Popular posts on all time redership basis

Thursday, 21 February 2013

ਦੀਪਿਕਾ ਨੂੰ ਚੰਗਾ ਲਗਦੈ - ਜਗਮੋਹਨ ਸਿੰਘ

ਦੀਪਿਕਾ ਨੂੰ ਚੰਗਾ ਲਗਦੈ
ਕਿ ਕੋਈ ਮੁੰਡਾ
ਜਦੋਂ ਉਹ ਟਾਈਪ ਕਰਦੀ ਹੋਵੇ
ਉਸ ਕੋਲ ਬੈਠੇ
ਤੇ ਉਸਦੇ ਕੰਮ ਦੀ ਤਾਰੀਫ਼ ਕਰੇ

ਦੀਪਿਕਾ ਨੂੰ ਚੰਗਾ ਲਗਦੈ
ਕਿ ਕੋਈ ਮੁੰਡਾ
ਜਦੋਂ ਉਹ
ਆਫ਼ਿਸ ’ਚ ਚਾਹ ਪੀ ਰਹੀ ਹੋਵੇ
ਉਸ ਕੋਲ ਬੈਠੇ
ਤੇ ਉਸਦੇ ਨਾਖੂਨਾਂ ਦੀ ਤਾਰੀਫ਼ ਕਰੇ
ਜਿਨ੍ਹਾਂ ਤੇ ਬਹੁਤ ਸਲੀਕੇ ਨਾਲ
ਪਾਲਿਸ਼ ਲੱਗੀ ਹੋਈ ਹੈ
ਜਿਸ ਦਾ ਰੰਗ ਉਸਦੇ ਸੂਟ ਦੇ ਰੰਗ ਨਾਲ
ਭਾਵੇਂ ਮੈਚ ਨਹੀਂ ਕਰਦਾ

ਦੀਪਿਕਾ ਨੂੰ ਚੰਗਾ ਲਗਦੈ
ਕਿ ਕੋਈ ਉਸਦੇ ਕੰਨਾਂ ਵਿਚ ਪਈਆਂ
ਨਿੱਕੀਆਂ ਵਾਲੀਆਂ ਦੀ ਤਾਰੀਫ਼ ਕਰੇ
ਜੋ ਕੀਮਤ ਵਲੋਂ ਭਾਵੇਂ ਨਿਗੂਣੀਆਂ ਹੀ ਨੇ
ਉਸ ਨੂੰ ਉਸਦੀ ਨਾਨੀ ਨੇ ਦਿੱਤੀਆਂ ਸਨ

ਦੀਪਿਕਾ ਪੰਜਾਬ ਯੂਨੀਵਰਸਿਟੀ ਵਿਚ
ਡੇਲੀ ਵੇਜ ਤੇ ਕੰਮ ਕਰਨ ਵਾਲੀ ਕਲਰਕ ਹੈ
ਜਿਸਦਾ ਚਿਹਰਾ
ਨੂਰ ਅਤੇ ਮਾਸੂਮੀਅਤ ਨਾਲ ਸਰਸ਼ਾਰ ਹੈ
ਜਿਸ ਦੀਆਂ ਹਰਨੋਟੀਆਂ ਅੱਖਾਂ ਵਿਚ
ਹਯਾ ਦੀ ਭਰਮਾਰ ਹੈ

ਦੀਪਿਕਾ ਨੂੰ ਬਿਲਕੁਲ ਚੰਗਾ ਨਹੀਂ ਲਗਦਾ
ਕਿ ਕੋਈ ਉਸਦੇ ਗੋਰੇ ਰੰਗ ਦੀ
ਤਿੱਖੇ ਨੱਕ ਦੀ
ਜਾਂ ਪਤਲੇ ਪਤਾਸਿਆਂ ਵਰਗੇ
ਹੋਠਾਂ ਦੀ ਤਾਰੀਫ਼ ਕਰੇ
ਤੁਸੀ ਪੁੱਛੋਗੇ ਕਿਉਂ ?
ਇਸ ਸੁਆਲ ਦਾ ਜੁਆਬ
ਮੇਰੇ ਕੋਲ ਤਾਂ ਨਹੀਂ

................................................ਜਗਮੋਹਨ ਸਿੰਘ

No comments:

Post a Comment