Popular posts on all time redership basis

Tuesday, 6 December 2011

ਮੇਰਾ ਸ਼ਹਿਰ - ਅੰਮ੍ਰਿਤਾ ਪ੍ਰੀਤਮ

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ...
ਸੜਕਾਂ--ਬੇਤੁਕੀਆਂ ਦਲੀਲਾਂ ਦੀ ਤਰ੍ਹਾਂ
ਤੇ ਗਲੀਆਂ ਇਸ ਤਰ੍ਹਾਂ....
ਜਿਉਂ ਇੱਕੋ ਗੱਲ ਨੂੰ ਕੋਈ ਇੱਧਰ ਘਸੀਟਦਾ ਕੋਈ ਉੱਧਰ.

ਹਰ ਮਕਾਨ ਇਕ ਮੁੱਠੀ ਵਾਂਗੂੰ ਵੱਟਿਆ ਹੋਇਆ
ਕੰਧਾਂ--ਕਚੀਚੀਆਂ ਵਾਂਗੂੰ
ਤੇ ਨਾਲੀਆਂ,ਜਿਉਂ ਮੂੰਹਾਂ 'ਚੋਂ ਝੱਗ ਵਗਦੀ ਹੈ...

ਇਹ ਬਹਿਸ ਖ਼ੌਰੇ ਸੂਰਜ ਤੋਂ ਸ਼ੁਰੂ ਹੋਈ ਸੀ
ਜੁ ਉਸ ਨੂੰ ਵੇਖ ਕੇ ਇਹ ਹੋਰ ਗਰਮ ਹੁੰਦੀ
ਤੇ ਹਰ ਬੂਹੇ ਦੇ ਮੂੰਹ 'ਚੋਂ....
ਫਿਰ ਸਾਈਕਲਾਂ ਤੇ ਸਕੂਟਰਾਂ ਦੇ ਪਹੀਏ
ਗਾਲ੍ਹਾਂ ਦੀ ਤਰ੍ਹਾਂ ਨਿਕਲਦੇ
ਤੇ ਘੰਟੀਆਂ ਤੇ ਹਾਰਨ ਇਕ ਦੂਜੇ ਤੇ ਝਪਟਦੇ....

ਜਿਹੜਾ ਵੀ ਬਾਲ ਇਸ ਸ਼ਹਿਰ ਵਿਚ ਜੰਮਦਾ
ਪੁੱਛਦਾ ਕਿ ਕਿਹੜੀ ਗੱਲ ਤੋਂ ਇਹ ਬਹਿਸ ਹੋ ਰਹੀ ?
ਫਿਰ ਉਸ ਦਾ ਸਵਾਲ ਵੀ ਇਕ ਬਹਿਸ ਬਣਦਾ
ਬਹਿਸ ਵਿਚੋਂ ਨਿਕਲਦਾ , ਬਹਿਸ ਵਿਚ ਰਲਦਾ....

ਸੰਖਾਂ ਘੜਿਆਲਾਂ ਦੇ ਸਾਹ ਸੁੱਕੇ
ਰਾਤ ਆਉਂਦੀ,ਸਿਰ ਖਪਾਂਦੀ ,ਤੇ ਚਲੀ ਜਾਂਦੀ
ਪਰ ਨੀਂਦਰ ਦੇ ਵਿੱਚ ਵੀ ਇਹ ਬਹਿਸ ਨਾ ਮੁੱਕੇ.

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ...

No comments:

Post a Comment