ਕਵਿਤਾ ਨੂੰ ਉੱਗਣ ਦਿਉ
ਅਪਣੇ ਅੰਦਰ
ਇਕ ਬਿਰਖ ਵਾਂਗ
ਤੇ ਬਿਰਖ ਨੂੰ ਗੱਲਾਂ ਕਰਨ ਦਿਉ
ਹਵਾ ਨਾਲ, ਧੁੱਪ ਨਾਲ
ਵਰ੍ਹਦੇ ਮੀਹਾਂ ਨਾਲ
ਤੂਫਾਨਾਂ ਨਾਲ
ਬਿਰਖ ਦੀਆਂ ਖੋੜਾਂ ’ਚ
ਪੰਛੀਆਂ ਨੂੰ ਗੁਆਚ ਜਾਣ ਦਿਉ
ਚੁਹ ਚੁਹ ਕਰਨ ਦਿਉ
ਤੇ ਆਲ੍ਹਣੇ ਪਾਉਣ ਦਿਉ
ਕਵਿਤਾ ਨੂੰ ਉੱਗਣ ਦਿਉ
ਅਪਣੇ ਅੰਦਰ
ਇਕ ਖੁਦਰੌ ਫੁੱਲ ਵਾਂਗ
ਜੋ ਆਕਾਸ਼ ਵੱਲ ਦੇਖਦਾ
ਮਹਿਕਦਾ, ਵਿਗਸਦਾ
ਆਜ਼ਾਦ ਪੌਣਾਂ ’ਚ ਸਾਹ ਲੈਂਦਾ
ਕਿਸੇ ਦਾ ਮੁਹਤਾਜ ਨਹੀਂ ਹੁੰਦਾ
ਤੇ ਵੀਰਾਨ ਜੰਗਲਾਂ ’ਚ
ਮੀਲਾਂ ਪਰ੍ਹੇ ਜਾਂਦੇ
ਕਾਰਵਾਂ ਨੂੰ ਵੀ
ਹਾਕ ਮਾਰ ਲੈਂਦਾ ਹੈ
ਕਵਿਤਾ ਨੂੰ ਉੱਗਣ ਦਿਉ
ਅਪਣੇ ਅੰਦਰ
ਸੂਰਜ ਵਾਂਗ
ਜੋ ਪਲਾਂ ਛਿਣਾਂ ’ਚ
ਵਣਾਂ-ਤ੍ਰਿਣਾਂ ਦਰਿਆਵਾਂ
ਸਮੁੰਦਰਾਂ ਤੇ ਫੈਲ ਜਾਂਦਾ ਹੈ
ਸੀਨੇ ’ਚ ਅਗਨ ਸਾਂਭੀ
ਬ੍ਰਹਿਮੰਡ ਨਾਲ ਗੱਲਾਂ ਕਰਦਾ
ਕਿਰਨ-ਮਕਿਰਨੀ
ਅਰੋਕ ਤੁਰਿਆ ਜਾਂਦਾ ਹੈ
ਕਵਿਤਾ ਨੂੰ ਉੱਗਣ ਦਿਉ
ਅਪਣੇ ਅੰਦਰ
ਚਾਨਣੀ ਰਾਤ ਵਾਂਗ
ਜਿਸਦੇ ਨਿਮ੍ਹੇ-ਨਿਮ੍ਹੇ ਸਰੋਦ ਵਿਚ
ਅਸੀਂ ਰੂਹ ਤੱਕ ਭਿਜ ਜਾਂਦੇ ਹਾਂ
ਦਿਸਹੱਦਿਆਂ ਤੱਕ ਫੈਲੀ
ਚੁੱਪ ਡੂੰਘੀ ਰਾਤ ਵਿਚ
ਗੋਰੀਆਂ ਰਿਸ਼ਮਾਂ ਦੇ ਜਾਮ
ਦਿਲ ਦੇ ਹਨੇਰੇ ਕੋਨਿਆਂ ਤੱਕ
ਡੀਕ ਜਾਂਦੇ ਹਾਂ
ਕਵਿਤਾ ਨੂੰ ਉੱਗਣ ਦਿਉ
ਅਪਣੇ ਅੰਦਰ
ਬਿਰਖ ਵਾਂਗ
ਖੁਦਰੌ ਫੁੱਲ ਵਾਂਗ
ਸੂਰਜ ਵਾਂਗ
ਚਾਨਣੀ ਰਾਤ ਵਾਂਗ.
................................. - ਸੁਤਿੰਦਰ ਸਿੰਘ ਨੂਰ
No comments:
Post a Comment