Popular posts on all time redership basis

Tuesday, 28 August 2012

ਮਰਨਾ ਸਿਖਾ ਦੇ - ਡਾ. ਦੀਵਾਨ ਸਿੰਘ ਕਾਲੇ ਪਾਣੀ

ਜਿੰਦਗੀ, ਹਾਏ ਮਿਰੀ
ਗੰਦਗੀ ਨਾਲ ਭਰੀ,
ਔਤਰ ਪਈ ਜਾਂਦੀ ਏ, ਕਿਸੇ ਕਾਰੇ ਲਾ ਦੇ.

ਰੁੱਖ ਜਿਹਾ ਬੁੱਸਾ ਜਿਹਾ
ਗਿੱਲਾ ਜਿਹਾ ਗਲਿਆ ਜਿਹਾ,
ਜੀਵਨ ਪਿਆ ਜਾਂਦਾ ਈ, ਕਿਸੇ ਆਹਰੇ ਲਾ ਦੇ

ਬਣ ਵਿਚ ਇਕੱਲੜੀ ਹਾਂ
ਬੇਲੀ ਨਾ ਸਾਥੀ ਕੋਈ
ਔਝੜ ਪਈ ਜਾਂਦੀ ਨੂੰ ਰਸਤਾ ਹੀ ਦਿਖਾ ਦੇ

ਬਾਵਲ ਜਿਹੀ ਹੋਈ ਨੂੰ
ਜੀਵੰਦੜੀ ਮੋਈ ਨੂੰ,
ਅਫੱਲ ਟੁਰੀ ਜਾਂਦੀ ਨੂੰ, ਫੱਲਦਾਰ ਬਣਾ ਦੇ.

ਨਾ ਰਹਿ ਗਈ ਏਧਰ ਦੀ
ਨਾ ਹੋ ਰਹੀ ਓਧਰ ਦੀ,
ਡਿੱਕੋ-ਡੋਲੇ ਖਾਨੀ ਆਂ, ਆ, ਠਾਹਰ ਰਤਾ ਦੇ.

ਸੁਖ ਦਾ ਕੋਈ ਸਾਹ ਨਹੀਂ
ਨਿਕਲਦੀ ਆਹ ਨਹੀਂ
ਇਸ ਦੁਖੀਏ ਜੀਵਨ ਦਾ, ਕੋਈ ਰਾਜ਼ ਬਤਾ ਦੇ.

ਅਛੂਤ ਅਪਵਿਤ੍ਰ ਹਾਂ
ਨੇੜੇ ਨਾ ਢੁਕ ਸਕਦੀ,
ਬਾਟਾ ਨਹੀਂ, ਨਾ ਹੀ ਸਹੀ, ਬੁੱਕ ਨਾਲ ਪਿਆ ਦੇ.

ਮੈਂ ਰਾਹੋਂ ਭਟਕੀ ਨੂੰ
ਮਲ੍ਹਿਆਂ ਵਿਚ ਫਾਥੀ ਨੂੰ
ਡਰ ਭਉ ਪਿਆ ਲਗਦਾ ਈ, ਨਿਰਭਉ ਬਣਾ ਦੇ

ਸੁਝਦਾ ਕੁਝ ਬੁਝਦਾ ਨਹੀਂ,
ਤੇਰੀ ਹਾਂ, ਬੌਰੀ ਹਾਂ,
ਰੋਗ ਮਿਟੇ ਜਾਣ ਜਿਵੇਂ, ਉਹ ਦਾਰੂ ਦੁਆ ਦੇ

ਨ੍ਹੇਰੇ ਘੁਪ-ਘੇਰੇ ਵਿਚ
ਅੰਨ੍ਹੀ ਦੇ ਡੇਰੇ ਵਿਚ
ਚਾਨਣ ਜੋ ਕਰ ਦੇਵੇ, ਉਹ ਨੂਰ ਦਿਖਾ ਦੇ

ਤੋਲਿਆ ਈ, ਜੋਖਿਆ ਈ,
ਕਿਸੇ ਕਾਰ ਨਹੀਂ ਜੋਗਾ,
ਜੀਵਨ ਨਹੀਂ, ਨਾ ਹੀ ਸਹੀ,
ਮਰਨਾ ਤਾਂ ਸਿਖਾ ਦੇ !

.................... ਡਾ. ਦੀਵਾਨ ਸਿੰਘ ਕਾਲੇ ਪਾਣੀ

No comments:

Post a Comment