Popular posts on all time redership basis

Tuesday, 31 January 2012

ਰਬਾਬ ਦੀਆਂ ਸੁਰਾਂ - ਨਵਤੇਜ ਭਾਰਤੀ

ਰਬਾਬ ਦੀਆਂ ਸੁਰਾਂ ਵਿਚ
ਯੋਜਨਾ ਲੰਬੇ
ਰਾਹਾਂ ਦਾ ਦਰਦ
ਕੰਬਦਾ ਸੀ

ਰਬਾਬ ਦੀਆਂ ਸੁਰਾਂ ਵਿਚ
ਉਦਾਸੀਆਂ ਦੀ ਕਰੁਣਾ
ਝਲਕਦੀ ਸੀ
ਬਾਬੇ ਦੇ ਸ਼ਬਦ
ਅਸਮਾਨ ਤੋਂ ਵੀ ਉਤਰਦੇ ਸਨ
ਅਤੇ ਰਾਹਾਂ ਵਿਚੋਂ ਵੀ
ਉੱਠ ਉੱਠ ਕੇ ਨਾਲ ਤੁਰਦੇ ਸਨ

ਰਬਾਬ ਦੀਆਂ ਸੁਰਾਂ ਉੱਠੀਆਂ
ਧਰਤੀ ਘੁੰਮਦੀ ਘੁਮਦੀ
ਠਹਿਰ ਗਈ
ਅਤੇ ਰਬਾਬ ਦੀਆਂ ਸੁਰਾਂ
ਵਿਚ ਘੁੰਮਣ ਲੱਗ ਪਈ

ਰਬਾਬ ਦੀਆਂ ਸੁਰਾਂ ਨੇ
ਵਲੀ ਕੰਧਾਰੀ ਦੀ
ਕੈਦ ਵਿਚੋਂ
ਪਾਣੀ ਆਜ਼ਾਦ ਕੀਤਾ
ਕਲਜੁਗ ਦੀ ਜਕੜ ਚੋਂ
ਸਮਾਂ ਸੁਤੰਤਰ ਕੀਤਾ

ਰਬਾਬ ਦੀਆਂ ਸੁਰਾਂ
ਅਜੇ ਵੀ ਸਾਡੇ ਦਰਿਆਵਾਂ
ਵਿਚ ਵਗਦੀਆਂ ਹਨ
ਸਾਡੀਆਂ ਫਸਲਾਂ ਵਿਚ
ਉਗਦੀਆਂ ਹਨ
ਬਚਿਆਂ ਦੀਆਂ ਮੁਸਕ੍ਰਾਹਟਾਂ
ਵਿਚ ਜਗਦੀਆਂ ਹਨ

ਅਸੀਂ ਰਬਾਬ ਦੀਆਂ
ਸੁਰਾਂ ਦੇ ਵਾਰਸ ਹਾਂ
ਅਸੀਂ ਜਿਉਣਾ ਜਾਣਦੇ ਹਾਂ

.................... - ਨਵਤੇਜ ਭਾਰਤੀ

No comments:

Post a Comment