Popular posts on all time redership basis

Tuesday, 7 May 2013

ਉਦਾਸ ਜਿਹੀ ਕੁੜੀ - ਗੁਲਸ਼ਨ ਦਿਆਲ

ਉਦਾਸ ਜਿਹੀ ਕੁੜੀ
ਉਦਾਸ ਮੌਸਮ
ਉਦਾਸ ਦਿਲ
ਦੂਰ ਕਿਤੇ ਨਿੱਕੀ ਜਿਹੀ ਕੁੜੀ
ਰੋ ਰਹੀ ਅਸਮਾਨ ਦੇ ਨਾਲ਼ ਨਾਲ਼
ਮੁੱਠੀ ਜਿਹੇ ਦਿਲ ਤੋਂ ਮਜਬੂਰ
ਕੋਈ ਜਾ ਰਿਹਾ ਹੈ
ਕੋਈ ਆ ਨਹੀਂ ਰਿਹਾ
ਕੋਈ ਵਿੱਛੜ ਰਿਹਾ ਹੈ
ਨਹੀਂ ਜਾਣਦੀ ਅਜੇ
ਵਿਛੜਣ ਤੋਂ ਬਾਅਦ
ਮਿਲਣ ਵੀ ਹੁੰਦਾ ਹੈ
ਤੇ ਹਰ ਮਿਲਣ ਤੋਂ ਬਾਅਦ
ਵਿਛੜਣਾ ਵੀ ਹੈ
ਕੁਦਰਤ ਦਾ ਨਿਯਮ
ਪਰ ਨਿੱਕਾ ਜਿਹਾ ਦਿਲ
ਕਿਵੇਂ ਜਾਣੇ, ਕੀਕੂੰ ਜਾਣੇ
ਕਿਵੇਂ ਚੁੱਪ ਕਰਾਵੇ ਖ਼ੁਦ ਨੂੰ
ਖਿੜ-ਖਿੜ ਹੱਸਣੇ ਦੀ ਉਮਰੇ
ਉਦਾਸ ਹੈ ਤੇ
ਦਿਲ ਉਸਦਾ ਤਿੜਕ-ਤਿੜਕ ਜਾਂਦਾ ਹੈ
ਕੋਈ ਜਾ ਰਿਹਾ ਹੈ
ਕੋਈ ਵਿੱਛੜ ਰਿਹਾ ਹੈ
ਤੇ ਦੂਰ ਅਸਮਾਨ ਰੋ ਰਿਹਾ ਹੈ
ਅੱਜੇ ਹੁਣੇ ਹੀ ਤਾਂ ਬੱਦਲਾਂ ਨੇ
ਅਸਮਾਨ ਦੀ ਹਿੱਕ ਨੂੰ ਚੁੰਮਿਆ ਸੀ
ਤੇ ਹੁਣੇ ਹੀ ਉਸ ਨੂੰ ਛਾਤੀ ਨਾਲ ਲਾ
ਵਰ੍ਹ ਰਹੇ ਨੇ ਧਰਤੀ ’ਤੇ
ਮੁੜ ਉੱਥੇ ਜਾਣ ਦੀ ਉਮੀਦ ਵਿਚ
ਸੋ ਸੋਹਣੀਏ ਕੁੜੀਏ
ਆਪਣੇ ਦਿਲ ਦੇ ਦੂਜੇ ਹਿੱਸੇ ਨੂੰ
ਅਲਵਿਦਾ ਆਖ
ਇਸ ਆਸ ਵਿਚ
ਕਿ ਨਵੀਂ ਸਵੇਰ
ਨਵੇਂ ਮੌਸਮ ਵਿਚ
ਨਵਾਂ ਮਿਲਣ ਜ਼ਰੂਰੀ ਹੈ
ਇਸੇ ਸਿਰ ’ਤੇ ਤਾਂ ਉਡੀਕ ਜੀਂਦੀ ਹੈ

1 comment: