Popular posts on all time redership basis

Monday, 18 February 2013

ਬਹਾਰ , ਭੈਰਵ , ਖਮਾਜ , ਪੀਲੂ ..... - ਸੁਖਵਿੰਦਰ ਅੰਮ੍ਰਿਤ

ਬਹਾਰ , ਭੈਰਵ , ਖਮਾਜ , ਪੀਲੂ
ਤੇ ਨਾ ਬਿਲਾਵਲ , ਬਿਹਾਗ ਕੋਈ
ਸੁਰਾਂ 'ਚ ਤੜਪੇ ਜੋ ਆਦਿ ਯੁਗ ਤੋਂ
ਉਹ ਤੇਰਾ ਮੇਰਾ ਵੈਰਾਗ ਕੋਈ

ਕਈ ਨੇ ਕੋਮਲ ਕਈ ਨੇ ਤੀਬਰ
ਕਈ ਨੇ ਨਿਸ਼ਚਿਤ ਕਈ ਨੇ ਵਰਜਿਤ
ਤੇਰੇ ਸੁਰਾਂ 'ਚ ਐ ਜ਼ਿੰਦਗਾਨੀ
ਮੈਂ ਥਰਥਰਾਉਂਦਾ ਹਾਂ ਰਾਗ ਕੋਈ

ਖ਼ਲਾਅ 'ਚ ਜਗਦਾ ਹਵਾ 'ਚੋਂ ਸੁਣਦਾ
ਥਲਾਂ 'ਚੋਂ ਫੁਟਦਾ , ਅਗਨ 'ਚ ਬਲਦਾ
ਜੋ ਜਲ 'ਚ ਤੜਪੇ ਤਰੰਗ ਬਣ ਕੇ
ਉਹ ਜ਼ਿੰਦਗੀ ਦਾ ਹੀ ਰਾਗ ਕੋਈ

ਨ ਕੋਈ ਪੂਰਨ ਹੈ ਖੂਹ 'ਚੋਂ ਮੁੜਦਾ
ਨ ਮੁੜ ਕੇ ਨੈਣਾਂ ਨੂੰ ਨੂਰ ਜੁੜਦਾ
ਕਿ ਰੋਜ਼ ਇੱਛਰਾਂ ਗਵਾਉਂਦੀ ਅੱਖੀਆਂ
ਤੇ ਰੋਜ਼ ਸੁੱਕਦਾ ਹੈ ਬਾਗ਼ ਕੋਈ

ਨ ਤੋਲਾ ਘਟਣਾ ਨ ਮਾਸਾ ਵਧਣਾ
ਕਿਸੇ ਨੇ ਬੁਝਣਾ ਕਿਸੇ ਨੇ ਜਗਣਾ
ਕਿ ਥੱਕ ਕੇ ਸੌਂ ਗਈ ਜ਼ਮੀਨ ਮੇਰੀ 'ਚੋਂ
ਫੇਰ ਉਠੇਗਾ ਜਾਗ ਕੋਈ

ਨ ਏਥੇ ਸੱਚ ਦਾ ਕੋਈ ਸੇਕ ਸਹਿੰਦਾ
ਤੇ ਨਾ ਵਫ਼ਾ ਦੀ ਹੀ ਛਾਵੇਂ ਬਹਿੰਦਾ
ਜਹਾਨ ਉਹਨਾਂ ਤੋਂ ਖ਼ੌਫ਼ ਖਾਂਦਾ
ਜਿਨ੍ਹਾਂ 'ਚ ਦਿਸਦਾ ਨਾ ਦਾਗ਼ ਕੋਈ

ਮੈਂ ਸੁਰਤ ਸਾਧਣ ਦਾ ਯਤਨ ਕਰਦੀ ਸੀ
ਰੰਗ ਚੁਗਦੀ ਸੀ ਮਹਿਕ ਫੜਦੀ ਸੀ
ਨੈਣ ਖੋਲ੍ਹੇ ਤਾਂ ਵੇਖਿਆ ਮੈਂ
ਕਿ ਖਿੜਿਆ ਹੋਇਆ ਸੀ ਬਾਗ਼ ਕੋਈ
...........................................................- ਸੁਖਵਿੰਦਰ ਅੰਮ੍ਰਿਤ

No comments:

Post a Comment