Popular posts on all time redership basis

Tuesday, 20 September 2011

ਗ਼ਜ਼ਲ - ਸੁਖਵਿੰਦਰ ਅੰਮ੍ਰਿਤ

ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ
ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ

ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ
ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ 'ਤੇ ਤਾਜ ਕਿਉਂ ਹੋਵੇ

ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ
ਕਿ ਬਾਗਾਂ ਵਿਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ

ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚਣੌਤੀ ਰਹਿ
ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ

ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਘੇਂ
ਕਿ ਤੈਨੂੰ ਮਸਲ ਕੇ ਜਾਣਾ ਉਦ੍ਹਾ ਅੰਦਾਜ਼ ਕਿਉਂ ਹੋਵੇ

ਤੇਰਾ ਹਰ ਨ੍ਰਿੱਤ ਹਰ ਨਗਮਾ ਜਦੋਂ ਪਰਵਾਨ ਹੈ ਏਥੇ
ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ

ਸਿਤਮਗਰ 'ਤੇ ਤਰਸ ਕਾਹਦਾ ਤੂੰ ਰੱਖ ਦੇ ਵਿੰਨ੍ਹ ਕੇ ਉਸ ਨੂੰ
ਸਦਾ ਤੂੰ ਹੀ ਨਿਸ਼ਾਨਾ , ਉਹ ਨਿਸ਼ਾਨੇਬਾਜ਼ ਕਿਉਂ ਹੋਵੇ

ਇਹ ਮਰ ਮਰ ਕੇ ਜਿਉਣਾ ਛੱਡ , ਬਗਾਵਤ ਕਰ ਤੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆਂ 'ਤੇ ਕਿਸੇ ਦਾ ਰਾਜ ਕਿਉਂ ਹੋਵੇ

................................................-ਸੁਖਵਿੰਦਰ ਅੰਮ੍ਰਿਤ

No comments:

Post a Comment