Popular posts on all time redership basis

Showing posts with label Ajmer Rode. Show all posts
Showing posts with label Ajmer Rode. Show all posts

Wednesday, 12 December 2012

ਪ੍ਰਣਾਮ ਹਿਰਨ ਦਾ - ਅਜਮੇਰ ਰੋਡੇ

ਮਰਦੇ ਹਿਰਨ ਨੇ ਰਾਮਚੰਦਰ ਨੂੰ
ਪ੍ਰਣਾਮ ਕੀਤਾ ਤੇ ਦਮ ਤੋੜ ਦਿਤਾ
ਰਾਮਚੰਦਰ ਨੇ ਹਿਰਨ ਦੇ ਮੋਟੇ ਨੈਣਾਂ ਵਿਚ
ਤੱਕਿਆ ਤੇ ਕਿਹਾ
ਹੇ ਮਿਰਗ ਮੈਂ ਤੇਰੀ ਮੁਕਤੀ ਕਰ ਦਿਤੀ ਹੈ
ਹੁਣ ਤੂੰ ਆਪਣੀਆਂ ਅੱਖਾਂ ਬੰਦ ਕਰ ਲੈ
ਮੇਰੇ ਇਸ ਸਰੀਰ ਵਾਂਗ
ਤੇਰਾ ਸਰੀਰ ਵੀ ਮਾਇਆ ਸੀ
ਤੂੰ ਮਾਇਆ ਜਾਲ਼ ਤੋਂ ਸੁਰਖਰੂ ਹੋ ਗਿਆ ਹੈਂ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ
ਹੇ ਮਿਰਗ ਇਹ ਮੇਰੀ ਪ੍ਰਿਆ ਸੀਤਾ ਦੀ ਇੱਛਾ ਸੀ
ਕਿ ਮੈਂ ਤੇਰਾ ਸੁੰਦਰ ਸਰੀਰ ਉਸ ਦੀ ਭੇਟਾ ਕਰਾਂ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ
ਹੇ ਮਿਰਗ ਮੈਂ ਤੈਨੂੰ ਉਚਤਮ ਮਨੁੱਖਾ ਜੂਨੀ
ਵਿਚ ਪਾ ਦੇਵਾਂਗਾ ਤੈਨੂੰ ਦੇਵਰਾਜ ਇੰਦਰ ਦੇ
ਸਿੰਘਾਸਣ ਤੇ ਬਿਠਾ ਦੇਵਾਂਗਾ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ
ਹੇ ਮਿਰਗ ਮੈਂ ਆਖਰੀ ਵਾਰ
ਇਸ ਧਰਤੀ ਤੇ ਆਇਆ ਹਾਂ
ਮੈਂ ਕਿਸੇ ਹੋਰ ਯੁਗ ਵਿਚ ਤੇਰੇ ਨੈਣ
ਬੰਦ ਕਰਨ ਨਹੀਂ ਆਵਾਂਗਾ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ
ਹਿਰਨ ਖੁਲ੍ਹੀਆਂ ਅੱਖਾਂ ਨਾਲ਼
ਉਸੇ ਤਰਾਂ ਪਿਆ ਰਿਹਾ
ਹਰੇ ਕਚੂਰ ਘਾਹ ਦੀ ਤਿੜ
ਮੁੜ ਮੁੜ
ਉਸ ਦੇ ਗੁਲਾਬੀ ਹੋਠਾਂ ਨੂੰ ਛੋਂਹਦੀ ਰਹੀ

........................................................ - ਅਜਮੇਰ ਰੋਡੇ

Sunday, 27 May 2012

ਅਨੰਦ ਖੁਸ਼ - ਅਜਮੇਰ ਰੋਡੇ

ਜੋ ਹੈ ਉਹ ਹੈ,
ਤੇਰਾ ਓਹੀ ਸੱਚ ਹੈ.

ਮਾਇਆ ਵੀ ਸੱਚ
ਸਾਇਆ ਵੀ ਸੱਚ

ਸੁਪਨਾ ਵੀ ਸੱਚ,
ਸੁਪਨੇ ਦਾ ਬਿਆਨ ਵੀ ਸੱਚ

ਸੱਚ ਦੀਆਂ
ਅਨੇਕ ਪਰਤਾਂ ਹਨ
ਪਰਤਾਂ ਵਿਚ ਵਲਵਲੇਵੇਂ
ਦੁਖ ਸੁਖ
ਰਹੱਸ
ਉਲਝਣਾਂ
ਉਲਝਣਾਂ ਸੁਲਝਾਂਉਦੇ ਤੇਰੇ ਹੱਥ
ਏਹ ਲੀਲ੍ਹਾ ਸੱਚ ਹੈ, ਬਸ.

...............................................ਅਜਮੇਰ ਰੋਡੇ

Tuesday, 8 November 2011

ਅਨੰਦ ਖੁਸ਼ - ਅਜਮੇਰ ਰੋਡੇ

ਜੋ ਹੈ ਉਹ ਹੈ,
ਤੇਰਾ ਓਹੀ ਸੱਚ ਹੈ.

ਮਾਇਆ ਵੀ ਸੱਚ
ਸਾਇਆ ਵੀ ਸੱਚ

ਸੁਪਨਾ ਵੀ ਸੱਚ
ਸੁਪਨੇ ਦਾ ਬਿਆਨ ਵੀ ਸੱਚ.

ਸੱਚ ਦੀਆਂ
ਅਨੇਕ ਪਰਤਾਂ ਹਨ
ਪਰਤਾਂ ਵਿਚ ਵਲਵਲੇਵੇਂ
ਦੁੱਖ ਸੁੱਖ
ਰਹੱਸ
ਉਲਝਣਾਂ
ਉਲਝਣਾਂ ਸੁਲਝਾਉਂਦੇ ਤੇਰੇ ਹੱਥ
ਏਹ ਲੀਲਾ ਸੱਚ ਹੈ, ਬਸ - ਅਜਮੇਰ ਰੋਡੇ

Sunday, 30 October 2011

ਪੰਜਾਬ 1984 .....ਅਜਮੇਰ ਰੋਡੇ

ਮੀਂਹ
ਕਣੀ ਕਣੀ ਵਰ੍ਹੇ
ਚਾਨਣੀ
ਭੋਰਾ ਭੋਰਾ ਝਰੇ
ਪੌਣ
ਸਿੱਲ੍ਹੀ ਸਿੱਲ੍ਹੀ ਵਗੇ
ਧੁੱਪ
ਮੈਲੀ ਮੈਲੀ ਚੜ੍ਹੇ
ਨਬਜ਼
ਰੁਕ ਰੁਕ ਤੁਰੇ
ਸੜਕ
ਜਕ ਜਕ ਵਗੇ
ਕਵੀ
ਲੁਕ ਲੁਕ ਬਹੇ
ਨਾ ਖੁਲ੍ਹ ਕੇ ਸੁਣੇ
ਨਾ ਖੁਲ੍ਹ ਕੇ ਕਹੇ
ਕਵਿਤਾ
ਲੋਥਾਂ ਦੇ ਕੰਨਾ ’ਚ
ਵੜਦੀ ਫਿਰੇ
.................ਅਜਮੇਰ ਰੋਡੇ

Thursday, 20 October 2011

ਸਰਘੀ - ਅਜਮੇਰ ਰੋਡੇ

ਮੈਂ ਤੇਰੀ ਸਰਘੀ ਵਿਚ ਇਸ਼ਨਾਨ ਕਰ ਕੇ ਹਟਿਆਂ ਹਾਂ
ਤੇਰੀ ਉਡੀਕ ਵਿਚ ਮੈਂ ਓਹੀ ਵਸਤਰ ਪਹਿਨ ਕੇ ਬੈਠਾਂ
ਜੋ ਮੈਨੂੰ ਜਨਮ ਸਮੇਂ ਮਿਲੇ ਸਨ
ਮੈਲੇ ਵਸਤਰਾਂ ਨਾਲ ਤੈਨੂੰ ਕਿਵੇਂ ਉਡੀਕ ਸਕਦਾ ਹਾਂ

ਤੇਰਾ ਹਥ ਸੂਰਜ ਦੀ ਪਹਿਲੀ ਕਿਰਨ ਵਿਚ ਆਵੇਗਾ
ਤੇ ਮੇਰੀ ਨੰਗੀ ਦੇਹ ਨੂੰ ਛੋਹ ਜਾਵੇਗਾ
ਦੇਹ ਦੇ ਰੋਮ ਰੋਮ ਵਿਚ ਬੈਠੀ ਇੰਦਰੀ
ਥਰਥਰਾ ਉਠੇਗੀ

ਗੀਤਾ ਕਹਿੰਦੀ ਹੈ
ਇੰਦਰੀਆਂ ਤੋਂ ਪਰੇ ਮਨ ਦੀ ਦੁਨੀਆਂ ਹੈ
ਮਨ ਦੀਆਂ ਸੀਮਾਵਾਂ ਤੋਂ ਪਾਰ ਬੁੱਧੀ
ਬੁੱਧੀ ਤੋਂ ਅੱਗੇ ਆਤਮਾ ਹੈ
ਆਤਮਾ ਤੋਂ ਅੱਗੇ ਆਦਿ ਚਿਣਗ ਹੈ
ਜੋ ਤੇਰੀ ਛੋਹ ਵਿਚ ਹੈ

ਤੂੰ ਆ
ਮੈਂ ਆਪਣੇ ਅੰਗਾਂ ਚੋਂ
ਸਿੰਮੇ ਚਾਨਣ ਦਾ ਕਰਮੰਡਲ
ਤੇਰੇ ਪੈਰਾਂ ਤੇ ਡੋਲ੍ਹ ਦੇਵਾਂਗਾ
ਤੇ ਤੇਰੇ ਨਾਲ ਲਗ ਕੇ ਬੈਠ ਜਾਵਾਂਗਾ
ਆਦਿ ਚਿਣਗ ਵਿਚ ਲਿਖੀਆਂ
ਬਾਤਾਂ ਸੁਣਨ ਲਈ
ਆਦਿ ਅੰਤ ਦੀ ਲੀਲ੍ਹਾ ਵੇਖਣ ਲਈ - ਅਜਮੇਰ ਰੋਡੇ

Wednesday, 7 September 2011

ਜੋ ਵੀ ਸ਼ਬਦ ਲਿਖਾਂ - ਅਜਮੇਰ ਰੋਡੇ ( Ajmer Rode )

ਬਨਮੈ ਜੋ ਵੀ ਸ਼ਬਦ ਲਿਖਾਂ
ਤੇਰੀ ਉਸਤਤ ਵਿਚ ਲਿਖਾਂ
ਨਹੀਂ ਤਾਂ ਨਿਰਸ਼ਬਦਾ ਹੀ ਰਹਾਂ
ਬਸ ਏਹੋ ਕਾਮਨਾ ਕਰਨ ਲਈ
ਅੱਖਾਂ ਬੰਦ ਕਰ ਲਈਆਂ ਹਨ

ਜੋ ਵੀ ਚਿਤਰ ਮੇਰੇ ਹਥੋਂ ਬਣੇਂ
ਸੰਦਰਤਾ ਦੇ ਨਵੇਂ ਅਰਥ ਸਿਰਜੇ
ਨਹੀਂ ਤਾਂ ਬਣਦਾ ਹੀ ਖੁਰ ਜਾਵੇ
ਮੈਂ ਤੇਰੀ ਝਲਕ ਵਿਚ
ਸੰਪੂਰਨਤਾ ਦੇ ਦਰਸ਼ਨ ਕੀਤੇ ਹਨ
ਇਸੇ ਲਈ ਹੁਣ ਅਪੂਰਨਤਾ ਦੇਖ ਸਕਦਾ ਹਾਂ

ਬੰਦ ਪਲਕਾਂ ਪਿੱਛੇ ਅੱਖਾਂ ਖੋਲ੍ਹੀ ਬੈਠੀ ਦ੍ਰਿਸ਼ਟੀ
ਛਿਣ ਭੰਗਰ ਵਿਚ ਝਾਤ ਮਾਰ ਲੈਂਦੀ ਹੈ
ਤੇ ਤੈਨੂੰ ਇੰਦਰਧਨੁਸ਼ ਵਿਚ ਬੈਠੀ ਨੂੰ
ਪਛਾਣ ਲੈਂਦੀ ਹੈ

ਮੈਂ ਆਪਣੀ ਬਾਂਹ ਲੱਖਾਂ ਯੋਜਨ ਲੰਮੀ ਕਰਕੇ
ਤੇਰੇ ਵਾਲ ਛੋਹ ਲੈਂਦਾ ਹਾਂ ਤੇ
ਲਹਿਰ ਲਹਿਰ ਹੋ ਜਾਂਦਾ ਹਾਂ

Saturday, 30 July 2011

ਪੌਣ ਦਾ ਕੋਈ ਕੀ ਕਰੇ - ਅਜਮੇਰ ਰੋਡੇ

ਅਜ ਪੌਣ ਮੈਨੂੰ ਅਵਾਰਾਗਰਦ ਲੱਗੀ:
ਬੇਮਤਲਬ, ਥਾਂ ਥਾਂ ਪ੍ਰੇਤਾਂ ਵਾਂਗ
ਸ਼ੂਕਦੀ, ਘੱਟਾ ਉਡਾਉਂਦੀ ਫਿਰਦੀ.

ਅੱਜ ਪੌਣ ਮੈਨੂੰ ਬਹੁਤ ਚਤੁਰ ਲਗੀ:
ਮੇਰਾ ਸਭ ਕੁਝ ਵੇਖਦੀ
ਆਪ ਅਦਿੱਖ ਰਹਿੰਦੀ,
ਮੈਂ ਇਸ ਪਾਸੇ ਵਲ ਜਾਵਾਂ ਤਾਂ ਪਾਸੇ
ਹੱਟ ਜਾਂਦੀ ਹੈ, ਆਪ ਮੇਰੇ ਅੰਦਰ ਬਾਹਰ
ਖੁਲ੍ਹੀ ਤੁਰੀ ਫਿਰਦੀ ਹੈ

ਅੱਜ ਪੌਣ ਮੁਫਤ ਦੀ ਸ਼ੈਅ ਜਿਹੀ ਲੱਗੀ: ਜਦੋਂ
ਜੀ ਕਰੇ ਇਸ ਵਿਚੋਂ ਲੱਮਾ ਸਾਹ ਭਰ ਲਵੋ ਜਦੋਂ
ਜੀ ਕਰੇ ਇਸ ਨੂੰ ਵਰਤ ਕੇ ਬਾਹਰ ਕਢ ਦੇਵੋ.

ਅੱਜ ਪੌਣ ਮੈਨੂੰ ਚੰਗੀ ਚੰਗੀ ਲੱਗੀ: ਮਾਵਾਂ ਵਰਗੀ,
ਮੈਨੂੰ ਪ੍ਰਥਮ ਸਾਹ ਦੇਣ ਵਾਲੀ, ਭੈਣਾਂ ਵਰਗੀ, ਹਰ ਦਮ
ਮੇਰੇ ਸਾਹਾਂ ਚ ਵਿਘਨ ਪੈਣ ਦੀ ਚਿੰਤਾ ਕਰਨ ਵਾਲੀ.
ਅਰਿਸ਼ਤੀ ਨਾਰ ਜਿਹੀ, ਅਕਾਰਣ ਹੀ ਮੇਰੇ ਤਨ
ਨੂੰ ਛੁਹ ਜਾਣ ਵਾਲੀ, ਅੰਦਰ ਵਗਦੇ ਲਹੂ ਕਣਾਂ ਨੂੰ ਫੂਕ
ਮਾਰ ਜਾਣ ਵਾਲੀ, ਉਹਨਾਂ ਵਿਚ ਚੱਗਿਆੜੇ ਭਰ ਜਾਣ ਵਾਲੀ
ਪੌਣ ਦਾ ਕੋਈ ਕੀ ਕਰੇ
ਝੱਲੀ ਜਿਹੀ! ਕਦੇ ਕੁਝ ਲਗਣ ਲੱਗ ਪੈਂਦੀ ਹੈ
ਕਦੇ ਕੁਝ. - ਅਜਮੇਰ ਰੋਡੇ