Popular posts on all time redership basis

Sunday, 26 August 2012

......ਹੁਣ ਬੱਸ ਕਰ ਜੀ - ਬੁਲ੍ਹੇ ਸ਼ਾਹ

ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਦਿਲ ਵਿਚ ਮੇਰੇ ਵਸਦੇ ਹੋ
ਮੁਡ਼ ਸਾਥੋਂ ਦੂਰ ਕਿਉਂ ਨਸਦੇ ਹੋ
ਪਹਿਲਾਂ ਘਤ ਜਾਦੂ ਦਿਲ ਖਸਦੇ ਹੋ
ਹੁਣ ਕਿਤ ਵੱਲ ਜਾਸੋ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਮੋਇਆਂ ਨੂੰ ਮਾਰ ਮਕੇਂਦੇ ਸੀ
ਨਿੱਤ ਖਿੱਦੂ ਵਾਂਗ ਕੁਟੇਂਦੇ ਸੀ
ਗੱਲ ਕਰਦੀ ਤਾਂ ਗਲ ਘੁਟੇਂਦੇ ਸੀ
ਹੁਣ ਤੀਰ ਲਗਾਓ ਕੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਛਿਪਦੇ ਹੋ ਅਸਾਂ ਪਕੜੇ ਹੋ
ਅਸਾਂ ਜਿਗ਼ਰ ਦੇ ਜਕੜੇ ਹੋ
ਤੁਸੀਂ ਅਜੇ ਛਿਪਣ ਤੋਂ ਤਕੜੇ ਹੋ
ਹੁਣ ਜਾਣ ਨਾ ਦੇਸਾਂ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਬੁਲ੍ਹਾ ਸ਼ੌਹ ਤੇਰੇ ਬਰਦੇ ਹਾਂ
ਤੇਰਾ ਮੁਖ ਵੇਖਣ ਨੂੰ ਮਰਦੇ ਹਾਂ
ਨਿੱਤ ਸੌ ਸੌ ਮਿੰਨਤਾਂ ਕਰਦੇ ਹਾਂ
ਹੁਣ ਬੈਠੋ ਪਿੰਜਰ ਮੇਂ ਧਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

...........................................................ਸਾਈਂ ਬੁਲ੍ਹੇ ਸ਼ਾਹ

No comments:

Post a Comment