Popular posts on all time redership basis

Showing posts with label Navtej Bharti. Show all posts
Showing posts with label Navtej Bharti. Show all posts

Tuesday, 14 May 2013

ਦੇਹੀ ਮਾਂ - ਨਵਤੇਜ ਭਾਰਤੀ

ਸੌਣ ਵਾਲਾ ਸੌਂ ਤਾਂ ਸਕਦੈ
ਜਦ ਜੀ ਚਾਹੇ ਜਾਗ ਨਹੀਂ ਸਕਦਾ
ਉਹਦੇ ਵਸ ਵਿਚ ਕੁਝ ਨਹੀਂ ਹੁੰਦਾ
ਉਹ ਹੁੰਦਾ ਹੀ ਨਹੀਂ ਹੈ
ਨੀਂਦ ਤੇ ਮਿਰਤੂ ਸਕੀਆਂ ਭੈਣਾਂ

ਸੁੱਤਾ ਕਦੇ ਨਾ ਜਾਗੇ ਜੇ ਨਾ ਹੋਏ ਜਗਾਉਣ ਵਾਲਾ
ਜੋ ਜਾਗੇ ਜਗਾਵੇ ਓਹੀ
ਬੁਝੇ ਦੀਵੇ ਤੋਂ ਕਦ ਕੋਈ ਦੀਵਾ ਜਗਦਾ

ਮੈਂ ਸੌਵਾਂ ਮੇਰੀ ਦੇਹ ਜਾਗਦੀ ਰਹਿੰਦੀ
ਆਉਂਦੇ ਜਾਂਦੇ ਸੁਪਨੇ ਤੇ ਸਾਹਾਂ ਲਈ
ਬੂਹਾ ਖੋਲ੍ਹ ਕੇ ਰਖਦੀ
ਦਿਲ ਨੂੰ ਸਦਾ ਧੜਕਦਾ ਰੱਖਦੀ
ਵੇਲੇ ਸਿਰ ਜਗਾ ਦਿੰਦੀ ਹੈ

ਮਾਂ ਦੀ ਗੋਦੀ ਡਰ ਨਹੀਂ ਲਗਦਾ
ਨਾ ਸੋਵਣ ਤੋਂ ਨਾ ਜਾਗਣ ਤੋਂ
..............................................  - ਨਵਤੇਜ ਭਾਰਤੀ

Thursday, 14 March 2013

ਕਿਤਾਬੀ ਜਿਹਾ - ਨਵਤੇਜ ਭਾਰਤੀ

ਤੂੰ ਜਦੋਂ ਬਹੁਤ ਸੱਚਾ ਜਿਹਾ ਹੋ ਜਾਨੈਂ
ਸ਼ੁੱਧ ਬੋਲਣ ਲਗ ਜਾਨੈਂ, ਫ਼ਿਕਰੇ ਘੜ ਘੜ ਕੇ
ਸਿਹਾਰੀਆਂ ਬਿਹਾਰੀਆਂ, ਵਿਰਾਮ ਚਿੰਨ੍ਹ ਲਾ ਕੇ
ਮੈਂ ਡਰ ਜਾਂਦੀ ਹਾਂ

ਓਦੋਂ ਮੇਰਾ ਜੀਅ ਕਰਦੈ
ਤੇਰੇ ਚਿਹਰੇ ਤੇ ਥੁਹੜੀ ਜਿਹੀ
ਮਿੱਟੀ ਮਲ ਦਿਆਂ
ਨਛੁਹ ਲੀੜਿਆਂ ਤੇ ਛਿੱਟੇ ਪਾ ਦਿਆਂ
ਤੇ ਤੈਨੂੰ ਕਿਤਾਬੀ ਜਿਹੇ ਨੂੰ
ਅਸਲੀ ਬਣਾ ਲਵਾਂ
............................................ - ਨਵਤੇਜ ਭਾਰਤੀ

Saturday, 2 February 2013

ਖਿਮਾ ਕਰਨਾ - ਨਵਤੇਜ ਭਾਰਤੀ

ਅਸਮਾਨ
ਕਿੰਨਾ ਕੁ ਚਿਰ ਸਾਂਭੀ ਜਾਵੇਗਾ ਸਾਡਾ ਸ਼ੋਰ ਸ਼ਰਾਬਾ
ਸੀਮਾ ਹੈ ਇਹਦੀ ਵੀ ਕੋਈ

ਇਕ ਦਿਨ ਇਹਦੇ ਕੰਨਪਾਟ ਜਾਣੇ ਹਨ
ਤੇ ਡੁੱਲ੍ ਜਾਣਾ ਹੈ ਸਾਰਾ ਰੌਲਾ
ਓਦੋਂ ਅਸੀਂ ਬੋਲੇ ਹੋ ਜਾਵਾਂਗੇ ਤੇ ਕੰਵਲੇ ਵੀ

ਸਾਡਾ ਹਰ ਸ਼ਬਦ
ਸਾਡੇ ਕੋਲ ਹੀ ਪਰਤ ਆਉਣਾ ਹੈ
ਤੇ ਜਿਹੜੇ ਤੀਰ ਅਸੀਂ ਨਿਤ ਚਲਾਉਂਦੇ ਹਾਂ
ਜਦੋਂ ਪਰਤੇ ਉਹਨਾਂ ਨੁੰ ਸਾਂਭਣ ਜੋਗੀ
ਸਾਡੀ ਛਾਤੀ ਨਹੀਂ ਹੋਣੀ

ਵਾਹ ਲੱਗੇ ਮੈਂ
ਮਾੜੀ ਗਲ ਕਰਨੋਂ ਸੰਕੋਚ ਕਰਦਾ ਹਾਂ
ਅਜ ਰਿਹਾ ਨਹੀਂ ਗਇਆ
ਖਿਮਾ ਕਰਨਾ

Wednesday, 9 January 2013

ਸ਼ਬਦਾਂ ਦੇ ਦੀਪਕ - ਨਵਤੇਜ ਭਾਰਤੀ

ਲੱਖਾਂ ਚੰਦ ਉਗ ਪੈਣ
ਹਜ਼ਾਰ ਸੂਰਜ ਉਦੈ ਹੋ ਜਾਣ
ਮੈਨੂੰ ਉਨਾਂ ਚਿਰ ਚੀਜ਼ਾਂ
ਨਹੀਂ ਦਿਸਦੀਆਂ
ਜਿੰਨਾ ਚਿਰ ਸ਼ਬਦ ਦਾ
ਦੀਪਕ ਨਹੀਂ ਬਲਦਾ

ਮੈਨੂੰ ਦੀਵੇ ਜਗਾਉਣ ਦਾ
ਕੰਮ ਮਿਲਿਆ ਹੈ
ਜਿਸ ਦਿਨ ਦੀਵੇ ਨਹੀਂ ਜਗਦੇ
ਮੈਂ ਅੰਨ੍ਹਾਂ ਹੋ ਜਾਂਦਾ ਹਾਂ
................................................. - ਨਵਤੇਜ ਭਾਰਤੀ

Sunday, 23 December 2012

ਅੱਧੀ ਸਦੀ ਪਹਿਲਾਂ ਦੀ ਕਵਿਤਾ - ਨਵਤੇਜ ਭਾਰਤੀ

ਦੂਰ ਦੁਮੇਲੋਂ ਦੂਰ
ਸੰਧਿਆ ਵੇਲੇ
ਰੁੱਖਾਂ ਨਾਲ ਘਿਰੇ ਘਰ ਵਿਚੋਂ
ਬਾਹਰ ਬੂਹੇ ਉਤੇ ਖੜ੍ਹ ਕੇ
ਮੈਨੂੰ ਅਜ ਉਡੀਕੇਂਗੀ ਤੂੰ

ਨੀ ਕੁੜੀਏ ਕੀ ਕਰਦੀ ਐਂ ਤੂੰ
ਵੇਖ ਅਨ੍ਹੇਰਾ ਉਤਰ ਆਇਆ
ਚੁੱਲ੍ਹੇ ਵਿਚ ਧੁਖਾ ਲੈ ਅਗਨੀਂ
ਆਟਾ ਗੁੰਨ੍ਹਦੀ ਮਾਂ ਬੋਲੇਗੀ

ਡੁਬਦੀ ਸੰਧਿਆ ਦਾ ਹੱਥ ਫੜ ਕੇ
ਅੱਖਾਂ ਦੇ ਵਿਚ ਤਾਰੇ ਭਰ ਕੇ
ਮੂੰਹ ਵਿਚ ਚੁੰਨੀ ਦਾ ਲੜ ਫੜ ਕੇ
ਮੂਕ ਬਾਣੀ ਵਿਚ ਤੂੰ ਪੁੱਛੇਂਗੀ
ਦਸ ਅੜੀਏ ਉਹ ਕਿਉਂ ਨਹੀਂ ਆਇਆ   

ਤੈਥੋਂ ਹੱਥ ਛੁਡਾ ਕੇ ਸੰਧਿਆ
ਲਹਿੰਦੇ ਸੂਰਜ ਵਲ ਨੱਸੇਗੀ
ਉਹਦੇ ਪਹੁੰਚਣ ਤੋਂ ਪਹਿਲਾਂ ਹੀ
ਸੂਰਜ ਬੂਹਾ ਭੀਚ ਲਵੇਗਾ

ਦਰ ਦੇ ਨਾਲ ਮਾਰ ਕੇ ਮੱਥਾ
ਸੰਧਿਆ ਥੱਲੇ ਕਿਰ ਜਾਵੇਗੀ
ਸਿੰਮ ਸਿੰਮ ਕੇ ਲਹੂ ਦੇ ਤੁਪਕੇ
ਬੱਦਲਾਂ ਨੂੰ ਰੰਗ ਚੜ੍ਹ ਜਾਵੇਗਾ

ਅੱਭੜਵਾਹੇ ਤੂੰ ਦੌੜੇਂਗੀ
ਚੁੱਲ੍ਹੇ ਦੇ ਵਿਚ ਅੱਗ ਬਾਲੇਂਗੀ
ਚੁੱਲ੍ਹੇ ਮੂਹਰੇ ਬੈਠੀ ਬੈਠੀ
ਬੁੱਕਲ ਵਿਚ ਲੁਕਾ ਕੇ ਦੀਵਾ
ਕੱਲਮ ਕੱਲੀ ਤੁਰੇਂਗੀ ਭਾਲਣ
...............................................  - ਨਵਤੇਜ ਭਾਰਤੀ

ਪੰਕਿਤੀ/ pankiti ਵਿਚੋਂ ਧੰਨਵਾਦ ਸਹਿਤ

Thursday, 13 December 2012

ਮਾਂ ਦਾ ਭਾਸ਼ਾ ਵਿਗਿਆਨ - ਨਵਤੇਜ ਭਾਰਤੀ

ਵਿਹੜਾ ਸੁੰਭਰਦੀ
ਖੇਤ ਰੋਟੀ ਲਜਾਂਦੀ
ਖੂਹੋਂ ਪਾਣੀ ਭਰਦੀ ਮਾਂ ਨੂੰ
ਅੱਖਰਾਂ ਵਾਲੇ ਕਾਗਦ ਦੀ

ਕੋਈ ਵੀ ਪਰਚੀ ਦਿਸਦੀ
ਚੱਕ ਕੇ ਮੱਥੇ ਨਾਲ ਲਾ ਲੈਂਦੀ
ਅੰਗਰੇਜ਼ੀ `ਚ ਛਪੇ
ਮੁੜ ਜਵਾਨ ਹੋਣ ਦੇ ਟੋਟਕੇ ਨੂੰ
ਮੱਥਾ ਟੇਕਦੀ ਵੇਖ ਮੈਂ ਪੁੱਛਿਆ
ਮਾਂ ਪਤੈ
ਇਹ ਅੱਖਰ ਕਿਸ ਬੋਲੀ ਦੇ ਐ?
“ਗੁਰਮੁਖੀ ਦੇ”
ਤੇ ਏਨ੍ਹਾ ਵਿਚ ਕੀ ਲਿਖਿਐ?
“ਬਾਣੀ”
............................................. - ਨਵਤੇਜ ਭਾਰਤੀ



Monday, 12 November 2012

ਖਿਮਾ ਕਰਨਾ - ਨਵਤੇਜ ਭਾਰਤੀ

ਅਸਮਾਨ

ਕਿੰਨਾ ਕੁ ਚਿਰ ਸਾਂਭੀ ਜਾਵੇਗਾ ਸਾਡਾ ਸ਼ੋਰ ਸ਼ਰਾਬਾ

ਸੀਮਾ ਹੈ ਇਹਦੀ ਵੀ ਕੋਈ



ਇਕ ਦਿਨ ਇਹਦੇ ਕੰਨ ਪਾਟ ਜਾਣੇ ਹਨ

ਤੇ ਡੁੱਲ ਜਾਣਾ ਹੈ ਸਾਰਾ ਰੌਲਾ

ਓਦੋਂ ਅਸੀਂ ਬੋਲੇ ਹੋ ਜਾਵਾਂਗੇ ਤੇ ਕੰਵਲੇ ਵੀ



ਸਾਡਾ ਹਰ ਸ਼ਬਦ

ਸਾਡੇ ਕੋਲ ਹੀ ਪਰਤ ਆਉਣਾ ਹੈ

ਤੇ ਜਿਹੜੇ ਤੀਰ ਅਸੀਂ ਨਿਤ ਚਲਾਉਂਦੇ ਹਾਂ

ਜਦੋਂ ਪਰਤੇ ਉਹਨਾਂ ਨੁੰ ਸਾਂਭਣ ਜੋਗੀ

ਸਾਡੀ ਛਾਤੀ ਨਹੀਂ ਹੋਣੀ



ਵਾਹ ਲੱਗੇ ਮੈਂ

ਮਾੜੀ ਗਲ ਕਰਨੋਂ ਸੰਕੋਚ ਕਰਦਾ ਹਾਂ

ਅਜ ਰਿਹਾ ਨਹੀਂ ਗਇਆ

..................................................................ਨਵਤੇਜ ਭਾਰਤੀ

Saturday, 28 July 2012

ਦਸਤਕ ਦੇਣ ਵਾਲੇ ਹੱਥ - ਨਵਤੇਜ ਭਾਰਤੀ

ਮੇਰੇ ਦਰ ਤੇ ਬਾਰ ਬਾਰ
ਦਸਤਕ ਹੁੰਦੀ ਹੈ
ਬੂਹੇ ਤੇ ਜਾਂਦਾ ਹਾਂ
ਕੋਈ ਨਹੀਂ ਹੁੰਦਾ
ਸ਼ਾਇਦ ਹਵਾ ਦਰ ਖੜਕਾ ਕੇ
ਤੁਰ ਜਾਂਦੀ ਹੈ
ਜਾਂ ਕੋਈ ਰਮਤਾ ਜੋਗੀ
ਮੇਰੇ ਪਹੁੰਚਣ ਤੋਂ ਪਹਿਲਾਂ
ਕਿਸੇ ਹੋਰ ਦਰ ਤੇ ਚਲਾ ਜਾਂਦਾ ਹੈ

ਦਸਤਕ ਦੇਣ ਵਾਲੇ ਹੱਥ
ਦਸਤਕ ਹੀ ਦੇਂਦੇ ਨੇ
ਜੋ ਉਹਨਾਂ ਹੱਥਾਂ ਨੂੰ ਫੜਨਾ ਚਾਹੁੰਦੇ ਹਨ
ਉਹ ਦਸਤਕ ਦੇ ਭੇਦ ਨੂੰ
ਨਹੀਂ ਸਮਝਦੇ
ਦਸਤਕ ਦੇਣ ਵਾਲੇ ਹੱਥ
ਇਕ ਦਰ ਤੇ ਹੀ ਨਹੀਂ ਖੜ੍ਹਦੇ
ਅਸੀਸ ਦੇਣ ਵਾਲੇ ਹੱਥ
ਇਕ ਹੀ ਸਿਰ ਤੇ ਨਹੀਂ ਟਿਕਦੇ
......................................ਨਵਤੇਜ ਭਾਰਤੀ

Saturday, 30 June 2012

ਸੁੱਚੇ ਹੱਥ - ਨਵਤੇਜ ਭਾਰਤੀ

ਮੇਰੇ ਹੱਥਾਂ ਨੂੰ ਇੱਕੋ ਕੰਮ ਆਉਂਦਾ

ਜਾਂ ਲੈਣਾ ਜਾ ਦੇਣਾ

ਕਵਿਤਾ ਲਿਖਣ ਤਾਂ

ਉਹ ਵੀ ਲਾਲ ਵਹੀ ਵਿਚ

ਲੇਖਾ ਪੱਤਾ ਬਣ ਜਾਂਦੀ ਹੈ



ਕਿਸ ਨਦੀ ਵਿਚ

ਹੱਥ ਡੋਬੀਏ

ਜਨਮ ਜਨਮ ਦੀ ਜੂਠ ਉੱਤਰੇ

...............................ਨਵਤੇਜ ਭਾਰਤੀ

With thanks from the blog Pankiti

Sunday, 24 June 2012

ਪੰਛੀ ਦੀ ਉਡਾਰੀ - ਨਵਤੇਜ ਭਾਰਤੀ

ਪੰਛੀ ਦੀ ਉਡਾਰੀ
ਨਾ ਉਸਦੇ ਖੰਭਾਂ ਵਿਚ ਹੈ
ਨਾ ਅਸਮਾਨ ਵਿਚ
ਇਹ ਬਾਹਰਲੀਆਂ ਸ਼ਰਤਾਂ ਹਨ
ਪੰਛੀ ਦੀ ਉਡਾਰੀ ਉਸਦੇ ਅੰਦਰ ਹੈ
ਜੇ ਅੰਦਰਲੀ ਉਡਾਣ ਵੱਡੀ ਹੈ
ਤਾਂ ਖੰਭ ਵੀ ਵੱਡੇ ਹੋ ਜਾਂਦੇ ਹਨ
ਅਤੇ ਅਸਮਾਨ ਫੈਲ ਜਾਂਦਾ ਹੈ
ਜੇ ਅੰਦਰਲੀ ਉਡਾਣ ਸੁੰਗੜ ਜਾਵੇ
ਖੰਭ ਅਤੇ ਅੰਬਰ ਵੀ ਸਿਮਟ ਜਾਂਦੇ ਹਨ
ਪੰਛੀ ਪਹਿਲਾਂ ਆਪਣੇ ਅੰਦਰਲੇ
ਅਸਮਾਨ ਵਿਚ ਉਡਦਾ ਹੈ
ਜਿਨੀ ਦੂਰ ਉਹ
ਅੰਦਰਲੇ ਅੰਬਰ ਵਿਚ ਜਾਂਦਾ ਹੈ
ਉਨਾਂ ਵੱਡਾ ਬਾਹਰਲਾ ਅਸਮਾਨ ਹੋ ਜਾਂਦਾ ਹੈ
ਬਾਹਰਲੇ ਅਸਮਾਨ ਤੋਂ ਅਸੀਂ
ਅਨੁਮਾਨ ਨਹੀਂ ਲਾ ਸਕਦੇ
ਕਿ ਪੰਛੀ ਕਿੰਨਾ ਉੱਚਾ ਉਡ ਰਿਹਾ ਹੈ

..................................ਨਵਤੇਜ ਭਾਰਤੀ

Sunday, 20 May 2012

ਸੁਖਮਨੀ ਦੀ ਨਦੀ - ਨਵਤੇਜ ਭਾਰਤੀ

ਉਸਦੇ ਅੰਦਰ
ਸੁਖਮਨੀ ਦੀ ਨਦੀ
ਵਗਦੀ ਸੀ
ਉਸਨੂੰ ਬਲਦੀ ਤਵੀ ਦਾ ਸੇਕ
ਕਿਵੇਂ ਲੂਹ ਸਕਦਾ ਸੀ

ਸਾਨੂੰ ਉਹ ਤੱਤੀ ਤਵੀ ਤੇ
ਬੈਠਾ ਨਜ਼ਰ ਆਉਂਦਾ ਸੀ
ਪਰ ਉਸਦੀ ਸਮਾਧੀ
ਰਾਵੀ ਦੇ ਵਗਦੇ ਪਾਣੀ ਤੇ ਸੀ

ਉਸਦਾ ਯੁਧ
ਨਾ ਜਹਾਂਗੀਰ ਨਾਲ ਸੀ
ਨਾ ਚੰਦੂ ਨਾਲ
ਤੱਤੀ ਤਵੀ ਤੇ ਬਹਿ ਕੇ
ਉਹ ਤਾਂ ਉਸ ਅੱਗ ਨੂੰ ਪੀ ਰਿਹਾ ਸੀ
ਜਿਹੜੀ ਮਨੁੱਖ ਅੰਦਰੋਂ
ਵਗਦੇ ਪਾਣੀ ਨੂੰ ਸੁਕਾ ਦਿੰਦੀ ਹੈ.

.............................................- ਨਵਤੇਜ ਭਾਰਤੀ

Saturday, 28 April 2012

ਕੰਮ ਕਰਦੇ ਹੱਥ - ਨਵਤੇਜ ਭਾਰਤੀ

ਕੰਮ ਕਰਦੇ ਹੱਥਾਂ ਵਿਚ
ਕਰਾਮਾਤ ਵਸਦੀ ਹੈ
ਦਰਿਆ ਵਗਦੇ ਹਨ
ਧਰਤੀ ਫੈਲਦੀ ਹੈ
ਅੰਬਰ ਸਿਮਟਦਾ ਹੈ
ਤੇ ਕਵਿਤਾ ਉਗਦੀ ਹੈ

ਕੰਮ ਕਰਦੇ ਹੱਥ ਹੀ
ਕੰਮ ਤੋਂ ਉੱਚਾ ਉਠਦੇ ਹਨ

ਕੰਮ ਕਰਦੇ ਹੱਥ
ਵੇਖਦੇ ਹਨ ਸੁੰਘਦੇ ਹਨ
ਪਿਆਰ ਕਰਦੇ ਹਨ
ਪੌਣਾ ਨੂੰ ਥਾਪੜਦੇ ਹਨ
ਕੇਸਾਂ ਨੂੰ ਛੁੰਹਦੇ ਹਨ
ਸ਼ਿੰਗਾਰ ਲਾਉਂਦੇ ਹਨ

ਕੰਮ ਕਰਦੇ ਹੱਥ
ਦੀਵੇ ਜਗਾਉਂਦੇ ਹਨ
ਜੁਗਨੂੰਆਂ ਨੂੰ
ਰੋਸ਼ਨੀ ਦਿੰਦੇ ਹਨ
ਬਚਿਆਂ ਦੇ
ਪੋਤੜੇ ਬੰਨ੍ਹਦੇ ਹਨ
ਪੰਛੀਆਂ ਨੂੰ
ਚੋਗਾ ਪਾਉਂਦੇ ਹਨ
ਫੁਲਾਂ ਨੂੰ
ਪਾਣੀ ਦਿੰਦੇ ਹਨ

ਕੰਮ ਕਰਦੇ ਹੱਥ ਜਦੋਂ
ਇਕ ਦੂਜੇ ਨਾਲ ਮਿਲਦੇ ਹਨ
ਦੁਨੀਆਂ
ਜਿਉਣ ਜੋਗੀ ਹੋ ਜਾਂਦੀ ਹੇ

ਸਾਡੀ ਧਰਤੀ
ਸੂਰਜ ਦੁਆਲੇ ਨਹੀਂ
ਕੰਮ ਕਰਦੇ ਹੱਥਾਂ ਦੁਆਲੇ
ਘੁੰਮਦੀ ਹੈ
ਇਹ ਸਾਰੀ ਲੀਲ੍ਹਾ
ਕੰਮ ਕਰਦੇ ਹੱਥਾਂ ਦੀ ਹੈ

...............................................- ਨਵਤੇਜ ਭਾਰਤੀ

Monday, 2 April 2012

ਰਾਤ ਅਤੇ ਦਿਨ - ਨਵਤੇਜ ਭਾਰਤੀ

ਰਾਤ ਅਤੇ ਦਿਨ
ਇਕ ਦੂਜੇ ਦਾ ਹੱਥ ਫੜ ਕੇ
ਮੇਰੇ ਕੋਲ ਆਉਂਦੇ ਹਨ
ਮੈਨੂੰ ਧੰਦੇ ਵਿਚ
ਧੰਦਾ ਹੋਏ ਨੂੰ ਧੂਹ ਕੇ
ਆਪਣੇ ਨਾਲ ਬੈਠਾਉਂਦੇ ਹਨ

ਪੈਰਾਂ ਚੋਂ
ਕੰਡੇ ਕਢਦੇ ਹਨ
ਚੀਥੜਿਆਂ ਵਿਚੋਂ ਕਢ
ਚਾਨਣ ਵਿਚ ਲਪੇਟਦੇ ਹਨ
ਭੁੱਖੇ ਨੂੰ
ਰੋਟੀ ਦਿੰਦੇ ਹਨ
ਆਉਂਣ ਵਾਲੇ ਕਲ੍ਹ ਲਈ
ਜਿਊਣ ਦਾ ਬਲ
ਬਖਸ਼ਦੇ ਹਨ

ਦਿਨ ਰਾਤ
ਮੇਰੇ ਨਾਲ
ਰਹਿੰਦੇ ਨੇ ਸਦਾ
ਮੇਰੇ ਸਿਰ ਤੇ
ਇਹਨਾ ਦਾ ਹੱਥ ਹੈ - ਨਵਤੇਜ ਭਾਰਤੀ

Tuesday, 31 January 2012

ਰਬਾਬ ਦੀਆਂ ਸੁਰਾਂ - ਨਵਤੇਜ ਭਾਰਤੀ

ਰਬਾਬ ਦੀਆਂ ਸੁਰਾਂ ਵਿਚ
ਯੋਜਨਾ ਲੰਬੇ
ਰਾਹਾਂ ਦਾ ਦਰਦ
ਕੰਬਦਾ ਸੀ

ਰਬਾਬ ਦੀਆਂ ਸੁਰਾਂ ਵਿਚ
ਉਦਾਸੀਆਂ ਦੀ ਕਰੁਣਾ
ਝਲਕਦੀ ਸੀ
ਬਾਬੇ ਦੇ ਸ਼ਬਦ
ਅਸਮਾਨ ਤੋਂ ਵੀ ਉਤਰਦੇ ਸਨ
ਅਤੇ ਰਾਹਾਂ ਵਿਚੋਂ ਵੀ
ਉੱਠ ਉੱਠ ਕੇ ਨਾਲ ਤੁਰਦੇ ਸਨ

ਰਬਾਬ ਦੀਆਂ ਸੁਰਾਂ ਉੱਠੀਆਂ
ਧਰਤੀ ਘੁੰਮਦੀ ਘੁਮਦੀ
ਠਹਿਰ ਗਈ
ਅਤੇ ਰਬਾਬ ਦੀਆਂ ਸੁਰਾਂ
ਵਿਚ ਘੁੰਮਣ ਲੱਗ ਪਈ

ਰਬਾਬ ਦੀਆਂ ਸੁਰਾਂ ਨੇ
ਵਲੀ ਕੰਧਾਰੀ ਦੀ
ਕੈਦ ਵਿਚੋਂ
ਪਾਣੀ ਆਜ਼ਾਦ ਕੀਤਾ
ਕਲਜੁਗ ਦੀ ਜਕੜ ਚੋਂ
ਸਮਾਂ ਸੁਤੰਤਰ ਕੀਤਾ

ਰਬਾਬ ਦੀਆਂ ਸੁਰਾਂ
ਅਜੇ ਵੀ ਸਾਡੇ ਦਰਿਆਵਾਂ
ਵਿਚ ਵਗਦੀਆਂ ਹਨ
ਸਾਡੀਆਂ ਫਸਲਾਂ ਵਿਚ
ਉਗਦੀਆਂ ਹਨ
ਬਚਿਆਂ ਦੀਆਂ ਮੁਸਕ੍ਰਾਹਟਾਂ
ਵਿਚ ਜਗਦੀਆਂ ਹਨ

ਅਸੀਂ ਰਬਾਬ ਦੀਆਂ
ਸੁਰਾਂ ਦੇ ਵਾਰਸ ਹਾਂ
ਅਸੀਂ ਜਿਉਣਾ ਜਾਣਦੇ ਹਾਂ

.................... - ਨਵਤੇਜ ਭਾਰਤੀ

Sunday, 25 December 2011

ਕਣੀਆਂ ਦਾ ਪਾਤਰ - ਨਵਤੇਜ ਭਾਰਤੀ

ਜੇ ਮੇਰੇ ਬੁੱਕ ਵਿਚ
ਕੋਈ ਕਣੀ ਨਹੀਂ ਕਿਰੀ
ਤਾਂ ਇਸਦਾ ਇਹ ਭਾਵ ਨਹੀਂ
ਕਿ ਬਰਖਾ ਬਰਸੀ ਹੀ ਨਹੀਂ
ਬਰਖਾ ਸਿਰਫ ਮੇਰੇ ਲਈ ਹੀ
ਨਹੀਂ ਪੈਂਦੀ

ਜਦੋਂ ਮੇਰਾ ਬੁੱਕ
ਚਾਤ੍ਰਿਕ ਦੀ ਪਿਆਸ ਵਿਚ ਪੰਘਰ
ਕੇ ਜੁੜੇਗਾ
ਉਦੋਂ ਹੀ ਕਣੀਆਂ ਦਾ ਪਾਤਰ ਬਣੇਗਾ

ਕਣੀਆਂ ਅੰਬਰ ਵਿਚੋਂ ਨਹੀਂ
ਬੁੱਕ ਦੀ ਪਿਆਸ ਵਿਚੋਂ
ਬਰਸਦੀਆਂ ਹਨ


................................................ - ਨਵਤੇਜ ਭਾਰਤੀ

Monday, 5 December 2011

ਸੁਣ - ਨਵਤੇਜ ਭਾਰਤੀ

ਸੁਣ, ਐੱਮਿਲੀ ਡਿਕਨਸਨ ਨੇ ਕੀ ਲਿਖਿਐ
ਉਹ ਆਉਂਦਿਆਂ ਸਾਰ ਬੋਲੀ
"ਜਿਉਣਾ ਆਪਣੇ ਆਪ ਵਿਚ ਏਡਾ ਅਚੰਭਾ ਹੈ
ਕਿ ਇਹ ਕਿਸੇ ਹੋਰ ਕੰਮ ਲਈ ਵਿਹਲ ਹੀ ਨਹੀਂ ਛਡਦਾ"

ਕਿਉਂ ਹੈ ਨਾ ਕਮਾਲ
ਕਹਿਕੇ ਉਹ ਤੁਰ ਗਈ
ਮੈਨੂੰ ਬੈਠੇ ਬੈਠੇ ਨੂੰ ਚਕ੍ਰਿਤ ਕਰ ਗਈ
ਉਹ ਇਉਂ ਹੀ ਕਰਦੀ ਹੈ
ਕੋਈ ਸੋਹਣੀ ਪੰਕਤੀ ਪੜ੍ਹੇ
ਧੁਨ ਸੁਣੇ
ਜਾਂ ਦ੍ਰਿਸ਼ ਵੇਖੇ
ਉਹ ਝੱਲੀ ਹੋ ਜਾਂਦੀ ਹੈ
ਤੇ ਜਿੰਨਾ ਚਿਰ ਦੱਸ ਨਹੀਂ ਲੈਂਦੀ
ਮੇਰੇ ਮਗਰ ਮਗਰ ਤੁਰੀ ਫਿਰਦੀ ਹੈ

ਉਹ ਪ੍ਰਵਾਹ ਨਹੀਂ ਕਰਦੀ
ਜੇ ਮੈਂ ਕਿਸੇ ਸੱਚ ਦੀ ਭਾਲ ਵਿਚ ਹਾਂ
ਕਵਿਤਾ ਦੀ ਕਲਪਣਾ ’ਚ ਹਾਂ
ਰੋਟੀ ਟੁਕ ਦੇ ਜੰਜਾਲ ’ਚ ਹਾਂ
ਚਾਣਚੱਕ ਉਸ ਅੰਦਰ
ਬਿਜਲੀ ਲਿਸ਼ਕਦੀ ਹੈ
ਤੇ ਉਹ ਮੇਰੇ ਉਤੇ ਡਿਗ ਪੈਂਦੀ ਹੈ
ਪਲਾਂ ਖਿਣਾਂ ਵਿਚ
ਮੇਰਾ ਘੁਰਨਾ ਫਾਕੜਾਂ ਕਰ
ਮੈਨੂੰ ਅਸਮਾਨ ਵਿਚ ਖੜ੍ਹਾ
ਕਰ ਦਿੰਦੀ ਹੈ

ਉਹ ਬਾਰੀ ’ਚ ਖੜ੍ਹੀ ਹਾਕ ਮਾਰਦੀ ਹੈ
ਭਜ ਕੇ ਆਈਂ
ਮੈਂ ਕੰਮ ਛਡ ਉਸ ਵੱਲ ਦੌੜਦਾ ਹਾਂ
ਕਹਿੰਦੀ ਹੁਣ ਤਾਂ ਉਡ ਗਿਆ
ਬਹੁਤ ਹੀ ਸੋਹਣਾ ਪੰਛੀ ਸੀ

ਉਹ ਨਿੱਕੀ ਨਿੱਕੀ ਗੱਲ ਤੇ ਬੱਚਿਆਂ ਵਾਂਗ ਹੱਸਦੀ ਹੈ
ਬਰਫ਼ ਤੇ ਤਿਲ੍ਹਕਦਾ ਕੁੱਤਾ ਵੇਖ ਕੇ
ਮੇਰੇ ਗ਼ਲਤ ਬੰਦ ਕੀਤੇ ਬਟਨ ਵੇਖ ਕੇ
ਸੁੱਤੇ ਪਏ ਦੇ ਢਿੱਡ ਤੇ ਭੜੂਕਾ ਲਾ ਕੇ
ਉਹ ਘੰਟਿਆਂ ਬੱਧੀ ਬੱਦਲਾਂ ਵਿਚ
ਬਣਦੇ ਹਾਥੀ ਘੋੜੇ ਵੈਖ ਸਕਦੀ ਹੈ
ਪੰਜੇ ਚੁੱਕੀ ਖੜ੍ਹੀ ਕਾਟੋ ਨੂੰ ਵੇਖ ਕੇ
ਹੈਰਾਨ ਹੋ ਸਕਦੀ ਹੈ

ਕਵਿਤਾ ਪੜ੍ਹਦੀ ਪੜ੍ਹਦੀ
ਉਹ ਹਵਾ ਦੇ ਬੁੱਲੇ ਵਾਂਗ
ਮੇਰੇ ਕੋਲ ਆਉਂਦੀ ਹੈ
ਤੇ ਮੇਰੇ ਵਿਚ ਸੱਜਰੇ ਸਾਹ
ਭਰ ਜਾਂਦੀ ਹੈ
ਮੇਰੀ ਝੋਲੀ ਵਿਚ ਕਿਸੇ
ਸ਼ਬਦ ਦਾ ਫੁੱਲ ਧਰ ਜਾਂਦੀ ਹੈ
ਕਿਸੇ ਵਾਕ ਦੀ ਧੂਫ
ਜਗਾ ਜਾਂਦੀ ਹੈ
ਐੱਮਿਲੀ ਡਿਕਨਸਨ ਨੂੰ ਕੋਲ ਛਡ ਜਾਂਦੀ ਹੈ
ਜੋ ਕਹਿੰਦੀ ਹੈ
ਜਿਉਣਾ ਕਿੰਨਾ ਅਦਭੁਤ ਹੈ
ਕਿੰਨਾ ਅਦਭੁਤ !

............. - ਨਵਤੇਜ ਭਾਰਤੀ

Thursday, 1 September 2011

ਲੇਖਾ ਛੋਡ ਅਲੇਖੈ ਛੂਟੈ - ਨਵਤੇਜ ਭਾਰਤੀ

ਜੇ ਮੈਨੂੰ
ਹਰ ਸਾਹ ਦਾ, ਪਾਣੀ ਦੀ ਹਰ ਬੂੰਦ ਦਾ
ਮੁੱਲ ਦੇਣਾ ਪਵੇ
ਹਰ ਕਦਮ ਰਖਣ ਲਈ
ਧਰਤੀ ਖਰੀਦਣੀ ਪਵੇ
ਤਾਂ ਮੈਨੂੰ ਪੱਤਾ ਲੱਗੇ
ਮੈਂ ਕਿਨਾਂ ਮੁਫਤਖੋਰ ਹਾਂ
ਪਰ ਇਕ ਨਾ ਇਕ ਦਿਨ
ਕਿਸੇ ਨਾ ਕਿਸੇ ਜਨਮ
ਇਹ ਲੇਖਾ ਦੇਣਾ ਹੀ ਪੈਣਾ ਹੈ
ਹਰ ਸ਼ਬਦ ਜੋ ਮੈਂ ਵਰਤਦਾ ਹਾਂ
ਉਸਦਾ ਮੁੱਲ ਵੀ ਦੇਣਾ ਪੈਣਾ ਹੈ
ਤੇ ਜਦ ਜਨਮ ਜਨਮਾਂਤਰਾਂ ਤੱਕ
ਰਿਣ ਨਾ ਲੱਥਾ
ਤਾਂ ਹਾਰ ਕੇ ਮੰਗਣਾ ਪਵੇਗਾ
ਲੇਖਾ ਛੋਡ ਅਲੇਖੈ ਛੂਟੈ

...................................................ਨਵਤੇਜ ਭਾਰਤੀ

Thursday, 11 August 2011

ਊਲ ਜਲੂਲ - ਨਵਤੇਜ ਭਾਰਤੀ

ਇਹ ਕਵਿਤਾ ਹੈ ਨਿਰੀ ਫਜ਼ੂਲ
ਨਾ ਭੁੱਖੇ ਦੀ ਬਣਦੀ ਰੋਟੀ
ਨਾ ਪਿਆਸੇ ਦਾ ਪਾਣੀ
ਨਾ ਬੱਚੇ ਲਈ ਬਣੇ ਖਿਡੌਣਾ
ਨਾ ਪੰਛੀ ਲਈ ਟਾਹਣੀ
ਨਾ ਅੰਨ੍ਹੇ ਦਾ ਬਣਦੀ ਨੇਤਰ
ਨਾ ਮੰਜੇ ਦੀ ਚੂਲ
ਊਲ ਜਲੂਲ
ਇਹ ਕਵਿਤਾ ਹੈ ਨਿਰੀ ਫਜ਼ੂਲ

ਇਹ ਕਵਿਤਾ ਹੈ ਨਿਰਾ ਜੰਜਾਲ
ਕਾਲੇ ਅੱਖਰਾਂ ਦੇ ਵਿਚ ਬੰਨ੍ਹਿਆ
ਲੁੱਟ ਦਾ ਮਾਲ

.....................................ਨਵਤੇਜ ਭਾਰਤੀ