੀ ਧਰਤੀ ’ਤੇ ਰੂਪ ਚੜ੍ਹਦਾ ਹੈ.
ਅਮਲ ਦੇ ਨਾਲ ਹੀ ਤਾਜਾਂ ਤੋਂ ਤ੍ਰੰਡ ਕੇ ਹੀਰੇ,
ਕਿਸਾਨ ਅਪਣੀ ਪੰਜਾਲੀ ਦੇ ਉਤੇ ਜੜਦਾ ਹੈ
................................................... ਪ੍ਰੋ. ਮੋਹਨ ਸਿੰਘ

Thursday, 26 April 2012

ਹਵਾ ਦਾ ਜੀਵਨ - ਪ੍ਰੋ. ਮੋਹਨ ਸਿੰਘ

ਦੇਹ ਹਵਾ ਦਾ ਜੀਵਨ ਸਾਨੂੰ,
ਸਦਾ ਖੋਜ ਵਿੱਚ ਰਹੀਏ.
ਹਰ ਦਮ ਤਲਬ ਸਜਣ ਦੀ ਕਰੀਏ,
ਠੰਡੇ ਕਦੇ ਨਾ ਪਈਏ.
ਜੰਗਲ ਗਾਹੀਏ, ਰੇਤੜ ਵਾਹੀਏ,
ਨਾਲ ਪਹਾੜਾਂ ਖਹੀਏ.
ਇਕੋ ਸਾਹੇ ਭਜਦੇ ਜਾਈਏ,
ਕਿਸੇ ਪੜਾ ਨਾ ਲਹੀਏ.
ਦੇਖ ਮੁਲਾਇਮ ਸੇਜ ਫੁਲਾਂ ਦੀ,
ਧਰਨਾ ਮਾਰ ਨਾ ਬਹੀਏ.
ਸੌ ਰੰਗਾਂ ਦੇ ਵਿਚੋਂ ਲੰਘ ਕੇ
ਫਿਰ ਵੀ ਬੇਰੰਗ ਰਹੀਏ.
ਜੇ ਕੋਈ ਬੁਲਬੁਲ ਹਾਕਾਂ ਮਾਰੇ
ਕੰਨ ਵਿਚ ਉਂਗਲਾਂ ਦੇਈਏ.
ਜੇ ਕੋਈ ਕੰਡਾ ਪੱਲਾ ਪਕੜੇ
ਛੰਡੀਏ ਤੇ ਨੱਸ ਪਈਏ.
ਦੇਹ ਹਵਾ ਦਾ ਜੀਵਨ ਸਾਨੂੰ,
ਸਦਾ ਖੋਜ ਵਿੱਚ ਰਹੀਏ. - ਪ੍ਰੋ. ਮੋਹਨ ਸਿੰਘ

Wednesday, 14 March 2012

ਗੀਤ - ਪ੍ਰੋ. ਮੋਹਨ ਸਿੰਘ

ਨਾ ਵੰਞ ਢੋਲਾ ਚੰਨਣਾ,
ਨਿਤ ਨਿਤ ਅਸਾਂ ਨਾ ਹਾੜੇ ਕਢਣੇ,
ਨਿਤ ਨਿਤ ਤੂੰ ਨਹੀਂ ਮੰਨਣਾ.

ਜੇ ਜੀਵੇਂ ਤੇਰਾ ਰਹਿਣਾ ਕੂੜਾ,
ਲਾਹ ਵੰਞ ਹਥੀਂ ਮੇਰਾ ਚੂੜਾ,
ਖੋਲ੍ਹ ਜਾ ਨਾਲੇ ਕੰਙਣਾ.

ਪਤਾ ਹੁੱਦਾ ਜੇ ਹੋਣਾ ਧੋਖਾ,
ਚੁੱਕ ਸੁਟਦੀ ਮੈਂ ਘੁੰਢ ਚਿਰੋਕਾ,
ਭਠ ਵਿੱਚ ਪਾਂਦੀ ਸੰਙਣਾ.

ਖ਼ਬਰ ਹੁੰਦੀ ਜੇ ਪਊ ਵਿਛੋੜਾ,
ਮੋਹਨ ਚਾ ਕਰਦੀ ਮੈਂ ਥੋੜ੍ਹਾ,
ਪਿਆਰ ਨਾ ਪਾਂਦੀ ਸੰਘਣਾ. -ਪ੍ਰੋ. ਮੋਹਨ ਸਿੰਘ

[ਵੰਞ - ਜਾ Go, ਕੂੜਾ - ਝੂਠਾ, ਕੰਙਣਾ-ਕੰਗਣ, ਚਿਰੋਕਾ
-ਬਹੁਤ ਪਹਿਲਾਂ, ਸੰਙਣਾ - ਸੰਗ, ਸ਼ਰਮ, ਭਠ-ਭੱਠੀ, ਅੱਗ]

Thursday, 2 February 2012

ਉਡੀਕ - ਪ੍ਰੋ. ਮੋਹਨ ਸਿੰਘ

ਸਰਘੀ ਵੇਲੇ ਸੁਫਨਾ ਡਿੱਠਾ,
ਮੇਰੇ ਸੋਹਣੇ ਆਉਣਾ ਅੱਜ ਨੀ.
ਪਈ ਚੜ੍ਹਾਂ ਮੈਂ ਮੁੜ ਮੁੜ ਕੋਠੇ
ਕਰ ਕਰ ਲੱਖਾਂ ਪੱਜ ਨੀ.
ਧੜਕੂੰ ਧੜਕੂੰ ਕੋਠੀ ਕਰਦੀ
ਫੜਕੂੰ ਫੜਕੂੰ ਰਗ ਨੀ
ਕਦਣ ਢੱਕੀਓਂ ਉੱਚੀ ਹੋਸੀ
ਉਹ ਸ਼ਮਲੇ ਵਾਲੀ ਪੱਗ ਨੀ
.......................................... ਪ੍ਰੋ. ਮੋਹਨ ਸਿੰਘ

Wednesday, 18 January 2012

ਵੱਡੇ ਵੇਲੇ ਦਿਆ ਤਾਰਿਆ - ਪ੍ਰੋ.ਮੋਹਨ ਸਿੰਘ

ਵੱਡੇ ਵੇਲੇ ਦਿਆ ਤਾਰਿਆ
ਜਿੰਦ ਤੇਰੀ ਕਿਉਂ ਕੰਬੇ
ਗਮ ਅਸਾਡੇ ਘਣੇ ਬੇਲੀਆ
ਪੰਧ ਤੇਰੇ ਜੋ ਲੰਬੇ

ਵੱਡੇ ਵੇਲੇ ਦਿਆ ਤਾਰਿਆ
ਜਿੰਦ ਤੇਰੀ ਕਿਉਂ ਡੋਲੇ
ਝੋਲ ਤੇਰੀ ਵਿੱਚ ਪਿਆ ਚਾਨਣਾ
ਚਿਣਗ ਪਈ ਸਾਡੇ ਚੋਲੇ

ਵੱਡੇ ਵੇਲੇ ਦਿਆ ਤਾਰਿਆ
ਖੁੱਲੀ ਤੇਰੀ ਉਡਾਰ
ਜਿੰਦ ਸਾਡੀ ਨੂੰ ਪਵੇ ਲੰਘੀਣਾ
ਸੂਈ ਦੇ ਨੱਕਿਉਂ ਪਾਰ

ਵੱਡੇ ਵੇਲੇ ਦਿਆ ਤਾਰਿਆ
ਗੱਲ ਸੁਣੀਂ ਕੰਨ ਲਾ
ਗੁੜ ਹੋਵੇ ਤਾਂ ਵੰਡੀਏ ਬੇਲੀਆ
ਦਰਦ ਨਾ ਵੰਡਿਆ ਜਾ

ਵੱਡੇ ਵੇਲੇ ਦਿਆ ਤਾਰਿਆ
ਜਿੰਦ ਲੱਗੀ ਬੇਦਰਦੀ ਦੇ ਲੇਖੇ
ਪੀੜ ਤੇਰੀ ਕੁਲ ਦੁਨੀਆਂ ਤੱਕਦੀ
ਪੀੜ ਸਾਡੀ ਕੌਣ ਵੇਖੇ.
.......... ਪ੍ਰੋ.ਮੋਹਨ ਸਿੰਘ

Wednesday, 28 December 2011

ਮਾਂ - ਪ੍ਰੋ. ਮੋਹਨ ਸਿੰਘ

ਮਾਂ ਵਰਗਾ ਘਣਛਾਵਾਂ ਬੂਟਾ
ਮੈਨੂੰ ਨਜ਼ਰ ਨਾ ਆਏ
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸੁਰਗ ਬਣਾਏ.
ਬਾਕੀ ਕੁਲ ਦੁਨੀਆਂ ਦੇ ਬੂਟੇ
ਜੜ੍ਹ ਸੁੱਕਿਆਂ ਮੁਰਝਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ
ਇਹ ਬੂਟਾ ਸੁਕ ਜਾਏ

.......................................... - ਪ੍ਰੋ. ਮੋਹਨ ਸਿੰਘ

Tuesday, 22 November 2011

ਨੀ ਜਿੰਦੇ ! - ਪ੍ਰੋ ਮੋਹਨ ਸਿੰਘ.

ਨੀ ਜਿੰਦੇ ਕੰਮ ਤੇਰਾ ਜਾਣਾ
ਤੈਨੂੰ ਕੋਈ ਜਾਣੇ ਨਾ ਜਾਣੇ
ਨੀ ਜਿੰਦੇ ਕੰਮ ਤੇਰਾ ਵੰਡੀਣਾ
ਤੈਨੂੰ ਕੋਈ ਮਾਣੇ ਨਾ ਮਾਣੇ

ਨੀ ਜਿੰਦੇ ਕੰਮ ਤੇਰਾ ਖਿੜਨਾ
ਤੈਨੂੰ ਕੋਈ ਤੱਕੇ ਨਾ ਤੱਕੇ
ਨੀ ਜਿੰਦੇ ਕੱਮ ਤੇਰਾ ਰੱਸਣਾ
ਤੈਨੂੰ ਕੋਈ ਚੱਖੇ ਨਾ ਚੱਖੇ.

ਲੱਖ ਫੁੱਲ ਜੰਗਲੀਂ ਖਿੜ, ਰਸ ਝੜ ਗਏ
ਹੋ ਗਏ ਪੱਤੀਆਂ ਪੱਤੀਆਂ
ਲੱਖ ਤਾਰੇ ਅਸਮਾਨੀਂ ਡੁੱਬ ਗਏ
ਜੋਤਾਂ ਕਿਸੇ ਨਾ ਤੱਕੀਆਂ

ਮਿੱਟੀ ਦੇ ਵਿਚ ਮਿੱਟੀ ਹੋਈਆਂ
ਲੱਖ ਲੱਖ ਰੂਹਾਂ, ਰਸ ਰੰਗ ਰੱਤੀਆਂ
ਤੂੰ ਇਕ ਹੋਰ ਸਹੀ ਨੀ ਜਿੰਦੇ
ਕਿਉਂ ਰੋਨੀਏਂ ਭਰ ਅੱਖੀਆਂ

Friday, 21 October 2011

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ - ਪ੍ਰੋ. ਮੋਹਨ ਸਿੰਘ

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ
ਦੋ ਧੜਿਆਂ ਵਿਚ ਖ਼ਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ

ਕੋਈ ਵੇਲਾ ਸੀ ਵੰਡਕਾਰਾਂ ਨੇ
ਦੁਨੀਆਂ ਨੂੰ ਪਾੜਿਆ ਵੰਡਿਆ ਸੀ
ਵਿੱਥਾਂ ਤੇ ਵਿੱਥਾਂ ਹੋਰ ਵਧਾ
ਜਨਤਾ ਨੂੰ ਡਾਢਾ ਤੁੰਡਿਆਂ ਸੀ

ਕੁਝ ਪਈਆਂ ਵਿੱਥਾਂ ਵਰਨ ਦੀਆਂ
ਕੁਝ ਵਾਹੀਆਂ ਲੀਕਾਂ ਧਰਮ ਦੀਆਂ
ਫਿਰ ਕੰਧਾਂ ਕਰਮ ਕੁਕਰਮ ਦੀਆਂ
ਫਿਰ ਧੁੰਧਾਂ ਅੰਨ੍ਹੇ ਭਰਮ ਦੀਆਂ

ਫਿਰ ਵਿੱਥਾਂ ਲਿੱਪੀ ਜ਼ਬਾਨ ਦੀਆਂ
ਫਿਰ ਪਹਿਰਾਵੇ ਤੇ ਵੇਸ ਦੀਆਂ
ਫਿਰ ਸਭਿਅਤਾ ਸਭਿਆਚਾਰ ਦੀਆਂ
ਫਿਰ ਦੇਸ ਅਤੇ ਪ੍ਰਦੇਸ ਦੀਆਂ

ਜਨਤਾ ਨੂੰ ਥਹੁ ਨਾ ਲੱਗਣ ਦਿੱਤਾ
ਇਹਨਾਂ ਜਾਦੂਗਰ ਵਿੱਥਕਾਰਾਂ ਨੇ
ਅਸਲੀਅਤ ਵਿਚ ਨੇ ਦੋ ਵਿੱਥਾਂ
ਬਾਕੀ ਸਭ ਕੂੜੀਆਂ ਪਾੜਾਂ ਨੇ

ਕੁਝ ਚੇਤਨ-ਸ਼ੇਰ ਜਵਾਨਾਂ ਨੇ
ਵਿੱਥਕਾਰਾਂ ਤਾਈਂ ਵੰਗਾਰਿਆ ਜਦ
ਛਾਈਂ ਮਾਈਂ ਕਰ ਵਿੱਥਾਂ ਨੂੰ
ਅਸਲੀਅਤ ਤਾਈਂ ਉਘਾੜਿਆ ਜਦ
ਤਦ ਕਿਰਤੀ ਤੇ ਕਿਰਸਾਣ ਉੱਠੇ
ਕਾਲੀ ਤੇ ਬੋਲੀ ਰਾਤ ਮੁੱਕੀ
ਗੱਲ ਗਈ ਮਨੀਜੀ ਲੋਕਾਂ ਦੀ
ਤੇ ਸਾਮਰਾਜ ਦੀ ਬਾਤ ਮੁੱਕੀ

Tuesday, 4 October 2011

ਹੀਰ - ਪ੍ਰੋ. ਮੋਹਨ ਸਿੰਘ

ਮਾਂ ਸਮਝਾਵੇ ਮੁੜ ਜਾ ਹੀਰੇ
ਕਲਾਂ ਜਗਾ ਨਾ ਸੁੱਤੀਆਂ
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ
ਤੇਰਾ ਮਾਸ ਖਲਾਵਾਂ ਕੁਤੀਆਂ
ਨਾਲ ਖ਼ੁਸ਼ੀ ਦੇ ਹੱਸ ਕੇ ਅੱਗੋਂ
ਹੀਰ ਕਿਹਾ ਸੁਣ ਮਾਏ --
ਖਲੜੀ ਲਾਹਸੇਂ ਤਾਂ ਕੀ ਹੋਸੀ ?
ਮੇਰਾ ਚਾਕ ਸਵਾਸੀ ਜੁੱਤੀਆਂ

ਮਾਹੀਆ - ਪ੍ਰੋ. ਮੋਹਨ ਸਿੰਘ

ਦੋ ਅੱਖੀਆਂ ਨਾ ਲਾਈਂ ਮੇਰੇ ਮਾਹੀਆ
ਦੋ ਅੱਖੀਆਂ ਨਾਂ ਲਾਈਂ ਵੇ
ਮੇਰੀਆਂ ਅੱਖੀਆਂ ਤੈਂ ਵਲ ਮਾਹੀਆ
ਤੇਰੀਆਂ ਕਿਹੜੀ ਜਾਈਂ ਵੇ ?

ਬਿਖ ਨਾਲ ਭਰਿਆ ਸਾਡਾ ਪਿਆਲਾ
ਅੰਮ੍ਰਿਤ ਤੇਰੀ ਸੁਰਾਹੀਂ ਵੇ
ਅਸੀਂ ਜੀਵ ਧਰਤੀ ਦੇ ਮਾਹੀਆ
ਤੇਰਾ ਉਡਣ ਹਵਾਈਂ ਵੇ

ਅਸੀਂ ਕਲਾਵੇ ਭਰ ਭਰ ਦੌੜੇ
ਫੜਨ ਤੇਰੀ ਅਸ਼ਨਾਈ ਵੇ
ਤੂੰ ਖ਼ੁਸ਼ਬੂ ਜਿਹਾ ਸੂਖਸ਼ਮ ਮਾਹੀਆ
ਸੱਖਣੀਆਂ ਸਾਡੀ ਬਾਹੀਂ ਵੇ

ਭੱਜ ਭੱਜ ਥੱਕੇ, ਥੱਕ ਥੱਕ ਭੱਜੇ,
ਪਿਆਰ ਤੇਰੇ ਦੇ ਰਾਹੀਂ ਵੇ
ਜਿਥੋਂ ਤੁਰੇ ਅੱਜ ਉਥੇ ਹੀ ਮਾਹੀਆ,
ਤੇਰੀਆਂ ਬੇਪਰਵਾਹੀਂ ਵੇ

ਨਾ ਹੁਣ ਬੇੜੀ ਨਾ ਹੁਣ ਚੱਪੂ
ਨਾ ਹੁਣ ਆਸ ਮਲਾਹੀਂ ਵੇ
ਮਿਹਰ ਤੇਰੀ ਦੇ ਬਾਝੋਂ ਮਾਹੀਆ
ਮੁਸ਼ਕਲ ਤਰਨ ਝਨਾਈਂ ਵੇ

ਦੋ ਅੱਖੀਆਂ ਨਾ ਲਾਈਂ ਮੇਰੇ ਮਾਹੀਆ
ਦੋ ਅੱਖੀਆਂ ਨਾਂ ਲਾਈਂ ਵੇ
ਮੇਰੀਆਂ ਅੱਖੀਆਂ ਤੈਂ ਵਲ ਮਾਹੀਆ
ਤੇਰੀਆਂ ਕਿਹੜੀ ਜਾਈਂ ਵੇ ?

{ਜਾਈਂ: ਜਗ੍ਹਾ, ਬਿੱਖ : ਜ਼ਹਿਰ,
ਸੁਰਾਹੀਂ : ਸੁਰਾਹੀ ਵਿਚ, ਅਸ਼ਨਾਈਂ : ਛੁਹ
ਸੱਖਣੀਆਂ : ਖਾਲੀ}