Popular posts on all time redership basis

Tuesday, 29 May 2012

ਮੇਰਿਓ ਲਫ਼ਜ਼ੋ - ਸੁਰਜੀਤ ਪਾਤਰ

ਮੇਰਿਓ ਲਫ਼ਜ਼ੋ
ਚਲੋ ਛੁੱਟੀ ਕਰੋ, ਜਾਵੋ ਘਰੀਂ
ਸ਼ਬਦ ਕੋਸ਼ੀਂ ਪਰਤ ਜਾਵੋ

ਨਾਅਰਿਆਂ ਵਿਚ
ਭਾਸ਼ਨਾਂ ਵਿਚ
ਜਾਂ ਬਿਆਨਾਂ ਵਿਚ ਰਲ ਕੇ
ਜਾਓ ਕਰ ਲਓ ਲੀਡਰਾਂ ਦੀ ਨੌਕਰੀ

ਜੇ ਅਜੇ ਵੀ ਬਚੀ ਹੈ ਕੋਈ ਨਮੀ
ਫੇਰ ਮਾਵਾਂ ਧੀਆਂ ਤੇ ਭੈਣਾ ਦਿਆਂ
ਵੈਣਾਂ ’ਚ ਰਲ ਕੇ
ਉਨ੍ਹਾਂ ਦੇ ਨੈਣਾਂ ’ਚ ਡੁੱਬ ਕੇ
ਜਾਓ ਕਰ ਲਓ ਖੁਦਕਸ਼ੀ

ਜੇ ਬਹੁਤ ਹੀ ਤੰਗ ਹੋ
ਤਾਂ ਹੋਰ ਪਿੱਛੇ ਪਰਤ ਜਾਓ
ਫੇਰ ਮੁੜ ਕੇ ਚਾਂਗਰਾਂ, ਚੀਕਾਂ ਤੇ ਚਿੰਘਾੜਾਂ ਬਣੋ.

ਉਹ ਜੋ ਮੈਂ ਇਕ ਦਿਨ ਤੁਹਾਨੂੰ ਆਖਿਆ ਸੀ :
ਆਪਾਂ ਹਰ ਨ੍ਹੇਰੀ ਗਲੀ ਵਿਚ
ਦੀਵਿਆਂ ਦੀ ਡਾਰ ਵਾਂਗੂੰ ਜਗਾਂਗੇ
ਆਪਾਂ ਰਾਹੀਆਂ ਦੇ ਸਿਰਾਂ ’ਤੇ
ਉਡਦੀਆਂ ਸ਼ਾਖਾਂ ਦੇ ਵਾਂਗੂੰ ਰਹਾਂਗੇ
ਲੋਰੀਆਂ ਵਿਚ ਜੁੜਾਂਗੇ
ਗੀਤ ਬਣ ਕੇ ਮੇਲਿਆਂ ਵੱਲ ਤੁਰਾਂਗੇ
ਦੀਵਿਆਂ ਦੀ ਫੌਜ ਬਣਕੇ
ਰਾਤ ਵੇਲੇ ਮੁੜਾਂਗੇ

ਓਦੋਂ ਮੈਨੂੰ ਕੀ ਪਤਾ ਸੀ
ਅੱਥਰੂ ਦੀ ਧਾਰ ਨਾਲੋਂ
ਤੇਗ ਤਿੱਖੀ ਹੋਏਗੀ

ਓਦੋਂ ਮੈਨੂੰ ਕੀ ਪਤਾ ਸੀ
ਕਹਿਣ ਵਾਲੇ ਸੁਣਨ ਵਾਲੇ
ਜਾਨ ਦੇ ਜਾਵਣ ਤੋਂ ਡਰਦੇ
ਇਸ ਤਰ੍ਹਾਂ ਪਥਰਾਉਣਗੇ
ਲਫ਼ਜ਼ ਬੇਮਤਲਬ ਜਿਹੇ ਹੋ ਜਾਣਗੇ.

.................................................- ਸੁਰਜੀਤ ਪਾਤਰ

No comments:

Post a Comment