Popular posts on all time redership basis

Thursday, 14 February 2013

ਸ਼ਰਧਾਂਜਲੀ - ਪਾਸ਼

ਇਸ ਵਾਰ ਪਾਪ ਦੀ ਜੰਞ ਬੜੀ ਦੂਰੋਂ ਆਈ ਹੈ
ਪਰ ਅਸਾਂ ਬੇਰੰਗ ਮੋੜ ਦੇਣੀ ਹੈ
ਮਾਸਕੋ ਜਾਂ ਵਾਸ਼ਿੰਗਟੰਨ ਦੀ ਮੋਹਰ ਵੀ ਨਹੀਂ ਤੱਕਣੀ,
ਜੋਰੀ ਦਾ ਦਾਨ ਕੀ
ਅਸਾਂ ਅੱਡੀਆਂ ਹੋਈਆਂ ਤਲੀਆਂ 'ਤੇ ਵੀ ਥੁੱਕ ਦੇਣਾ ਹੈ
ਤਲਖੀਆਂ ਨੇ ਸਾਨੂੰ ਬੇਲਿਹਾਜ਼ ਕਰ ਦਿੱਤਾ ਹੈ
ਅਣਖ ਨੇ ਸਾਨੂੰ ਵਹਿਸ਼ੀ ਬਣਾ ਦਿੱਤਾ ਹੈ....
ਸਾਡੀ ਤਲਵਾਰ ਨੂੰ ਬਾਬਾ ਜੀ
( ਭਾਵੇਂ ਅਸਾਂ ਕੌਡੇ ਰਾਖਸ਼ ਤੋਂ ਖੋਹੀ ਸੀ )
ਜਦ ਦਾ ਤੇਰਾ ਸਪਰਸ਼ ਹੋਇਆ ਹੈ
ਸ਼ਹਿਰ ਸ਼ਹਿਰ ਵਿਚ ਸੱਚਾ ਸੌਦਾ ਕਰਦੀ ਹੈ
ਜੇਲ ਜੇਲ ਵਿਚ ਚੱਕੀ ਇਸ ਤੋਂ ਡਰ ਕੇ ਆਪੇ ਫਿਰਦੀ ਹੈ
ਤੇ ਅਸੀਂ ਸਮੇਂ ਦੇ ਪੱਥਰ ਵਿਚ
ਇਸ ਤਲਵਾਰ ਨਾਲ ਇਨਸਾਫ ਦਾ ਪੰਜਾ ਖੁਰਚ ਦਿੱਤਾ ਹੈ
ਬਾਬਾ ਤੂੰ ਤਾਂ ਜਾਣੀ ਜਾਣ ਏਂ
ਅਸੀਂ ਤੈਥੋਂ ਕਦੇ ਨਾਬਰ ਨਹੀਂ
ਅਸੀਂ ਭਾਗੋ ਦੇ ਭੋਜ ਨੂੰ ਠੁਕਰਾ ਦਿੱਤਾ ਹੈ
ਅਸੀਂ ਤਲਵੰਡੀ ਦਾ ਮੋਹ ਛੱਡ ਕੇ
ਝੁੱਗੀਆਂ, ਛੱਪਰਾਂ ਤੇ ਜੰਗਲਾਂ ਵਿਚ ਨਿਕਲ ਆਏ ਹਾਂ
ਸਿਰਫ ਇਕ ਅਨਹੋਣੀ ਕਰਨ ਲੱਗੇ ਹਾਂ
ਇਹ ਸੱਜਣਾ, ਭੂਮੀਆਂ, ਦੀ ਫੌਜ
ਹੱਥਾਂ ਵਿਚ ਐਤਕੀਂ ਮਸ਼ੀਨ ਗੰਨਾਂ ਲੈ ਕੇ ਨਿਕਲ ਆਈ ਹੈ
ਹੁਣ ਲੈਕਚਰ ਦਾ ਅਮ੍ਰਿਤ ਕਾਰਗਰ ਨਹੀਂ ਹੋਣਾ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ
ਅਸੀਂ ਲੋਹੇ ਦੇ ਪਾਣੀ ਦੀ ਬਰਖਾ ਕਰਨ ਲੱਗੇ ਹਾਂ
ਤੇ ਤੈਥੋਂ ਕਦੇ ਨਾਬਰ ਨਹੀਂ ਤੁੰ ਜਾਣੀ ਜਾਣ ਏਂ
..................................................................... ਪਾਸ਼

No comments:

Post a Comment