Popular posts on all time redership basis

Saturday, 30 July 2011

ਪੌਣ ਦਾ ਕੋਈ ਕੀ ਕਰੇ - ਅਜਮੇਰ ਰੋਡੇ

ਅਜ ਪੌਣ ਮੈਨੂੰ ਅਵਾਰਾਗਰਦ ਲੱਗੀ:
ਬੇਮਤਲਬ, ਥਾਂ ਥਾਂ ਪ੍ਰੇਤਾਂ ਵਾਂਗ
ਸ਼ੂਕਦੀ, ਘੱਟਾ ਉਡਾਉਂਦੀ ਫਿਰਦੀ.

ਅੱਜ ਪੌਣ ਮੈਨੂੰ ਬਹੁਤ ਚਤੁਰ ਲਗੀ:
ਮੇਰਾ ਸਭ ਕੁਝ ਵੇਖਦੀ
ਆਪ ਅਦਿੱਖ ਰਹਿੰਦੀ,
ਮੈਂ ਇਸ ਪਾਸੇ ਵਲ ਜਾਵਾਂ ਤਾਂ ਪਾਸੇ
ਹੱਟ ਜਾਂਦੀ ਹੈ, ਆਪ ਮੇਰੇ ਅੰਦਰ ਬਾਹਰ
ਖੁਲ੍ਹੀ ਤੁਰੀ ਫਿਰਦੀ ਹੈ

ਅੱਜ ਪੌਣ ਮੁਫਤ ਦੀ ਸ਼ੈਅ ਜਿਹੀ ਲੱਗੀ: ਜਦੋਂ
ਜੀ ਕਰੇ ਇਸ ਵਿਚੋਂ ਲੱਮਾ ਸਾਹ ਭਰ ਲਵੋ ਜਦੋਂ
ਜੀ ਕਰੇ ਇਸ ਨੂੰ ਵਰਤ ਕੇ ਬਾਹਰ ਕਢ ਦੇਵੋ.

ਅੱਜ ਪੌਣ ਮੈਨੂੰ ਚੰਗੀ ਚੰਗੀ ਲੱਗੀ: ਮਾਵਾਂ ਵਰਗੀ,
ਮੈਨੂੰ ਪ੍ਰਥਮ ਸਾਹ ਦੇਣ ਵਾਲੀ, ਭੈਣਾਂ ਵਰਗੀ, ਹਰ ਦਮ
ਮੇਰੇ ਸਾਹਾਂ ਚ ਵਿਘਨ ਪੈਣ ਦੀ ਚਿੰਤਾ ਕਰਨ ਵਾਲੀ.
ਅਰਿਸ਼ਤੀ ਨਾਰ ਜਿਹੀ, ਅਕਾਰਣ ਹੀ ਮੇਰੇ ਤਨ
ਨੂੰ ਛੁਹ ਜਾਣ ਵਾਲੀ, ਅੰਦਰ ਵਗਦੇ ਲਹੂ ਕਣਾਂ ਨੂੰ ਫੂਕ
ਮਾਰ ਜਾਣ ਵਾਲੀ, ਉਹਨਾਂ ਵਿਚ ਚੱਗਿਆੜੇ ਭਰ ਜਾਣ ਵਾਲੀ
ਪੌਣ ਦਾ ਕੋਈ ਕੀ ਕਰੇ
ਝੱਲੀ ਜਿਹੀ! ਕਦੇ ਕੁਝ ਲਗਣ ਲੱਗ ਪੈਂਦੀ ਹੈ
ਕਦੇ ਕੁਝ. - ਅਜਮੇਰ ਰੋਡੇ

No comments:

Post a Comment