Popular posts on all time redership basis

Wednesday, 13 February 2013

ਇਤਿਹਾਸ ਦਾ ਅੰਤ - ਪਰਮਿੰਦਰ ਸੋਢੀ

ਵਗਦੇ ਰਹੇ ਸੀ ਵਕਤ
ਵਗਦੇ ਰਹਿਣਗੇ ਵਕਤ

ਬੀਤ ਗਏ ਸੀ ਪਿਛਲੇ
ਬੀਤਦੇ ਰਹਿਣਗੇ ਅਗਲੇ

ਮੈਂ ਜਿਸ ਇਤਿਹਾਸ ’ਚ ਅੱਖ ਖੋਲ੍ਹੀ ਸੀ
ਉਹ ਸਜਰਾ ਨਹੀਂ ਸੀ
ਚਿੱਬਾ ਸੀ ਉਹ
ਜਾਂ ਫਿਰ ਹਿੰਸਕ ਸੀ

ਮੇਰਾ ਸਮਕਾਲ
ਕਿਸੇ ਭੂਤਵਾੜੇ ’ਚ ਵਜਦੇ
ਢੋਲ ਛੈਣਿਆਂ ਦਾ
ਬੇਸੁਰਾ ਸ਼ੋਰ ਸੀ

ਕਾਰ ਕੋਠੀ ਜਿੱਤਣ ਤੋਂ ਬਾਦ
ਮੇਰੀ ਗ਼ਰੀਬੀ
ਦੈਖਣ ਵਾਲੀ ਸੀ

ਵਗਦੇ ਰਹੇ ਸੀ ਵਕਤ
ਮੇਰੀ ਬੀਤ ਰਹੀ
ਕਾਇਆ ਤੋਂ ਬਗ਼ੈਰ

ਮੈਂ ਚਾਦਰ ਵਾਂਗ
ਨੁੱਚੜ ਗਿਆ
ਪੂਰੇ ਦਾ ਪੂਰਾ
ਧੁੱਪ ਹਵਾ ਵਿਚ
ਸੁਕਦਾ ਰਿਹਾ ਦੇਰ ਤੀਕ

ਪੱਤਾ ਪੱਤਾ
ਉੱਡ ਗਏ ਸਾਲ
ਨੰਗ ਧੜੰਗ ਮੈਂ
ਬਿਰਖ਼ ਵਾਂਗ ਝੜਦਾ ਰਿਹਾ

ਮੇਰੇ ਅੰਦਰ ਖੜਕ ਰਹੇ
ਪੱਥਰ-ਗੀਟੇ, ਰੇਤ-ਕਿਣਕੇ
ਰੁੜ੍ਹ ਪਏ ਪਾਣੀਆਂ ’ਚ

ਖ਼ਾਲੀ ਡੱਬਾ
ਮੈਂ ਦੇਰ ਤੀਕ
ਲਹਿਰਾਂ ਉੱਪਰ ਡੋਲਦਾ ਰਿਹਾ

ਹੁਣ ਰੇਤ ਬਣ
ਫੈਲ ਰਿਹਾ ਹਾਂ ਮੈਂ
ਦੂਰ ਤਕ ਪਸਰੇ ਤੇਰੇ
ਸਾਗਰੀ ਕਿਨਾਰਿਆਂ ’ਤੇ

ਤੇਰੇ ਪੈਰਾਂ ਦੀ
ਹਲਕੀ ਜਹੀ ਪਿਆਸ
ਰਾਤ ਭਰ ਸੁਣਦੀ ਰਹੀ
ਮੇਰੀ ਨੀਂਦ ਵਿਚ

ਵਗਦਾ ਰਿਹਾ ਤੂੰ
ਸਰਸਰ ਸਰਸਰ
ਰਾਤ ਭਰ ਹਵਾ ਬਣ
ਮੇਰੇ ਸਾਹਾਂ ਵਿਚ

ਹੁਣ ਰੁਕ ਗਏ ਨੇ ਵਕਤ
ਹੁਣ ਮੁੱਕ ਗਏ ਇਤਿਹਾਸ
............................................. - ਪਰਮਿੰਦਰ ਸੋਢੀ

No comments:

Post a Comment