ਮੈਂਡਾ ਇਸ਼ਕ ਵੀ ਤੂੰ ਮੈਂਡਾ ਯਾਰ ਵੀ ਤੂੰ,
ਮੈਂਡਾ ਦੀਨ ਵੀ ਤੂੰ ਈਮਾਨ ਵੀ ਤੂੰ
ਮੈਂਡਾ ਜਿਸਮ ਵੀ ਤੂੰ ਮੈਂਡਾ ਰੂਹ ਵੀ ਤੂੰ
ਮੈਂਡਾ ਕਲਬ ਵੀ ਤੂੰ ਜਿੰਦ ਜਾਨ ਵੀ ਤੂੰ
ਮੈਂਡਾ ਕਾਅਬਾ ਕਿਬਲਾ ਮਸਜਦ ਮੰਦਰ
ਮਸਹਫ ਤੇ ਕੁਰਾਨ ਵੀ ਤੂੰ
ਮੈਂਡੇ ਫ਼ਰਜ਼ ਫ਼ਰੀਜ਼ੇ ਹੱਜ ਜ਼ਕਵਾਤਾਂ
ਸੌਮ ਸੁਲਵਾਤ ਇਜਾਨ ਵੀ ਤੂੰ
ਮੈਂਡੀ ਜੁਹਦ ਇਬਾਦਤ ਤਾਇਤ ਤੱਕਵਾ
ਇਲਮ ਵੀ ਤੂੰ ਇਰਫ਼ਾਨ ਵੀ ਤੂੰ
ਮੈਂਡਾ ਜ਼ਿਕਰ ਵੀ ਤੂੰ ਮੈਂਡਾ ਫ਼ਿਕਰ ਵੀ ਤੂੰ
ਮੈਂਡਾ ਜ਼ੌਕ ਵੀ ਤੂੰ ਵਜਦਾਨ ਵੀ ਤੂੰ
ਮੈਂਡਾ ਸਾਂਵਲ ਮਿੱਠੜਾ ਸ਼ਾਮ ਸਲੋਨਾ
ਮਨਮੋਹਨ ਜਾਨਾਨ ਵੀ ਤੂੰ
ਮੈਂਡਾ ਮੁਰਸ਼ਦ ਹਾਦੀ ਪੀਰ ਤਰੀਕਤ
ਸ਼ੇਖ ਹਕਾਇਕਦਾਨ ਵੀ ਤੂੰ
ਮੈਂਡਾ ਆਸ ਉਮੀਦ ਤੇ ਖੱਟਿਆ ਵਟਿਆ
ਤੱਕੀਆ ਮਾਣ ਤੇ ਤਰਾਣ ਵੀ ਤੂੰ
ਮੈਂਡਾ ਧਰਮ ਵੀ ਤੂੰ ਮੈਂਡਾ ਭਰਮ ਵੀ ਤੂੰ
ਮੈਂਡਾ ਸ਼ਰਮ ਵੀ ਤੂੰ ਮੈਂਡਾ ਸ਼ਾਨ ਵੀ ਤੂੰ
ਮੈਂਡਾ ਡੁੱਖ ਸੁੱਖ ਰੋਵਣ ਖਿਲਣ ਵੀ ਤੂੰ
ਮੈਂਡਾ ਦਰਦ ਵੀ ਤੂੰ ਦਿਰਮਾਨ ਵੀ ਤੂੰ
ਮੈਂਡਾ ਖੁਸ਼ੀਆਂ ਦਾ ਅਸਬਾਬ ਵੀ ਤੂੰ
ਮੈਂਡੇ ਸੂਲਾਂ ਦਾ ਸਾਮਾਨ ਵੀ ਤੂੰ
ਮੈਂਡਾ ਹੁਸਨ ਤੇ ਭਾਗ ਸੁਹਾਗ ਵੀ ਤੂੰ
ਮੈਂਡਾ ਬਖ਼ਤ ਤੇ ਨਾਮੋ ਨਿਸ਼ਾਨ ਵੀ ਤੂੰ
ਮੈਂਡਾ ਦੇਖਣ ਭਾਲਣ ਜਾਚਣ ਜੂਚਣ
ਸਮਝਨ ਜਾਣ ਸੰਜਾਣ ਵੀ ਤੂੰ
ਮੈਂਡੇ ਠੰਡੜੇ ਸਾਹ ਤੇ ਮੂੰਝ ਮੁੰਝਾਰੀ
ਹੰਜਣੂ ਦੇ ਤੂਫ਼ਾਨ ਵੀ ਤੂੰ
ਮੈਂਡੀ ਮਹਿੰਦੀ ਕੱਜਲ ਮਸਾਗ ਵੀ ਤੂੰ
ਮੈਂਡੀ ਸੁਰਖ਼ੀ ਬੀੜਾ ਪਾਨ ਵੀ ਤੂੰ
ਮੈਂਡਾ ਵਹਸ਼ਤ ਜੋਸ਼ ਜਨੂੰਨ ਵੀ ਤੂੰ
ਮੈਂਡਾ ਗਿਰੀਆ ਆਹੋ ਫ਼ਗਾਨ ਵੀ ਤੂੰ
ਮੈਂਡਾ ਸ਼ਿਅਰ ਅਰੂਜ਼ ਕਵਾਫੀ ਤੂੰ
ਮੈਂਡਾ ਬਹਿਰ ਵੀ ਤੂੰ ਔਜ਼ਾਨ ਵੀ ਤੂੰ
ਮੈਂਡਾ ਅੱਵਲ ਆਖ਼ਰ ਅੰਦਰ ਬਾਹਰ
ਜ਼ਾਹਰ ਤੇ ਪਿਨਹਾਨ ਵੀ ਤੂੰ
ਮੈਂਡਾ ਬਾਦਲ ਬਰਖਾ ਖਿਮੜੀਆਂ ਗਾਜਾਂ
ਬਾਰਸ਼ ਤੇ ਬਾਰਾਨ ਵੀ ਤੂੰ
ਮੈਂਡਾ ਮੁਲਕ ਮਲੇਰ ਤੇ ਮਾਰੂਥੱਲੜਾ
ਰੋਹੀ ਚੋਲਸਤਾਨ ਵੀ ਤੂੰ
ਜੇ ਯਾਰ ਫਰੀਦ ਕਬੂਲ ਕਰੇ
ਸਰਕਾਰ ਵੀ ਤੂੰ ਸੁਲਤਾਨ ਵੀ ਤੂੰ
ਨਾਤਾਂ ਕਿਹਤਰ ਕਮਤਰ ਅਹਕਰ ਅਦਨਾ
ਲਾਸ਼ੈ ਲਾ ਇਮਕਾਨ ਵੀ ਤੂੰ
.........................- ਗੁਲਾਮ ਫਰੀਦ