Popular posts on all time redership basis

Monday, 27 August 2012

ਆਰਥੋਡਾਕਸ ਮਾਈਂਡ-ਸੈੱਟ - ਜਗਮੋਹਨ ਸਿੰਘ

ਪਿੱਛੇ ਗੁੱਤ ਕਰੀਂ
ਕੰਨਾਂ ’ਚ ਵਾਲੀਆਂ ਪਾਈਂ
ਇਕ ਮੁੰਡਾ
ਟੀ.ਵੀ ਤੇ
ਗਿਟਾਰ ਵਜਾਉਂਦਾ
ਅੰਗਰੇਜ਼ੀ ਗੀਤ ਗਾਉਂਦਾ
ਨਜ਼ਰ ਆਉਂਦਾ ਹੈ
ਪੈਪਸੀ ਦੀ ਐਡ ’ਚ
ਮੇਰੇ ਮੁੰਡੇ ਨੂੰ
ਸਿਰ ਤੇ ਬੰਨ੍ਹੀ ਪੱਗ
ਭਾਰੀ ਲੱਗਣ ਲਗਦੀ ਹੈ.

ਦਾਦਾ ਸਮਝਾਉਂਦਾ ਹੈ :
ਪੱਗ ਕੋਈ ਐਵੇਂ-ਜੈਵੇਂ ਚੀਜ਼ ਨਹੀਂ
ਪੱਗ ਦਾ ਇਤਿਹਾਸ ਏ
ਜਿਨ੍ਹਾਂ ਮਾਰੀਆਂ ਤੇਗਾਂ,
ਡੋਲ੍ਹਿਆ ਲਹੂ,
ਵਾਰੀਆਂ ਜਿੰਦਾਂ
ਉਨ੍ਹਾਂ ਦਾ ਅਹਿਸਾਸ ਏ
ਪੱਗ ਤਾਂ ਪੁੱਤ
ਉਹ ਲਾਹੁੰਦੇ ਨੇ
ਜੋ ਬੀਤੇ ਕੱਲ ਤੋਂ ਅਨਜਾਣ ਨੇ
ਤੂੰ ਤਾਂ ਸੁੱਖ ਨਾਲ
ਪੜਿਆ ਲਿਖਿਆ ਏੱ
ਵਿਦਵਾਨ ਏਂ

ਪੁੱਤ
ਬੋਲੀ ਵਿਰਸਾ ਤੇ ਤਹਿਜ਼ੀਬ
ਤਾਂ ਜੜ੍ਹ ਹੁੰਦੀ ਏ
ਬੰਦੇ ਨੂੰ ਮਿੱਟੀ ਨਾਲ
ਜੋੜੀ ਰਖਦੀ ਏ
ਪੈਰ ਧਰਾਤਲ ਤੋਂ ਉਖੜਨ
ਨਹੀਂ ਦੇਂਦੀ.

ਪੁੱਤ
ਜੋ ਪੱਗ ਲਾਹੁੰਦੇ ਨੇ
ਪਛਾਣ ਖੋਂਦੇ ਨੇ
ਸਾਂਝ ਖੋਂਦੇ ਨੇ
ਆਪਣੇ ਲੋਕਾਂ ਨਾਲ,
ਸ਼ਾਨਾਂ-ਮੱਤੇ ਇਤਿਹਾਸ ਦੇ
ਵਾਰਸ ਨਹੀਂ ਬਣਦੇ

ਪੁੱਤ
ਪੱਗ ਲਾਹੁਣ ਨਾਲ ਬੰਦਾ
ਮਾਡਰਨ ਨਹੀਂ ਬਣਦਾ
ਮਾਡਰਨ ਬਣਾਉਂਦੇ ਨੇ ਬੰਦੇ ਨੂੰ
ਉਸਦੇ ਵਿਚਾਰ
ਉਸਦਾ ਦ੍ਰਿਸ਼ਟੀਕੋਣ
ਠੀਕ ਅਤੇ ਗਲਤ ਦੀ ਚੋਣ

ਪੁੱਤ
ਪੱਛਮੀ ਤਰਜ਼ ਦੀ ਜ਼ਿੰਦਗੀ
ਮਨ ਲੁਭਾਉਂਦੀ ਜ਼ਰੂਰ ਏ
ਹੈ ਨਿਰੀਪੁਰੀ ਸਿੰਥੈਟਿਕ
ਅਸਲ ਤੋਂ ਕੋਹਾਂ ਦੂਰ
ਵਲਵਲੇ ਜਜ਼ਬੇ ਤੋਂ ਊਣੀ
ਖੋਖਲੀ ਨਿਮੋਝੂਣੀ
ਜੀ ਨਹੀਂ ਸਕੇਂਗਾ
ਨਾ ਏਧਰਲਾ
ਨਾ ਓਧਰਲਾ
ਭਟਕਦਾ ਹੀ ਰਹੇਂਗਾ
ਮਾਂ ਦੇ ਦੁੱਧ ਵਲੋਂ ਵੀ
ਝੂੱਠਾ ਪਵੇਂਗਾ

ਪੁੱਤ ਵਿਰਸੇ ਤੇ ਤਹਿਜ਼ੀਬ ਨਾਲ
ਸਾਂਝ ਵਧਾਓ
ਨਾ ਬੋਲੀ ਭੁੱਲੋ
ਨਾ ਪੱਗ ਲਾਹੋ
ਅਮਰੀਕਨ ਬਣਨ ਦੇ ਸੁਪਨੇ ਛੱਡੋ
ਪੰਜਾਬ ਪਰਤ ਆਓ

ਆਰਥੋਡੈਕਸ ਮਾਂਈਡ-ਸੈਟ
ਪੋਤਾ ਬੁੜਬੁੜਾਉਂਦਾ ਹੈ
ਤੇ ਟੀ. ਵੀ. ਚੈਨਲ
ਬਦਲ ਦੇਂਦਾ ਹੈ.

.........................................- ਜਗਮੋਹਨ ਸਿੰਘ

No comments:

Post a Comment