Popular posts on all time redership basis

Monday, 11 February 2013

ਮਿੱਤਰ ਪਿਆਰੇ ਨੂੰ - ਬਲਵਿੰਦਰ ਸੰਧੂ

ਭਾਂਅ-ਭਾਂਅ ਕਰਦੀ
ਕਕਰੀਲੀ ਰਾਤ ਸੀ
ਸਾਂਅ-ਸਾਂਅ ਕਰਦੀ
ਤੁੰਦ ਹਵਾ.....

ਸੰਘਣਾ ਬੇਲਾ ਸੀ ਜਾਂ ਉਹ
ਜਿਹਦੇ ਮਹਿਤਾਬੀ ਲਿਲਾਟ ’ਚੋਂ
ਝਰ ਰਹੀ ਸੀ ਰੱਤੀ ਲੋਅ
ਲੋਅ, ਜੋ ਘੁੱਪ ਹਨੇਰਿਆਂ ’ਚ ਵੀ
ਉਹਦਾ ਰਾਹ ਰੁਸ਼ਨਾਅ ਰਹੀ ਸੀ
ਉਹਦੇ ਨਿੰਦਰਾਏ ਨੈਣਾ ’ਚ ਨੀਂਦ ਨਹੀ
ਬਲਕਿ ਜਾਗ ਮਤਲਾਅ ਰਹੀ ਸੀ..

ਪੁੱਤਰ ,ਮਾਂ ,ਮਹਿਲ ,ਪਿਆਰੇ
ਤੇ ਮਝੈਲ ਸਿੰਘ ਸਾਰੇ
ਇਕ-ਇਕ ਕਰਕੇ ਵਿਛੜ ਗਏ
ਪਰ ਉਸ ਨਾਲ ਹੱਥ ਮਿਲਾਈ
ਇਕ ਯੁਗ ਤੁਰ ਰਿਹਾ ਸੀ...

ਰਾਤ ਜਦ ਅੱਧਿਓਂ ਵੱਧ ਬੀਤੀ
ਹਨੇਰਿਆਂ ਨੂੰ ਚੀਰ ਕੇ ਦਾਮਿਨੀ
ਐਸੀ ਕੜਕੀ, ਐਸੀ ਲਿਸ਼ਕੀ
ਕਿ ਬਿਰਖਾਂ ਦੇ ਪੱਤ ਸਹਿਮ ਕੇ
ਟਹਿਣੀਆਂ ਗਲ਼ ਜਾ ਲੱਗੇ
ਆਹਲਣਿਆਂ ’ਚ ਪਏ ਪੰਖੇਰੂ
ਅੱਭੜਵਾਹੇ ਜਾਗ ਉੱਠੇ...

ਕਾਲ਼ੇ ਸਮੇਂ ਦੀਆਂ ਨਜ਼ਰਾਂ
ਜਬਰੀਂ ਚੰਨ ਨੂੰ ਖਾ ਗਈਆਂ
ਪੈਰਾਂ ’ਚ ਪਗਡੰਡੀਆਂ
ਇਕ ਦਮ ਪਥਰਾਅ ਗਈਆਂ
ਓਸ ਪੈਰਾਂ ਨੂੰ ਥੰਮਿਆ ਨਾ
ਪੱਬ ਹੋਰ ਅਗੇਰੇ ਪੁੱਟਿਆ
ਕਿ ਇਕ ਜਹਿਰੀਲੀ ਸੂਲ ਨੇ
ਕੂਲ਼ੇ ਪੈਰ ਨੂੰ ਪਾੜ ਸੁੱਟਿਆ...

ਤਲ਼ੀ ,ਚੋਂ ਲੰਘਦੀ ਸੂਲ
ਦਿਲ ਤੱਕ ਛੂਹ ਗਈ
ਜਗਮਗਾਉਂਦੇ ਜੁਗਨੂੰਆਂ ਦੀ
ਬਾਤ ਵਿੱਚੇ ਰਹਿ ਗਈ
ਅਸਹਿ ਦਰਦ ਜਦ ਬੁੱਲ੍ਹ ਟੇਰ ਕੇ ਰੋਇਆ
ਤਾਂ ਦਰਦਮੰਦਾਂ ਦੇ ਦਰਦੀ ਨੇ
ਦਰਦ ਨੂੰ ਵਰਾਇਆ

ਬੇਲੇ ’ਚ ਮੋਰ ਕੂਕਿਆ
ਓਹਦੇ ਅੰਦਰਲਾ ਸ਼ੇਰ ਦਹਾੜਿਆ
ਕਾਲਜੇ ’ਚੋਂ ਧੁਨੀ ਉੱਠੀ
ਧੁਨੀ ਨੂੰ ਸ਼ਬਦ ਮਿਲੇ
ਸ਼ਬਦਾਂ ਨੇ ਸੀਸ ਨਿਵਾਇਆ
ਬਾਦਸ਼ਾਹ ਦਰਵੇਸ਼ ਨੇ
ਇਕ ਗੀਤ ਫੁਰਮਾਇਆ.
ਗੀਤ ਜੋ ਕਾਨੀ ਨੇ ਕਾਗਤ ’ਤੇ ਨਹੀਂ
ਤਲਵਾਰ ਦੀ ਨੋਕ ਨੇ
ਅੰਬਰ ਦੀ ਹਿੱਕ ’ਤੇ ਉੱਕਰਿਆ..

"ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ..."

No comments:

Post a Comment