Popular posts on all time redership basis

Showing posts with label Dr. Diwan Singh Kale Pani. Show all posts
Showing posts with label Dr. Diwan Singh Kale Pani. Show all posts

Monday, 14 January 2013

ਕੀਹ ਹੋ ਜਾਂਦਾ - ਦੀਵਾਨ ਸਿੰਘ ਕਾਲੇ ਪਾਣੀ

ਉਫ਼ !
ਹੁਸਨ ਜਾਣਾ ਹੀ ਸੀ,
ਜਵਾਨੀ ਮੁੱਕਣੀ ਹੀ ਸੀ,
ਖੇੜਾ ਉਡਣਾ ਹੀ ਸੀ,
ਸ਼ਾਖ ਟੁੱਟਣੀ ਹੀ ਸੀ,
ਸਹਾਰਾ ਮੁੱਕਣਾ ਹੀ ਸੀ,
ਤ੍ਰੇਲ ਸੁੱਕਣੀ ਹੀ ਸੀ ।

ਕੀਹ ਹੁੰਦਾ ?
ਜੇ ਮੈਂ ਭੀ ਵੇਖ ਲੈਂਦਾ,
ਮੈਂ ਭੀ ਚੱਖ ਲੈਂਦਾ,
ਮੈਂ ਭੀ ਮਾਣ ਲੈਂਦਾ,
ਮੈਂ ਭੀ ਬੈਠ ਲੈਂਦਾ,
ਮੈਂ ਭੀ ਗਾ ਲੈਂਦਾ,
ਮੈਂ ਭੀ ਭਿੱਜ ਲੈਂਦਾ,
ਤੇਰਾ ਹਸਾਨ ਹੁੰਦਾ ਮੈਂ ਗਰੀਬ ਉੱਤੇ,
ਗਰੀਬ ਜਿਊ ਪੈਂਦਾ ਇਕ ਸਦਕਾ ਤੇਰੇ ।

ਕੀ ਲਿਓ ਈ ?
ਮੈਨੂੰ ਭਰਮਾ ਕੇ,
ਮੈਨੂੰ ਤਰਸਾ ਕੇ,
ਮੈਨੂੰ ਮਰਵਾ ਕੇ ।

ਸੋਹਣਿਆ,
ਤੇਰਾ ਸੁਣ੍ਹਪ ਗਿਆ, ਮੇਰੀ ਜਾਨ ਗਈ,
ਤੇਰਾ ਯੁਮਨ ਗਿਆ, ਮੇਰੀ ਸ਼ਾਨ ਗਈ,
ਜਾਣਾ ਹੀ ਸੀ,
ਇਨ੍ਹਾਂ ਦੁਹਾਂ ਨੇ ।
ਜੇਕਰ ਹੱਸ ਪੈਂਦੇ, ਰਤਾ ਰੱਸ ਲੈਂਦੇ,
ਕਹਿ ਦੱਸ ਲੈਂਦੇ, ਰਤਾ ਵੱਸ ਪੈਂਦੇ,
ਫਿਰ ਭੀ ਸੁੱਕਣਾ ਹੀ ਸੀ,
ਫਿਰ ਭੀ ਮੁੱਕਣਾ ਹੀ ਸੀ ।

ਪਰ ਹਾਂ,
ਵੱਸ ਲਿਆ ਹੁੰਦਾ,
ਹੱਸ ਲਿਆ ਹੁੰਦਾ,
ਹਸਰਤ ਨਾ ਰਹਿੰਦੀ,
ਅਰਮਾਨ ਨਿਕਲ ਵਹਿੰਦੇ ।
 .............................................. - ਦੀਵਾਨ ਸਿੰਘ ਕਾਲੇ ਪਾਣੀ

Tuesday, 28 August 2012

ਮਰਨਾ ਸਿਖਾ ਦੇ - ਡਾ. ਦੀਵਾਨ ਸਿੰਘ ਕਾਲੇ ਪਾਣੀ

ਜਿੰਦਗੀ, ਹਾਏ ਮਿਰੀ
ਗੰਦਗੀ ਨਾਲ ਭਰੀ,
ਔਤਰ ਪਈ ਜਾਂਦੀ ਏ, ਕਿਸੇ ਕਾਰੇ ਲਾ ਦੇ.

ਰੁੱਖ ਜਿਹਾ ਬੁੱਸਾ ਜਿਹਾ
ਗਿੱਲਾ ਜਿਹਾ ਗਲਿਆ ਜਿਹਾ,
ਜੀਵਨ ਪਿਆ ਜਾਂਦਾ ਈ, ਕਿਸੇ ਆਹਰੇ ਲਾ ਦੇ

ਬਣ ਵਿਚ ਇਕੱਲੜੀ ਹਾਂ
ਬੇਲੀ ਨਾ ਸਾਥੀ ਕੋਈ
ਔਝੜ ਪਈ ਜਾਂਦੀ ਨੂੰ ਰਸਤਾ ਹੀ ਦਿਖਾ ਦੇ

ਬਾਵਲ ਜਿਹੀ ਹੋਈ ਨੂੰ
ਜੀਵੰਦੜੀ ਮੋਈ ਨੂੰ,
ਅਫੱਲ ਟੁਰੀ ਜਾਂਦੀ ਨੂੰ, ਫੱਲਦਾਰ ਬਣਾ ਦੇ.

ਨਾ ਰਹਿ ਗਈ ਏਧਰ ਦੀ
ਨਾ ਹੋ ਰਹੀ ਓਧਰ ਦੀ,
ਡਿੱਕੋ-ਡੋਲੇ ਖਾਨੀ ਆਂ, ਆ, ਠਾਹਰ ਰਤਾ ਦੇ.

ਸੁਖ ਦਾ ਕੋਈ ਸਾਹ ਨਹੀਂ
ਨਿਕਲਦੀ ਆਹ ਨਹੀਂ
ਇਸ ਦੁਖੀਏ ਜੀਵਨ ਦਾ, ਕੋਈ ਰਾਜ਼ ਬਤਾ ਦੇ.

ਅਛੂਤ ਅਪਵਿਤ੍ਰ ਹਾਂ
ਨੇੜੇ ਨਾ ਢੁਕ ਸਕਦੀ,
ਬਾਟਾ ਨਹੀਂ, ਨਾ ਹੀ ਸਹੀ, ਬੁੱਕ ਨਾਲ ਪਿਆ ਦੇ.

ਮੈਂ ਰਾਹੋਂ ਭਟਕੀ ਨੂੰ
ਮਲ੍ਹਿਆਂ ਵਿਚ ਫਾਥੀ ਨੂੰ
ਡਰ ਭਉ ਪਿਆ ਲਗਦਾ ਈ, ਨਿਰਭਉ ਬਣਾ ਦੇ

ਸੁਝਦਾ ਕੁਝ ਬੁਝਦਾ ਨਹੀਂ,
ਤੇਰੀ ਹਾਂ, ਬੌਰੀ ਹਾਂ,
ਰੋਗ ਮਿਟੇ ਜਾਣ ਜਿਵੇਂ, ਉਹ ਦਾਰੂ ਦੁਆ ਦੇ

ਨ੍ਹੇਰੇ ਘੁਪ-ਘੇਰੇ ਵਿਚ
ਅੰਨ੍ਹੀ ਦੇ ਡੇਰੇ ਵਿਚ
ਚਾਨਣ ਜੋ ਕਰ ਦੇਵੇ, ਉਹ ਨੂਰ ਦਿਖਾ ਦੇ

ਤੋਲਿਆ ਈ, ਜੋਖਿਆ ਈ,
ਕਿਸੇ ਕਾਰ ਨਹੀਂ ਜੋਗਾ,
ਜੀਵਨ ਨਹੀਂ, ਨਾ ਹੀ ਸਹੀ,
ਮਰਨਾ ਤਾਂ ਸਿਖਾ ਦੇ !

.................... ਡਾ. ਦੀਵਾਨ ਸਿੰਘ ਕਾਲੇ ਪਾਣੀ

Thursday, 17 May 2012

ਮਰਨਾ ਸਿਖਾ ਦੇ - ਡਾ. ਦੀਵਾਨ ਸਿੰਘ ਕਾਲੇ ਪਾਣੀ

ਜਿੰਦਗੀ, ਹਾਏ ਮਿਰੀ
ਗੰਦਗੀ ਨਾਲ ਭਰੀ,
ਔਤਰ ਪਈ ਜਾਂਦੀ ਏ, ਕਿਸੇ ਕਾਰੇ ਲਾ ਦੇ.

ਰੁੱਖ ਜਿਹਾ ਬੁੱਸਾ ਜਿਹਾ
ਗਿੱਲਾ ਜਿਹਾ ਗਲਿਆ ਜਿਹਾ,
ਜੀਵਨ ਪਿਆ ਜਾਂਦਾ ਈ, ਕਿਸੇ ਆਹਰੇ ਲਾ ਦੇ

ਬਣ ਵਿਚ ਇਕੱਲੜੀ ਹਾਂ
ਬੇਲੀ ਨਾ ਸਾਥੀ ਕੋਈ
ਔਝੜ ਪਈ ਜਾਂਦੀ ਨੂੰ ਰਸਤਾ ਹੀ ਦਿਖਾ ਦੇ

ਬਾਵਲ ਜਿਹੀ ਹੋਈ ਨੂੰ
ਜੀਵੰਦੜੀ ਮੋਈ ਨੂੰ,
ਅਫੱਲ ਟੁਰੀ ਜਾਂਦੀ ਨੂੰ, ਫੱਲਦਾਰ ਬਣਾ ਦੇ.

ਨਾ ਰਹਿ ਗਈ ਏਧਰ ਦੀ
ਨਾ ਹੋ ਰਹੀ ਓਧਰ ਦੀ,
ਡਿੱਕੋ-ਡੋਲੇ ਖਾਨੀ ਆਂ, ਆ, ਠਾਹਰ ਰਤਾ ਦੇ.

ਸੁਖ ਦਾ ਕੋਈ ਸਾਹ ਨਹੀਂ
ਨਿਕਲਦੀ ਆਹ ਨਹੀਂ
ਇਸ ਦੁਖੀਏ ਜੀਵਨ ਦਾ, ਕੋਈ ਰਾਜ਼ ਬਤਾ ਦੇ.

ਅਛੂਤ ਅਪਵਿਤ੍ਰ ਹਾਂ
ਨੇੜੇ ਨਾ ਢੁਕ ਸਕਦੀ,
ਬਾਟਾ ਨਹੀਂ, ਨਾ ਹੀ ਸਹੀ, ਬੁੱਕ ਨਾਲ ਪਿਆ ਦੇ.

ਮੈਂ ਰਾਹੋਂ ਭਟਕੀ ਨੂੰ
ਮਲ੍ਹਿਆਂ ਵਿਚ ਫਾਥੀ ਨੂੰ
ਡਰ ਭਉ ਪਿਆ ਲਗਦਾ ਈ, ਨਿਰਭਉ ਬਣਾ ਦੇ

ਸੁਝਦਾ ਕੁਝ ਬੁਝਦਾ ਨਹੀਂ,
ਤੇਰੀ ਹਾਂ, ਬੌਰੀ ਹਾਂ,
ਰੋਗ ਮਿਟੇ ਜਾਣ ਜਿਵੇਂ, ਉਹ ਦਾਰੂ ਦੁਆ ਦੇ

ਨ੍ਹੇਰੇ ਘੁਪ-ਘੇਰੇ ਵਿਚ
ਅੰਨ੍ਹੀ ਦੇ ਡੇਰੇ ਵਿਚ
ਚਾਨਣ ਜੋ ਕਰ ਦੇਵੇ, ਉਹ ਨੂਰ ਦਿਖਾ ਦੇ

ਤੋਲਿਆ ਈ, ਜੋਖਿਆ ਈ,
ਕਿਸੇ ਕਾਰ ਨਹੀਂ ਜੋਗਾ,
ਜੀਵਨ ਨਹੀਂ, ਨਾ ਹੀ ਸਹੀ,
ਮਰਨਾ ਤਾਂ ਸਿਖਾ ਦੇ !

.................... ਡਾ. ਦੀਵਾਨ ਸਿੰਘ ਕਾਲੇ ਪਾਣੀ

Friday, 23 March 2012

ਮੁਰਦਾ - ਡਾ. ਦੀਵਾਨ ਸਿੰਘ ਕਾਲੇ ਪਾਣੀ

ਹਾਂ ਸੋਚਣਾ, ਫਿਰ ਬੋਲਣਾ,
ਫਿਰ ਗਾਵਣਾ, ਫਿਰ ਨਚਣਾ,
ਮਸਤ ਹੋ ਜਾਣਾ, ਗੁੰਮ ਹੋ ਜਾਣਾ,
ਟੁਰ ਜਾਣਾ ਵਿਸਮਾਦਾਂ ਨੂੰ,
ਛੱਡ ਅੰਤਾਂ ਨੂੰ, ਛੱਡ ਆਦਾਂ ਨੂੰ.

ਜੋ ਸੋਚੇ ਨਾਂਹ, ਤੇ ਬੋਲੇ ਨਾਂਹ,
ਜੋ ਗਾਵੇ ਨਾਂਹ ਉੱਠ ਨੱਚੇ ਨਾਂਹ,
ਜੋ ਮਸਤੇ ਨਾਂਹ ਤੇ ਗੁੰਮੇਂ ਨਾਂਹ,
ਜੋ ਵੱਲ ਅਰਸ਼ਾਂ ਉੱਡ ਜਾਵੇ ਨਾਂਹ
ਤੇ ਰਾਹ ਵਿਸਮਾਦਾਂ ਧਾਵੇ ਨਾ

ਜੋ ਵੇਖੇ -
ਸੂਰਜ ਉੱਗਦੇ ਨੂੰ, ਫਿਰ ਡੁੱਬਦੇ ਨੂੰ,
ਚੰਨ ਚੜ੍ਹਦੇ ਨੂੰ ਚੰਨ ਲਹਿੰਦੇ ਨੂੰ,
ਤੇ ਘਟਦੇ ਵਧਦੇ ਰਹਿੰਦੇ ਨੂੰ,
ਜੋ ਤੱਕੇ -
ਖਿੜੀਆਂ ਕਲੀਆਂ, ਹੱਸਦੇ ਫੁਲਾਂ
ਜੁਆਨੀ ਚੜੀਆਂ ਸੋਹਣੀਆਂ ਕੁੜੀਆਂ,
ਵੇਖੇ ਪਰ -
ਫਿਰ ਥਰਕੇ ਨਾ, ਫਿਰ ਫ਼ਰਕੇ ਨਾਂਹ
ਫਿਰ ਕੰਬੇ ਨਾ, ਫਿਰ ਲਰਜ਼ੇ ਨਾਂਹ,
ਫਿਰ ਉੱਡ ਗਗਨਾਂ ਨੂੰ ਜਾਵੇ ਨਾਂਹ
ਸੰਗ ਤਾਰਿਆਂ ਕਿਲਕਿਲੀ ਪਾਵੇ ਨਾ.

ਉਹ ਬੰਦਾ ਨਹੀਂ, ਉਹ ਗੰਦਾ ਹੈ
ਉਹ ਲੱਖ ਚੰਗਾ, ਪਰ ਮੰਦਾ ਹੈ.
ਉਹ ਜੀਂਦਾ ਨਹੀਂ, ਉਹ ਮੋਇਆ ਹੈ
ਮਰ ਪਥੱਰ ਵੱਟਾ ਹੋਇਆ ਹੈ.
ਕੋਈ ਉਸਦੇ ਨਾਲ ਨਾ ਲੱਗਿਓ ਜੇ,
ਮੁਰਦੇ ਦੀ ਛੁਹ ਤੋਂ ਬਚਿਓ ਜੇ.
.....................ਡਾ. ਦੀਵਾਨ ਸਿੰਘ ਕਾਲੇ ਪਾਣੀ

Friday, 17 February 2012

ਹੁਣ ਤੂੰ ਆਇਓਂ ਕਾਸ ਨੂੰ - ਡਾ. ਦੀਵਾਨ ਸਿੰਘ ’ਕਾਲੇਪਾਣੀ’

ਸਿੱਕਾਂ ਨਾ ਰਹੀਆਂ
ਸੱਧਰਾਂ ਮਿੱਟ ਗਈਆਂ
ਖਾਹਸ਼ਾਂ ਰੋ ਪਈਆਂ
ਆਸਾਂ ਮੁੱਕ ਪਈਆਂ
ਅੱਗਾਂ ਬਲ ਬੁਝੀਆਂ
ਧੂੰਏ ਸੁਆਹ ਹੋ ਗਏ
ਉਬਾਲੇ ਸਭ ਲਹਿ ਗਏ
ਜੋਸ਼ ਭੀ ਕੁਲ ਬਹਿ ਗਏ
ਵਲਵਲੇ ਸਭ ਢਹਿ ਪਏ
ਹਲੂਣੇ ਬੱਸ ਰਹ ਗਏ
ਨਜ਼ਰਾਂ ਥੱਕ ਹਟੀਆਂ
ਅੱਖਾਂ ਮਿਟ ਚੁਕੀਆਂ
ਸਮੇਂ ਅਗਾਂਹ ਲੰਘ ਗਏ
ਮੈਂ ਭੀ ਬਦਲ ਚੁਕਿਆਂ
ਦਿਲ ਭੀ ਬਦਲ ਹਟਿਆ
ਐ ਆਵਣ ਵਾਲੇ ਦੱਸ
ਹੁਣ ਕਾਸ ਨੂੰ ਆਇਓਂ ਤੂੰ ?
ਆਇਓਂ ਤੂੰ ਕਾਸ ਨੂੰ ਹੁਣ ?
..................................ਡਾ. ਦੀਵਾਨ ਸਿੰਘ ’ਕਾਲੇਪਾਣੀ’

Wednesday, 19 October 2011

ਮੈਂ ਸੁੰਞੀ - ਡਾ. ਦੀਵਾਨ ਸਿੰਘ ਕਾਲੇ ਪਾਣੀ

ਮੈਂ ਸੁੰਞੀ, ਮੈਂ ਸੁੰਞੀ ਵੇ ਲੋਕਾ, ਖੱਲੜ ਮੇਰਾ ਖਾਲੀ,
ਸੱਖਣਾ ਇਹ ਕਲਬੂਤ ਮਿਰਾ, ਪਿਆ ਉਡਦਾ ਆਲ ਦੁਆਲੀ

ਛੁੱਟ ਗਏ ਸਭ ਸਾਕ ਤੇ ਨਾਤੇ, ਟੱਟ ਗਈ ਭਾਈ-ਵਾਲੀ
ਸ਼ੀਰੀਂ ਦੁਨੀਆ ਨਾਲ ਨਾ ਕੋਈ, ਟੁੱਟੀ ਪੇੜ ਤੋਂ ਡਾਲੀ

ਟੁੱਟ ਪਈ ਕਿਸ ਉੱਚੇ ਦੇ ਸੰਗੋਂ ? ਹੋ ਗਈ ਭੈੜੇ ਹਾਲੀਂ
ਰੋਲ਼ ਲੰਘਾਊਆਂ ਫੀਤੀ ਫੀਤੀ ਕੀਤੀ ਵਾਂਗ ਪਰਾਲੀ

ਦਰਦਾਂ ਵਾਲਿਓ ਦਰਦ ’ਚ ਆਓ, ਆਖੋ ਜਾਂ ਮੇਰੇ ਮਾਲੀ
ਹੌਲੀ ਕਖਾਂ ਤੋਂ ਅਜ ਹੋ ਰਹੀ, ਨਾਲ ਪ੍ਰੇਮ ਜੋ ਪਾਲੀ

ਡਗ ਮਗ ਡੋਲੇ, ਥਰ ਥਰ ਕੰਬੇ, ਹਿਲਦੀ ਵਾਂਗਰ ਡਾਲੀ
ਠੇਡਾ ਲੱਗਾ, ਰਾਹ ’ਚ ਢੱਠੀ, ਕਿਸੇ ਨਾ ਆਣ ਉਠਾਲੀ.

ਉਖੜੀ ਲੱਗਾਂ, ਟੁੱਟੜੀ ਜੁੜ ਜਾਂ, ਦਸੋ ਚਾਲ ਸੁਚਾਲੀ
ਹੇ ਭਰਪੂਰੋ ਝੋਲੀ ਭਰ ਦਿਓ, ਆਈ ਦਰ ਤੇ ਸਵਾਲੀ

ਰਸ ਰਸ ਭਰ ਜਾਂ, ਭਰ ਭਰ ਡੁਲ੍ਹਾਂ, ਵੱਗਾਂ ਹਾੜ ਸਿਆਲੀ
ਵਗਦੀ ਜਾਵਾਂ , ਵੰਡਦੀ ਜਾਵਾਂ, ਮੂਲ ਨਾ ਹੋਵਾਂ ਖ਼ਾਲੀ

ਨਾ ਹੱਸਾਂ, ਨਾ ਹੁੱਸਾਂ, ਹੁੱਟਾਂ, (ਮੇਰਾ) ਵਾਲੀ ਮੇਰੇ ਨਾਲੀ,
ਰੋਵਾਂ, ਹੱਸਾਂ, ਪਹਿਰਾਂ, ਫਾੜਾਂ, ਸਾਈਂ ਰਖੇ ਸੰਭਾਲੀ - ਡਾ. ਦੀਵਾਨ ਸਿੰਘ ਕਾਲੇ ਪਾਣੀ

Friday, 14 October 2011

ਬਾਜ਼ੀਗਰ ਨੂੰ - ਡਾ. ਦੀਵਾਨ ਸਿੰਘ ਕਾਲੇ ਪਾਣੀ

ਆਪੂੰ ਹੱਸਨਾ ਏਂ ਮੌਜਾਂ ਮਾਣਨਾ ਏਂ
ਸਾਡੀ ਦੁਨੀਂ ਕਿਸ ਧੰਧੜੇ ਲਾਈ ਹੋਈ ਆ ?

ਬਾਜ਼ੀਗਰਾ, ਤੇਰੀ ਬਾਜ਼ੀ ਬੜੀ ਸੋਹਣੀ
ਅਸਾਂ ਮੂਰਖਾਂ ਨੂੰ ਫਾਹੀ ਪਾਈ ਹੋਈ ਆ

ਕਦੀ ਵੜੇਂ ਨਾ ਵਿਚ ਮਸੀਤ ਆਪੂੰ
ਸਾਡੇ ਲਈ ਇਹ ਅੜੀ ਅੜਾਈ ਹੋਈ ਆ

ਠਾਕੁਰ-ਦ੍ਵਾਰਿਆਂ ਵਿਚ ਨਹੀਂ ਵਾਸ ਤੇਰਾ
ਕਾਹਨੂੰ ਮੁਫਤ ਲੜਾਈ ਪਵਾਈ ਹੋਈ ਆ

ਤੈਨੂੰ ਧਰਮਸਾਲੋਂ ਮਾਰ ਬਾਹਰ ਕੀਤਾ
ਇਹਨਾਂ ‘ਭਾਈਆਂ’ ਨੇ ਅੱਤ ਚਾਈ ਹੋਈ ਆ

ਗਿਰਜੇ ਵਿਚ ਨਾ ਹੀ ਲੱਭਾ ਮੁਸ਼ਕ ਤੇਰਾ
ਟੋਪੀ ਵਾਲਿਆਂ ਅੰਨ੍ਹੀ ਮਚਾਈ ਹੋਈ ਆ

ਆਪੂੰ ਛੱਪ ਬੈਠੋਂ, ਏਥੇ ਖੱਪ ਪੈ ਗਈ
ਤੇਰੀ ਧੁਰਾਂ ਦੀ ਅੱਗ ਲਗਾਈ ਹੋਈ ਆ

ਬੁਰਕੇ ਲਾਹ, ਉੱਠ ਦਿਹ ਖਾਂ ਦਰਸ ਯਾਰਾ
ਐਵੇਂ ਕਾਸ ਨੂੰ ਧੂੜ ਧੁਮਾਈ ਹੋਈ ਆ - ਡਾ. ਦੀਵਾਨ ਸਿੰਘ ਕਾਲੇ ਪਾਣੀ

{ਛੱਪ: ਛੁੱਪ ਕੇ
ਬਾਜ਼ੀਗਰ: ਰੱਬ ਲਈ ਕੀਤਾ ਗਿਆ ਸੰਬੋਧਨ}

Monday, 3 October 2011

ਵਗਦੇ ਪਾਣੀ - ਡਾ. ਦੀਵਾਨ ਸਿੰਘ ਕਾਲੇ ਪਾਣੀ

ਪਾਣੀ ਵਗਦੇ ਹੀ ਰਹਿਣ
ਕਿ ਵਗਦੇ ਸੁਹੰਦੇ ਨੇ
ਖੜੋਂਦੇ ਬੁਸਦੇ ਨੇ
ਕਿ ਪਾਣੀ ਵਗਦੇ ਹੀ ਰਹਿਣ

ਜਿੰਦਾਂ ਮਿਲੀਆਂ ਹੀ ਰਹਿਣ
ਕਿ ਮਿਲੀਆਂ ਜੀਂਦੀਆਂ ਨੇ
ਵਿਛੜੀਆਂ ਮਰਦੀਆਂ ਨੇ
ਕਿ ਜਿੰਦਾਂ ਮਿਲੀਆਂ ਹੀ ਰਹਿਣ

ਰੂਹਾਂ ਉੱਡਦੀਆਂ ਹੀ ਰਹਿਣ
ਇਹ ਉੱਡਿਆਂ ਚੜ੍ਹਦੀਆਂ ਨੇ
ਅਟਕਿਆਂ ਡਿਗਦੀਆਂ ਨੇ
ਕਿ ਰੂਹਾਂ ਉੱਡਦੀਆਂ ਹੀ ਰਹਿਣ

ਮੈਂ ਟੁਰਦਾ ਹੀ ਰਹਾਂ
ਕਿ ਟੁਰਿਆਂ ਵਧਦਾ ਹਾਂ
ਖਲੋਇਆਂ ਘਟਦਾ ਹਾਂ
ਕਿ ਮੈਂ ਟੁਰਦਾ ਹੀ ਰਹਾਂ

.................................... - ਡਾ. ਦੀਵਾਨ ਸਿੰਘ ਕਾਲੇ ਪਾਣੀ