Popular posts on all time redership basis

Friday, 15 February 2013

ਅਪੂਰਨਤਾ - ਜਗਮੋਹਨ ਸਿੰਘ

ਇਕ ਫਾਸਲਾ
ਨਾਪ ਨਾ ਸਕੇ ਮੇਰੇ ਕਦਮ
ਡਗਮਗਾਉਂਦੇ ਹੀ ਰਹੇ
ਲੜਖੜਾਉਂਦੇ ਹੀ ਰਹੇ
ਤੇਰੀ ਦਹਿਲੀਜ਼ ਤੇ ਆ ਕੇ ਰੁਕ ਗਏ
ਸੀਸ ਤਲੀ ਤੇ ਰਖਣ ਦਾ ਜੇਰਾ
ਮੈਂ ਨਹੀਂ ਕਰ ਸਕਿਆ

ਇਕ ਨਜ਼ਮ
ਲਿਖ ਨਾ ਸਕੀ ਮੇਰੀ ਕਲਮ
ਜਜ਼ਬਾਤ ਦੀ ਅਣਹੋਂਦ ਦਾ ਮੁਹਤਾਜ
ਹੋ ਗਿਆ ਮੇਰਾ ਕਲਾਮ
ਮੈਨੂੰ ਲਫ਼ਜ਼ ਔੜਨੇ ਬੰਦ ਹੋ ਗਏ

ਇਕ ਗੀਤ
ਗਾ ਨਾ ਸਕੀ ਮੇਰੀ ਜੁਬਾਂ
ਮੁਹੱਬਤ ਤੋਂ ਊਣਾ ਬੇਸੁਰਾ
ਵੱਜਿਆ ਮੇਰੇ ਦਿਲ ਦਾ ਸਾਜ਼
ਖ਼ਾਮੋਸ਼ੀ ਦੀ ਗਿਰਫ਼ਤ ’ਚ ਆ ਗਿਆ
ਮੇਰਾ ਵਜੂਦ

ਇਕ ਜਾਮ
ਪੀ ਨਾ ਸਕੇ ਮੇਰੇ ਅਧਰ
ਪਿਆਸ ਵੀ ਸੀ ਜੋਸ਼ ਵੀ ਮਾਹੌਲ ਵੀ
ਇਕ ਹੋਸ਼ ਹੀ ਸੀ
ਜੋ ਰੁਕਾਵਟ ਬਣ ਗਈ
ਮੈਂ ਸਾਕੀ ਦੀ ਅੱਖ ਨਾਲ ਅੱਖ
ਨਹੀਂ ਮਿਲਾ ਸਕਿਆ

ਇਕ ਤੜਪ
ਜਗਾ ਨਾ ਸਕੇ
ਮੇਰੇ ਅਧੂਰੇ ਅਹਿਸਾਸ
ਮਜਬੂਰ ਮੈਥੋਂ ਦੂਰ ਹੀ
ਖਲੋਤੀ ਰਹੀ ਹੈ ਜ਼ਿੰਦਗੀ
ਕਹਿਣ ਨੂੰ ਤਾਂ ਮੈਂ ਭਾਵੇਂ
ਜੀ ਰਿਹਾ ਸਾਂ ਦੋਸਤੋ !
...................................... -  ਜਗਮੋਹਨ ਸਿੰਘ

No comments:

Post a Comment