Popular posts on all time redership basis

Showing posts with label Jagmohan Singh. Show all posts
Showing posts with label Jagmohan Singh. Show all posts

Sunday, 11 August 2013

ਤੁਰਨਾ ਪੈਣਾ - ਜਗਮੋਹਨ ਸਿੰਘ

ਜਿੰਦੇ ਨੀ
ਹੁਣ ਤੁਰਨਾ ਪੈਣਾ
ਤੁਰਨ ਬਿਨਾਂ ਨਹੀਂ ਸਰਨਾ
ਨਾ ਰੁਕਣਾ ਨਾ ਕਿਸੇ ਰੋਕਣਾ
ਨਾ ਕੋਈ ਹੰਝੂ ਕਿਰਨਾ
ਨਾ ਕੋਈ ਰੰਜ ਨਾ ਪਛਤਾਵਾ
ਸ਼ਿਕਵਾ ਕਿਸ ਨਾਲ ਕਰਨਾ?
ਤੁਰਦੇ ਜਾਣਾ ਝੁਰਦੇ ਜਾਣਾ
ਹਰ ਔਖ-ਸੌਖ ਨੂੰ ਜਰਨਾ
ਲੰਮੜਾ ਬਿਖੜਾ ਪੰਧ ਸੁਣੀਂਦਾ
ਕਿਤੇ ਪੜਾਅ ਨਾ ਕਰਨਾ
ਮੰਜ਼ਿਲ ਪਹੁੰਚ ਕੇ ਨਿੱਸਲ ਹੋਣਾ
ਹੋਇ ਨੂਰ ਫਿਰ ਝਰਨਾ

ਜਿੰਦੇ ਨੀ
ਹੁਣ ਤੁਰਨਾ ਪੈਣਾ
ਤੁਰਨ ਬਿਨਾਂ ਨਹੀਂ ਸਰਨਾ

Thursday, 8 August 2013

ਰਸਤਾ - ਜਗਮੋਹਨ ਸਿੰਘ

ਕਿਧਰੇ ਵੀ ਨਹੀਂ ਜਾਂਦਾ ਇਹ ਰਸਤਾ
ਕਿਤੇ ਵੀ ਨਹੀਂ ਪਹੁੰਚਾਉਂਦਾ ਇਹ ਰਸਤਾ
ਜਾਂਦਾ ਹੈ ਜੋ ਵੀ ਇਸ ਰਸਤੇ
ਪਰਤ ਆਉਂਦਾ ਹੈ
ਉਸੇ ਜਗ੍ਹਾ ਵਾਪਸ
ਅੱਕਿਆ ਥੱਕਿਆ
ਚਲਿਆ ਸੀ ਜਿਥੋਂ
ਲੰਮੀਆਂ ਵਾਟਾਂ ਗਾਹੁਣ
ਨਵੀਆਂ ਮੰਜ਼ਿਲਾਂ ਛੁਹਣ
ਤੇ ਸੌਂ ਜਾਂਦਾ ਹੇ ਲੰਮੀਂ ਨੀਂਦੇ
......................................... - ਜਗਮੋਹਨ ਸਿੰਘ

Saturday, 3 August 2013

ਬਜ਼ਾਰ - ਜਗਮੋਹਨ ਸਿੰਘ

ਨਵੇਂ ਯੁਗ ਦਾ ਪ੍ਰਭੂ ਹੈ
ਬਜ਼ਾਰ
ਦਿਸੇ ਭਾਵੇਂ ਜਾਂ ਨਾਂਹ
ਮੌਜੂਦ ਹੈ ਹਰ ਥਾਂ

ਪਤੀ-ਪਤਨੀ ਜਦੋਂ ਮਿਲਦੇ ਨੇ
ਬਜ਼ਾਰ ਦੀ ਮਹੀਨ ਜਿਹੀ ਪਰਤ
ਉਨ੍ਹਾਂ ਵਿਚਾਲੇ ਮੌਜੂਦ ਰਹਿੰਦੀ ਹੈ
ਪਿਓ-ਪੁਤ, ਭੈਣ-ਭਰਾ ਦਰਮਿਆਨ ਬਾਜ਼ਾਰ ਹੈ
ਆਸ਼ਕ ਮਾਸ਼ੂਕ ਵਿਚਾਲੇ ਵੀ

ਇਨਸਾਫ਼ ਕਰ ਰਹੇ ਜੱਜ ਦੇ ਪੈੱਨ ਦੀ ਨੋਕ ਲਿਖਦੀ ਬਜ਼ਾਰ ਹੈ
ਆਪਾਂ ਪੜ੍ਹਦੇ ਕੁਝ ਹੋਰ ਹਾਂ

ਸਕੂਲ ਕਾਲਜ ਯੂਨੀਵਰਸਿਟੀਆਂ ਬਾਜ਼ਾਰ ਨੇ
ਅਧਿਆਪਕ ਅਧਿਆਪਨ ਤੇ ਡਿਗਰੀਆਂ ਵੀ

ਮੀਡੀਆ  ਬਜ਼ਾਰ ਹੈ
ਪਤਾ ਭਾਵੇਂ ਨਾ ਲੱਗੇ
ਆਪਾਂ ਦੇਖਦੇ ਸੁਣਦੇ ਪੜ੍ਹਦੇ ਬਜ਼ਾਰ ਹੀ ਹਾਂ

ਸਿਆਸਤ ਬਜ਼ਾਰ ਹੈ
ਮੁਲਕਾਂ ਦੇ ਹਿੱਤ ਬਜ਼ਾਰ ਨੇ
ਬਜ਼ਾਰ ਜਦੋਂ ਟਕਰਾਉਂਦੇ ਨੇ
ਲੜਦੇ-ਭਿੜਦੇ ਨੇ
ਸਿੰਗ ਫਸਾਉਂਦੇ ਨੇ
ਯੂ ਐੱਨ ਓ ਦੇ ਯਖ਼ ਠੰਢੇ ਜਿਸਮ
ਵਿਚ ਜ਼ੁੰਬਸ਼ ਆਉਂਦੀ ਹੈ
ਤੇ ਉਦੋਂ ਤਕ ਰਹਿੰਦੀ ਹੈ
ਜਦੋਂ ਤੀਕ ਵੱਡਾ ਬਜ਼ਾਰ ਨੂੰ
ਛੋਟੇ ਬਜ਼ਾਰ ਨੂੰ ਡੀਕ ਨਹੀਂ ਲੈਂਦਾ

ਖੇਡ ਬਾਜ਼ਾਰ ਹੈ
ਛੱਕਾ ਲਗਦਾ ਹੈ
ਪੈਪਸੀ ਵਿਕਦਾ ਹੈ
ਫੁਟਬਾਲ ਗੋਲ ਦੀ ਲਾਈਨ ਪਾਰ ਕਰਦੀ ਹੈ
ਕੋਕ ਵਿੱਕਦਾ ਹੈ

ਮਨਾਂ ਵਿਚ ਪਣਪ ਰਹੀ ਅਸੁਰਖਿਆ ਬਜ਼ਾਰ ਹੈ
ਇਸ ਦਾ ਸਮਾਧਾਨ ਵੀ ਬਜ਼ਾਰ ਹੈ

ਬਾਜ਼ਾਰ ਸਾਨੂੰ ਲਗਾਤਾਰ ਭੋਗਦਾ ਹੈ
ਭਾਵੇਂ ਜਾਪਦਾ ਇਹ ਹੈ ਕਿ ਅਸੀਂ ਬਾਜ਼ਾਰ ਨੂੰ ਭੋਗ ਰਹੇ ਹਾਂ

ਤੁਸੀਂ ਮੈਨੂੰ ਪੁਛਿਆ ਹੈ ਕਿ
ਕੌਣ ਮੁਕਤ ਹੈ ?
ਮੈਂ ਕਹਿੰਦਾ ਹਾਂ ਕਿ
ਉਹੀ ਮੁਕਤ ਹੈ ਜੋ ਬਾਜ਼ਾਰ ਤੋਂ ਮੁਕਤ ਹੈ

Saturday, 20 July 2013

ਮੈਂ ਪੁਛਿਆ ਫੁੱਲਾਂ ਨੂੰ - ਜਗਮੋਹਨ ਸਿੰਘ

ਮੈਂ ਪੁਛਿਆ ਫੁੱਲਾਂ ਨੂੰ
ਮਿਤਰੋ ! ਕੀ ਹਾਲ ਹੈ
ਫੁਲ ਹੱਸ ਪਏ ਤੇ ਕਿਹਾ
ਤੁਹਾਡਾ ਹੀ ਖਿਆਲ ਹੈ
ਹੱਸ ਮੈਂ ਵੀ ਪਿਆ
ਤੇ ਫੁੱਲ ਹੋਰ ਉਚੀ.
ਫੁੱਲਾਂ ਦੇ ਹਸਣ ਨਾਲ ਹੀ
ਪੌਣ ਰੁਮਕਣ ਲੱਗੀ
ਭੰਵਰੇ ਮਧੂ-ਮੱਖੀਆਂ ਨੱਚਣ ਲੱਗੇ
ਕਾਲ਼ੀਆਂ ਭੂਰੀਆਂ ਬਦਲੀਆਂ ਨੇ
ਸੂਰਜ ਨੂੰ ਢਕ ਲਿਆ
ਛਮ-ਛਮ ਮੀਂਹ ਵਰਸਣ ਲੱਗਾ
ਹੁਣ ਸਾਨੂੰ ਨਵੀਆਂ ਕੌਂਪਲਾਂ
ਦੇ ਪੁੰਗਰਨ ਦਾ ਇੰਤਜ਼ਾਰ ਹੈ

.................................... ਜਗਮੋਹਨ ਸਿੰਘ

Tuesday, 9 July 2013

ਮੁਸਾਫਰ ਤੁਰਦੇ ਭਲੇ - ਜਗਮੋਹਨ ਸਿੰਘ

ਮੁਸਾਫਰ ਤੁਰਦੇ ਭਲੇ
ਤੁਰਦੇ ਜਾਈਏ 
ਇਕ ਗਿਰਾਂ ਤੋਂ ਦੂਜੇ ਗਿਰਾਂ
ਇਕ ਜੂਨ ਤੋਂ ਅਗਲੀ ਜੂਨੇ
ਇੰਝ ਹੀ ਆਉਧ ਹੰਡਾਈਏ
ਤੁਰਦੇ ਜਾਈਏ
ਮੁਸਾਫਰ ਤੁਰਦੇ ਭਲੇ
ਤੁਰਦੇ ਜਾਈਏ

ਕੁਝ ਨਾ ਪੱਲੇ ਬੰਨੀਏਂ ਸਿਵਾ ਯਾਦਾਂ ਦੇ
ਸਭ ਕੁਝ ਛੱਡ ਜਾਈਏ
ਪੀੜਾਂ ਯਾਦਾਂ ਦਾ ਸੰਗ ਚਿਰੋਕਾ
ਕਿਉਂ ਵਿਛੋੜਾ ਪਾਈਏ
ਪੀੜਾਂ ਨੂੰ ਵੀ ਨਾਲ ਲੈ ਚਲੀਏ
ਸੁੱਤੀ ਕਸਕ ਜਗਾਈਏ
ਮੁਸਾਫਰ ਤੁਰਦੇ ਭਲੇ
ਤੁਰਦੇ ਜਾਈਏ

ਤੁਰ ਤੁਰ ਖੁਰੀਏ ਤੁਰ ਤੁਰ ਭੁਰੀਏ
ਭੁਰ ਖੁਰ ਰੁਖ਼ਸਤ ਪਾਈਏ
ਉਹ ਦੁਨੀਆਂ ਜੋ ਹੈ ਨਹੀਂ ਵੱਸੀਏ
ਭਟਕਣ ਸਗਲ ਮੁਕਾਈਏ


ਤੁਰਦੇ ਜਾਈਏ
ਮੁਸਾਫਰ ਤੁਰਦੇ ਭਲੇ
ਤੁਰਦੇ ਜਾਈਏ 

Sunday, 9 June 2013

ਕਿੰਨਾ ਉਪਯੋਗੀ ਹੇ ਬਜ਼ਾਰ - ਜਗਮੋਹਨ ਸਿੰਘ

ਧੀ ਕਹਿੰਦੀ ਹੈ
ਮਾਂ ਮੈਨੂੰ ਚੰਨ ਚਾਹੀਦਾ
ਪੂਰਨਮਾਸ਼ੀ ਦਾ
ਸਾਬਤ ਸਬੂਤਾ
ਦੁੱਧ ਨਾਲੋਂ ਚਿੱਟਾ
ਸਿਰਫ਼ ਆਪਣੇ ਲਈ

ਮਾਂ ਸਮਝਾਉਂਦੀ ਹੈ :
ਪੂਰਨਮਾਸ਼ੀ ਦਾ ਚੰਨ ਤਾਂ ਬੇਵਫਾ ਹੈ
ਖਿਸਕ ਜਾਏਗਾ ਹੌਲੀ ਹੌਲੀ ਤੇਰੇ ਹਥੋਂ
ਰੋਏਂਗੀ ਕੱਲੀ ਬਹਿ ਕੇ
ਮੱਸਿਆ ਦੀ ਰਾਤ ਨੂੰ
ਖਿਡੌਣੇ ਹੋਰ ਵੀ ਮਿਲਦੇ ਨੇ ਬਜ਼ਾਰ ’ਚ
ਚੰਨ ਨਾਲੋਂ ਸੁਹਣੇ ਤੇ ਟਿਕਾਊ ਵੀ
ਪ੍ਰੋਗਰੈਮਿੰਗ ਵੀ ਕਰ ਸਕਦੀਂ ਏਂ ਜਿਨ੍ਹਾਂ ਦੀ
ਆਪਣੇ ਹਿਸਾਬ ਨਾਲ,
ਲੈ ਦਿਆਂਗੀ ਜਿਸ ਤੇ ਵੀ ਹੱਥ ਰਖੇਂਗੀ

ਅਗਲੇ ਸੰਡੇ ਹੀ
ਛੱਪ ਜਾਂਦਾ ਹੈ ਅਖਬਾਰ ’ਚ ਮੈਟਰੀਮੋਨੀਅਲ
ਸ਼ੁਰੂ ਹੋ ਜਾਂਦੀ ਹੈ ਖ਼ਰੀਦੋ-ਫ਼ਰੋਖ਼ਤ
ਤੁਸੀਂ ਕਹੋਗੇ ਕਿ
ਕਿੰਨਾ ਉਪਯੋਗੀ ਹੇ ਬਜ਼ਾਰ !
........................................... - ਜਗਮੋਹਨ ਸਿੰਘ

Friday, 31 May 2013

ਕਿਦ੍ਹੇ ਨਾਲ ਗੱਲ ਕਰੀਏ - ਜਗਮੋਹਨ ਸਿੰਘ

ਕਿਦ੍ਹੇ ਨਾਲ ਗੱਲ ਕਰੀਏ
ਦਰ ਕਿਸ ਦਾ  ਖੜਕਾਈਏ ?
ਕਿਸ ਕੋਲ ਦਿਲ ਖੋਹਲੀਏ
ਗੱਲ ਕਿਸ ਨੂੰ ਸਮਝਾਈਏ
ਹਰ ਕੋਈ ਹੈ ਹਿੱਤ ਨਾਲ ਬੱਝਾ
ਅਣਹੋਣੀ ਦੀ ਚਿੰਤਾ ਵਿਚ ਰੁੱਝਾ
ਦੋਸਤੀ ਵੀ ਤਾਂ ਹਿੱਤ ਹੈ
ਕੌਣ ਹੈ ਜੋ ਮਿੱਤ ਹੈ - ਸਿਰਫ਼ ਮਿੱਤ ਹੈ
ਸਰਵ ਪ੍ਰਥਮ ਮੈਂ ਹਾਂ
ਮੈਥੋਂ ਬਾਅਦ ਮੇਰੇ ਬੱਚੇ ਨੇ
ਮੇਰੀ ਪਤਨੀ ਹੈ
ਮਾਪੇ ਤਾਂ ਕਿਤੇ ਪਿੱਛੇ ਨੇ
ਉਹ ਤਾਂ ਜਾ ਰਹੇ ਨੇ ਮੇਰੀ ਹੀ ਚਿੰਤਾ ’ਚ  ਗ੍ਰਸੇ
ਮੇਰੇ ਹਿਸੇ ਦਾ ਵੀ ਦੁੱਖ ਭੋਗ-ਭੋਗ  ਕੇ
ਮੇਰੀਆਂ ਅੱਖਾਂ ਵਿਚਲੀ ਨਮੀਂ ਚਿਰ-ਸਥਾਈ ਨਹੀਂ
ਇਹ ਤਾਂ ਅਰਥੀ ਦੀ ਅੱਗ ਨਾਲ ਹੀ ਸੁੱਕ ਜਾਣੀ ਹੈ
ਜਾਓ ਪਿਤਰੋ ਜਾਓ
ਮਿਰਤੂ ਲੋਕ ਚੋਂ ਵਿਦਾਇਗੀ ਪਾਓ
ਕਿਹੜਾ ਸਾਥ ਹੈ ਜੋ ਚਿਰ-ਸਥਾਈ ਹੈ
ਤੁਸਾਂ ਆਪਣੇ ਹਿੱਸੇ ਦੀ ਖ਼ੂਬ ਨਿਭਾਈ ਹੈ
ਇਕ ਯਾਦ ਹੈ ਜੋ ਪਹਿਲਾਂ ਪਹਿਲ ਤੜਪਾਂਦੀ ਹੈ
ਫਿਰ ਘਿਸਦੀ ਘਿਸਦੀ ਘਿਸਦੀ ਮੁੱਕ ਜਾਂਦੀ ਹੈ
ਕਦੇ ਕਦਾਈਂ ਪੋਤੇ ਪੁਛਦੇ ਨੇ
ਆਪਣੇ ਬਾਪ ਦੀ ਗੱਲ ਸੁਣਾਓ
ਕੀ ਉਹ ਮਿਰੇ ਬਾਪ ਤੋਂ ਵਧੀਆ ਸੀ
ਮੈਂ ਸਿਰ ਨੀਵਾਂ ਕਰ ਦਿਲ ਟਟੋਲਦਾਂ
ਤੇ ਧੀਮੀ ਆਵਾਜ਼ ਚ ਬੋਲਦਾਂ
ਤੇਰੇ ਬਾਪ ਦੇ ਬਾਪ ਨਾਲੋਂ ਜ਼ਰੂਰ ਵਧੀਆ ਸੀ
ਤੇ ਹੰਝੂ ਲੁਕਾ ਲੈਂਦਾਂ
.......................................................... - ਜਗਮੋਹਨ ਸਿੰਘ

Tuesday, 28 May 2013

ਦੁੱਖ ਨੇ - ਜਗਮੋਹਨਸਿੰਘ

ਦੁੱਖ ਨੇ
ਕਿ ਹਿਲਦੇ ਈ ਨਹੀਂ
ਮੇਰੇ ਦਰਵਾਜ਼ੇ
ਅੱਗੋਂ
ਡੇਰਾ ਜਮਾਈ ਬੈਠੇ ਰਹਿੰਦੇ ਨੇ
ਜਿਵੇਂ ਉਨ੍ਹਾਂ ਦਾ ਪੱਕਾ ਠਿਕਾਣਾ
ਇਹੀ ਹੋਵੇ

ਸੁੱਖ ਨੇ
ਕਿ ਝਾਕਦੇ ਈ ਨਹੀਂ
ਇੱਧਰ
ਪਹਿਚਾਣਦੇ ਈ ਨਹੀਂ
ਮਿਲਣ ਤੇ
ਹੂੰ ਕਹਿ ਕੇ ਮੂੰਹ ਭੁਆ ਲੈਂਦੇ ਨੇ

ਹੁਣ ਤਾਂ ਦੁੱਖਾਂ ਨਾਲ ਹੀ
ਸਾਂਝ ਹੈ
ਦੋਸਤੀ ਹੈ
ਪੱਕੀ ਪੀੱਡੀ ਅਤੇ ਸੁਦ੍ਰਿੜ
ਉਨ੍ਹਾਂ ਨਾਲ ਹੀ ਉੱਠਣ ਬੈਠਣ ਹੈ
ਕਦੇ-ਕਦਾਈਂ ਨਾ ਮਿਲਣ ਤਾਂ
ਉਦਾਸ ਹੋ ਜਾਈਦੈ
............................................... - ਜਗਮੋਹਨਸਿੰਘ

Thursday, 23 May 2013

ਸਿੱਕੇ ਦੋ ਪਾਸੇ - ਜਗਮੋਹਨ ਸਿੰਘ

**ਇੱਕ ਪਾਸਾ**

ਦੁਪਾਏ ਤੋਂ ਚੁਪਾਇਆ ਬਣਨਾ ਕੁਝ ਵੀ ਨਹੀਂ ਮੁਸ਼ਕਿਲ
ਗਰਦਨ ਨੂੰ ਉੱਪਰ ਨਾ ਚੁੱਕਣਾ ਕੁਝ ਵੀ ਨਹੀਂ ਮੁਸ਼ਕਿਲ
ਜ਼ੁਲਮ ਨੂੰ ਚੁੱਪ-ਚਾਪ ਸਹੀ ਜਾਣਾ ਬਿਲਕੁਲ ਨਹੀਂ ਮੁਸ਼ਕਿਲ
ਅਸਲੀਅਤ ਤੋਂ ਅੱਖਾਂ ਚੁਰਾਣਾ ਬਿਲਕੁਲ ਨਹੀਂ ਮੁਸ਼ਕਿਲ
ਖੁੱਲ੍ਹੀਆਂ ਅੱਖਾਂ ਹੋਣ ਤੇ ਕੁਝ ਨਾ ਦਿਸੇ ਇਹ ਵੀ ਨਹੀਂ ਮੁਸ਼ਕਿਲ
ਕੰਨ ਖੁਲ੍ਹੇ ਹੋਣ ਤੇ ਕੁਝ ਨਾ ਸੁਣਨ ਇਹ ਵੀ ਨਹੀਂ ਮੁਸ਼ਕਿਲ
ਜ਼ੁਬਾਨ ਹੋਵੇ ਤੇ ਕੁਝ ਨਾ ਬੋਲੇ ਹਰਗਿਜ਼ ਨਹੀਂ ਮੁਸ਼ਕਿਲ
ਆਪਣੇ ਆਪ ਸਿੱਖ ਜਾਂਦਾ ਹੈ ਇਹ ਤਾਂ ਹਰ ਕੋਈ
ਦਿੱਲ ਚ ਦਰਦ ਹੁੰਦਾ ਹੈ ਫਿਰ ਵੀ ਮੁਸਕੁਰਾਂਦਾ ਹੈ ਹਰ ਕੋਈ
ਸਮਝੌਤਾ ਆਦਤ ਜਿਹੀ ਬਣ ਜਾਂਦਾ ਹੈ ਹਰ ਕਿਸੇ ਦੀ

 **ਦੂਜਾ ਪਾਸਾ **

ਕੁਝ ਐਦਾਂ ਦੇ ਵੀ ਲੋਕ ਹੁੰਦੇ ਨੇ ਜੋ ਕੁਝ ਨਹੀਂ ਸਿਖਦੇ
ਤਜਰਬੇ ਤੋਂ ਵੀ ਨਹੀਂ
ਉਨ੍ਹਾਂ ਦੀ ਰੀੜ ਦੀ ਹੱਡੀ  ਫ਼ੌਲਾਦ ਦੀ ਬਣੀ ਹੁੰਦੀ ਹੈ
ਜੋ ਲਿਫ਼ਦੀ ਨਹੀਂ
ਨਜ਼ਰਾਂ ਉਨ੍ਹਾਂ ਦੀਆਂ ਨਹੀਂ ਝੁਕਦੀਆਂ 
ਮੌਤ ਸਾਹਵੇਂ ਵੀ
ਦਿਮਾਗ ਉਨ੍ਹਾਂ ਦਾ  ਸਰਸ਼ਾਰ ਹੁੰਦਾ ਹੈ
ਗਿਆਨ ਦੀ ਰੌਸ਼ਨੀਂ ਨਾਲ
ਵਿਸਵਾਸ਼ ਉਨ੍ਹਾਂ ਦਾ ਨਹੀਂ ਡੋਲਦਾ
ਧੱਕੇ-ਮੁੱਕੇ, ਲਾਠੀ-ਗੋਲੀ, ਜੇਲ੍ਹ-ਜਲਾਵਤਨੀਂ ਨਾਲ ਵੀ ਨਹੀਂ
ਇੱਕਾ-ਦੁੱਕਾ ਇਹ ਲੋਕ ਬੁਨਿਆਦ ਦੀ ਇੱਟ ਹੁੰਦੇ ਨੇ
ਜੁਗਨੂੰ ਵਾਂਗ ਕੁਝ ਦੇਰ ਟਿਮਟਮਾਉਂਦੇ ਨੇ
ਫਿਰ ਗੁੰਮ ਹੋ ਜਾਂਦੇ ਨੇ
ਨ੍ਹੇਰੀ ਰਾਤ ਉਨ੍ਹਾਂ ਨੂੰ ਨਿਗਲ ਲੈਂਦੀ ਹੈ
ਕਝ ਦੇਰ ਲਈ
ਪਰ ਉਹ ਫ਼ਿਨਿਕਸ ਵਾਂਗੂੰ ਫਿਰ ਪੈਦਾ ਹੁੰਦੇ ਨੇ
ਆਪਣੀ ਹੀ ਰਾਖ ਚੋਂ
ਆਪਣੀ ਹੀ ਮੌਤ ਦਾ ਗੀਤ
ਫਿਰ ਤੋਂ ਗਾਣ ਲਈ
.............................................................. - ਜਗਮੋਹਨ ਸਿੰਘ

Monday, 20 May 2013

ਇੰਕਸ਼ਾਫ਼ - ਜਗਮੋਹਨ ਸਿੰਘ

ਮੇਰਾ ਸੀਨਾ
ਮੇਰੀ ਖ਼ਾਮੋਸ਼ੀ ਦੇ ਖ਼ੰਜਰ ਨਾਲ ਹੀ ਛਲਣੀ ਹੋ ਗਿਆ
ਮੈਂ  ਜੀਅ ਕਿਥੇ ਰਿਹਾਂ  ਦੋਸਤੋ
ਬੋਝ ਢੋ ਰਿਹਾਂ ਇਕ ਲਾਸ਼ ਦਾ
ਜਿਸਮ ਚੋਂ ਰੂਹ ਕਦ ਦੀ ਪਰਵਾਜ਼ ਕਰ ਚੁੱਕੀ ਹੈ
ਬਾਰ ਬਾਰ ਝੁਕਣ ਨਾਲ
ਮੇਰੀ ਕਮਰ ਤੀਰ ਕਮਾਨ ਹੋ ਗਈ ਹੈ
ਮੈਂ  ਸਿੱਧਾ ਖੜਨਾ ਹੀ ਭੁੱਲ ਗਿਆਂ ਦੋਸਤੋ
ਜ਼ਿੰਦਗੀ ਆਖਦੀ ਹੈ ਮੇਰੀਆਂ ਅੱਖਾਂ ਚ ਝਾਕ
ਮੈਂ ਤਾਂ ਸਿਰ ਚੁੱਕਣਾਂ ਹੀ ਭੁੱਲ ਗਿਆਂ ਦੋਸਤੋ
................................................................... - ਜਗਮੋਹਨ ਸਿੰਘ

Friday, 10 May 2013

ਫੁੱਲ - ਜਗਮੋਹਨ ਸਿੰਘ

ਫੁੱਲ ਪਹੁੰਚਦੇ ਨੇ
ਮਨੁੱਖ ਕੋਲ
ਗੁਲਦਸਤਿਆਂ, ਲੜੀਆਂ ਤੇ ਹਾਰਾਂ ਦੇ ਰੂਪ ਵਿਚ
ਡਾਲੀ ਨਾਲੋਂ ਟੁੱਟ ਕੇ
ਆਪਣੀ ਮਰਜ਼ੀ ਦੇ ਖ਼ਿਲਾਫ਼

ਉਹ ਪਹੁੰਚਦੇ ਨੇ
ਤਿਤਲੀਆਂ ਭੌਰਿਆਂ ਮਧੂਮੱਖੀਆਂ ਕੋਲ
ਤਾਜ਼ਗੀ ਮਹਿਕ ਤੇ ਰੰਗਾਂ ਦੇ ਰੂਪ ਵਿਚ
ਡਾਲੀ ਉੱਪਰ ਖਿੜ ਕੇ
ਆਪਣੀ ਮਰਜ਼ੀ ਨਾਲ

ਤੁਸੀਂ ਪੁਛੋਗੇ ਫਰਕ ਕਿਉਂ ?
ਮੈਂ ਕਹਾਂਗਾ
ਬਜ਼ਾਰ ਕਿੰਨੇ ਵੰਨ-ਸੁਵੰਨੇ ਨੇ !
ਕਿੰਨੀਂ ਚਕਾਚੌਂਧ ਹੈ !!
.................................. -  ਜਗਮੋਹਨ ਸਿੰਘ

Wednesday, 8 May 2013

ਤੁਹਾਡਾ ਸੁਆਲ - ਜਗਮੋਹਨ ਸਿੰਘ

ਤੁਹਾਡਾ ਸੁਆਲ ਹੈ ਕਿ
ਮਨੁੱਖ ਹੀ ਕਿਉਂ ਜਾਂਦਾ ਹੈ
ਬਰੂਦ ਦੇ ਢੇਰ ਵੱਲ,
ਮਧੂ-ਮੱਖੀਆਂ, ਤਿੱਤਲੀਆਂ ਤੇ ਭੌਰੇ  ਕਿਉਂ ਨਹੀਂ ?
ਮੇਰਾ ਜੁਆਬ ਹੈ ਕਿ
ਉਹ ਤਾਂ ਸਕੂਲਾਂ ’ਚ ਵੀ ਨਹੀਂ ਜਾਂਦੇ
ਭਾਰੇ-ਭਾਰੇ ਬਸਤੇ ਚੁੱਕ ਕੇ,
ਬੈਂਕਾ ’ਚ ਵੀ ਨਹੀਂ ਜਾਂਦੇ
ਹੱਥਾਂ ’ਚ ਚੈੱਕ-ਬੁਕਾਂ ਫੜ ਕੇ,
ਥਿਏਟਰਾਂ, ਕੱਲਬਾਂ, ਪੱਬਾਂ ਚ ਵੀ ਨਹੀਂ ਜਾਂਦੇ
ਜੀ ਬਹਿਲਾਉਣ,
ਮੰਦਰਾਂ, ਮਸਜਿਦਾਂ ਗੁਰਦੁਆਰਿਆਂ 'ਚ ਵੀ ਨਹੀਂ ਜਾਂਦੇ
ਭੁੱਲਾਂ ਬਖਸ਼ਾਉਣ,
ਨਾ ਉਨ੍ਹਾਂ ਨੂੰ ਅਰਥ ਸਾਸ਼ਤਰ ਦੀ ਕੁਝ ਸਮਝ ਹੈ
’ਤੇ ਨਾ ਹੀ ਰਾਜਨੀਤੀ ਸਾਸ਼ਤਰ ਦੀ.
.................................................. - ਜਗਮੋਹਨ ਸਿੰਘ

Saturday, 4 May 2013

ਪਵਣ ਗੁਰੂ - ਜਗਮੋਹਨ ਸਿੰਘ

ਪਵਣ ਗੁਰੂ  ਆਸੀਸ ਦੇ
ਆਸੀਸ ਦੇ, ਬਖਸ਼ਿਸ਼ ਕਰ
ਦਿਲ ਮੇਰਾ ਦਰਦ ਦੇ
ਜਜ਼ਬੇ ਦੇ ਨਾਲ ਭਰ
 ਗ਼ਮ ਦੇ ਬੇਸ਼ੁਮਾਰ
ਦੇ ਜਜ਼ਬਾਤ ‘ਤੇ ਅਖਤਿਆਰ    
ਹਿੰਮਤ ਦੇ ਹੌਂਸਲਾ ਦੇ,
ਦੇ ਬੇਹਿਸਾਬ ਜਜ਼ਬਾ-ਇ-ਪਿਆਰ
ਰਵਾਨਗੀ ਦੇ ਤੋਰ ਦੇ
ਖੜੋਤ ਤੋਂ ਨਿਜਾਤ ਦੇ
ਖਤਮ ਹੋਵੇ ਅੰਧਕਾਰ

Wednesday, 1 May 2013

ਬਹੁਤ ਵੇਰ - ਜਗਮੋਹਨ ਸਿੰਘ

ਬਹੁਤ ਵੇਰ ਦਸਤਕ ਹੋਈ
ਸੁਗੰਧੀਆਂ ਦੀ ਬੂਹੇ ਤੇ
ਬਹੁਤ ਵੇਰ ਬੁਲਾਵੇ ਆਏ
ਰੰਗੀਨੀਆਂ ਦੇ ਪੌਣਾਂ ਹਥੀਂ
ਬਹੁਤ ਵੇਰ ਸੈਨਤਾਂ ਹੋਈਆਂ
ਮੌਜਾਂ ਲਈ ਬਹਾਰਾਂ ਦੀਆਂ

ਪਰ ਮੈਂ ਜ਼ਿੰਮੇਵਾਰੀਆਂ ਦੇ ਸੰਗਲਾਂ ’ਚ ਜਕੜਿਆ
ਸੰਸਕਾਰਾਂ ਮਾਨਤਾਵਾਂ ਦੇ ਜਾਲ ’ਚ ਉਲਝਿਆ
ਬਾਪੂ ਦਾ ਭਰ ਵੰਡਾਉਣ ਦੀ ਚਿੰਤਾ ’ਚ ਗ਼ਲਤਾਨ
ਲੀਕ ਤੋਂ ਲਾਂਭੇ ਨਾ ਹੋ ਸਕਿਆ

ਉਮਰ ਦੇ ਇਸ ਲੌਢੇ ਵੇਲੇ,
ਝਾਤ ਜਦੋਂ ਪਿਛੇ ਮਾਰਦਾਂ
ਸੋਚਾਂ ਦੇ ਸਮੁੰਦਰ ’ਚ ਡੁੱਬ ਜਾਂਦਾਂ
ਟੀਸ ਉਪਜਦੀ ਹੈ ਮਨ ’ਚ
ਪਛਤਾਵਾ ਨਹੀਂ ਹੁੰਦਾ
ਕਿਸੇ ਗੱਲ ਲਈ ਵੀ ਨਹੀਂ
...................................... - ਜਗਮੋਹਨ ਸਿੰਘ

Monday, 22 April 2013

ਪੈੜ ਹੈ ਕੁਰਬਾਨੀਆਂ ਦੀ - ਜਗਮੋਹਨ ਸਿੰਘ

ਪੈੜ ਹੈ ਕੁਰਬਾਨੀਆਂ ਦੀ
ਲਹੂ ਨਾਲ ਲਿਬੜੀ ਲਿਥੜੀ
ਦਿਸਹੱਦਿਆਂ ਤੋਂ ਪਰ੍ਹਾਂ
ਪਤਾ ਨਹੀਂ ਕਿਥੋਂ ਹੈ ਸ਼ੁਰੂ ਹੁੰਦੀ
ਤੇ ਕਿਥੇ ਹੈ ਮੁੱਕਦੀ
ਕਦੇ ਕਦੇ ਕੋਈ ਮਨਚਲਾ
ਇਸ ਪੈੜ 'ਚ ਪੈਰ ਰਖਣ ਦੀ ਹੈ ਠਾਣਦਾ
ਦੁੱਖ ਤਕਲੀਫਾਂ ਹੈ ਝੇਲਦਾ
ਨਹੀਂ ਨਹੀਂ,
ਉਹ ਤਾਂ ਹੈ ਮਾਣਦਾ
ਪੈੜ  ਹੁੰਦੀ ਹੈ ਹੋਰ ਢੂੰਘੇਰੀ
ਸਾਂਝ ਮਨੁੱਖਤਾ ਨਾਲ  ਹੋਰ ਪਕੇਰੀ

ਮਾਏ ਨੀਂ !
ਨ੍ਹੇਰੀ ਰਾਤ ’ਚ  ਇੱਕ ਹੋਰ ਜੁਗਨੂੰ ਟਿਮਟਮਾਵੇ ਪਿਆ
ਜੰਗਲ ’ਚ ਇੱਕ ਹੋਰ ਫੁੱਲ ਹੈ ਉੱਗ ਗਿਆ

Tuesday, 9 April 2013

ਕਾਹਲੀ ਸੀ ਸ਼ਹਿਰ ਪਰਤਣ ਦੀ - ਜਗਮੋਹਨ ਸਿੰਘ

ਜੰਗਲ ਸੀ
ਬਹੁਤ ਸੰਘਣਾਂ ਹਰਿਆਲੀ ਭਰਿਆ,
ਛਾਵਾਂ ਸਨ ਗਹਿਰੀਆਂ ਕਾਲੀਆਂ
ਇਕ ਦੂਜੇ ਨਾਲ ਖਹਿੰਦੇ ਰੁੱਖਾਂ ਦੀਆਂ
ਅਲਸਾਉਣ ਲਈ ਨਿਮੰਤ੍ਰਿਤ ਕਰਦੀਆਂ.

ਚਹਿਚਹਾਟ ਸੀ
ਅਤਿਅੰਤ ਮਨਮੋਹਕ
ਭਾਂਤ ਭਾਂਤ ਦੇ ਪੰਛੀਆਂ ਦੀ
ਗਾ ਰਹੇ ਸਨ
ਰਾਗ ਭੈਰਵੀ
ਰਾਗ ਮਲ੍ਹਾਰ
ਨਗ਼ਮਾ-ਏ-ਬਹਾਰ
ਵਜਦ ਵਿਚ.

ਖ਼ੁਸ਼ਬੂਆਂ ਸਨ
ਸੱਜਰੇ ਖਿੜੇ ਵੰਨਸੁਵੰਨੇ ਫੁੱਲਾਂ ਦੀਆਂ
ਰੋਕ ਰਹੀਆਂ ਸਨ ਰਸਤਾ ਬਾਰ ਬਾਰ

ਪਰ ਮੈਂ ਨਹੀਂ ਰੁੱਕ ਸਕਿਆ
ਮਾਣ ਨਾ ਸਕਿਆ
ਛਾਵਾਂ ਸੰਘਣੀਆਂ
ਖੁਸ਼ਬੋਈਆਂ ਫੁੱਲਾਂ ਦੀਆਂ
ਸੁਗਮ ਸੰਗੀਤ ਪੰਛੀਆਂ ਦਾ
ਕਾਹਲੀ ਸੀ ਸ਼ਹਿਰ ਪਰਤਣ ਦੀ.

ਸ਼ਹਿਰ ’ਚ ਮੇਰਾ ਨਾਮ-ਪਤਾ ਸੀ
ਇੰਤਜ਼ਾਰ ਕਰ ਰਹੀ ਪਤਨੀ ਸੀ
ਰਾਹ ਭਾਂਪ ਰਹੀ ਪੈੜ ਸੀ
ਜੂਝ ਰਹੇ ਦੋਸਤ ਸਨ

ਮੈਂ ਹੁਣ ਇੱਛ ਕੇ ਵੀ ਵਾਪਿਸ ਨਹੀਂ ਭੌਂ ਸਕਦਾ
ਜੰਗਲ ਜਿਵੇਂ ਮੇਰੇ ਲਈ ਵਿਵਰਜਿਤ ਹੈ

Monday, 8 April 2013

ਅਜੀਬ ਸ਼ੈਅ ਹੈ ਫੁੱਲ ਵੀ - ਜਗਮੋਹਨ ਸਿੰਘ

ਅਜੀਬ ਸ਼ੈਅ ਹੈ ਫੁੱਲ ਵੀ
ਮੁਸਕੁਰਾਈ ਜਾਂਦੈ ਤੁਹਾਡੇ ਵੱਲ ਵੇਖ ਵੇਖ
ਤਿਊੜੀਆਂ ਭਾਵੇਂ ਤੁਸੀਂ ਲੱਖ ਪਾਓ
ਮੂੰਹ ਭਾਵੇਂ ਤੁਸੀਂ ਪੂਰਾ ਘੁਮਾਓ
ਨਹੀਂ ਉਦਾਸ ਹੁੰਦਾ ਉਹ ਤਾਂ ਵੀ
ਨਹੀਂ ਨਿਰਾਸ਼ ਹੁੰਦਾ ਉਹ ਫੇਰ ਵੀ
ਕੋਸ਼ਿਸ਼ ਕਰਦਾ ਰਹਿੰਦੈ
ਦਿਲ ਤੁਹਾਡਾ ਜਿੱਤਣ ਦੀ

Friday, 29 March 2013

ਤੁਰਦੇ ਰਹਿਣਾ - ਜਗਮੋਹਨ ਸਿੰਘ

ਬਹੁਤ ਚੰਗਾ ਲਗਦਾ ਹੈ ਮੈਨੂੰ
ਤੁਰਨਾ, ਤੁਰਦੇ ਰਹਿਣਾ

ਘੜੀ-ਪਲ ਜਦ ਬਹਿ ਜਾਂਦਾ ਹਾਂ
ਉਕਤਾ ਜਾਂਦਾ ਹਾਂ
ਆਪ-ਮੁਹਾਰਾ ਫਿਰ ਤੁਰ ਪੈਂਦਾ ਹਾਂ
ਪਤਾ ਨਹੀਂ  ਬੇਸਬਰੀ ਹੈ ਕਿਸ ਗਲ ਦੀ ਮੇਰੇ ਅੰਦਰ
ਬੈਠਣ ਹੀ ਨਹੀਂ ਦੇਂਦੀ ਟਿੱਕ ਕੇ
ਤੋਰੀ ਰਖਦੀ ਹੈ, ਤੋਰੀ ਰਖਦੀ ਹੈ

ਤੱਸਲੀ  ਮਿਲਦੀ ਹੈ ਬਹੁਤ
ਜਦ  ਤੁਰਦਾਂ ਇੱਕਲਾ
ਉਜੜੇ ਵੀਰਾਨ ਰਾਹ ਤੇ,
ਮਨ ਵੀ ਉਦੋਂ ਮੇਰੇ ਨਾਲ ਨਹੀਂ ਹੁੰਦਾ,
ਖਲਾਅ ਹੀ ਹੁੰਦੈ
ਅੰਦਰ ਵੀ ਬਾਹਰ ਵੀ,
ਮੈਂ ਘਰ ਸੰਸਾਰ ਤੋਂ ਮੁਕਤ ਮਹਿਸੂਸਦਾਂ.
ਵਾਪਸ ਜਦੋਂ ਮੁੜਦਾਂ
ਅਹਿਸਾਸ ਹੁੰਦੈ ਮਨ ਵਿਚ
ਪ੍ਰਾਪਤੀ ਦਾ ਅਜੀਬ ਜਿਹਾ

Sunday, 24 March 2013

ਮੌਤ - ਜਗਮੋਹਨ ਸਿੰਘ

ਮੌਤ
ਬਹੁਤ ਦੇਰ ਤੀਕ
ਮੇਰੇ ਨਾਲ ਗੱਲੀਂ ਰੁੱਝੀ ਰਹੀ ਹੈ
ਹੁਣੇ ਹੁਣੇ ਹੀ
ਮੇਰੇ ਸਾਹਮਣੇ ਵਾਲੀ ਕੁਰਸੀ ਤੋਂ ਉੱਠ ਕੇ ਗਈ ਹੈ
ਤੇ ਮੇਰੇ ਦੋਸਤ ਨੂੰ ਉਂਗਲ ਫੜਾ ਨਾਲ ਲੈ ਤੁਰੀ ਹੈ
ਦੇਖਦਾ ਹੀ ਰਹਿ ਗਿਆਂ ਮੈਂ
ਬੇਬੱਸ!
ਮੇਰਾ ਤਾਂ ਰੋਣ ਨੂੰ ਜੀ ਕਰਦੈ
............................................................  -  ਜਗਮੋਹਨ ਸਿੰਘ

Monday, 18 March 2013

ਕਾਹਲੀ - ਜਗਮੋਹਨ ਸਿੰਘ

ਕਾਹਲੀ ਏ ਮੈਨੂੰ ਜਾਮਾ ਛੱਡਣ ਦੀ
ਵਖਰੇ ਜਿਹੇ ਰਾਹ ’ਤੇ
ਅਲੱਗ ਜਿਹੇ ਸਫ਼ਰ ਤੇ
ਨਿਕਲਣ ਦੀ
ਰਿਸ਼ਤਿਆਂ-ਨਾਤਿਆਂ ਰਹਿਤ
ਯਾਦਾਂ ਰਹਿਤ
ਪ੍ਰਾਪਤੀਆਂ-ਅਪ੍ਰਾਪਤੀਆਂ ਦੇ ਅਹਿਸਾਸ ਰਹਿਤ
ਇੱਕਲੇ ਭਟਕਣ ਦੀ
ਬੁਲਾਵੇ ਦੇ ਇੰਤਜ਼ਾਰ ’ਚ ਬਿਹਬਲ ਹਾਂ ਮੈਂ
............................................................ - ਜਗਮੋਹਨ ਸਿੰਘ