Popular posts on all time redership basis

Monday, 6 May 2013

ਕਸਕਾਂ - ਪਰਮਜੀਤ ਸੋਹਲ

ਤੁਰ ਗਈ ਪੌਣ ਪਤਾ ਨਹੀਂ ਕਿੱਧਰ
ਫੇਰ ਜਗਾ ਕੇ ਪਾਣੀ
ਨੈਣਾ ਦੀ ਟਾਹਣੀ ’ਤੇ ਬਹਿ ਗਈ
ਆ ਫਿਰ ਯਾਦ ਪੁਰਾਣੀ

ਅੱਧੀ ਰਾਤੀਂ ਨੀਂਦਰ ਅੰਦਰ
ਰੋਏ ਸੁਪਨ ਕੁਆਰੇ
ਟੁੱਟ ਕੇ ਝੋਲੀ ਦੇ ਵਿਚ ਡਿੱਗੇ
ਆਸ-ਅੰਬਰ ਦੇ ਤਾਰੇ

ਢੋਵਾਂ ਸਭ ਰੀਝਾਂ ਦੇ ਬੂਹੇ
ਬੁੱਲ੍ਹੀਂ ਮਾਰਾਂ ਤਾਲੇ
ਨਾ ਇਹ ਜ਼ਖਮ ਨੁਮਾਇਸ਼ ਖ਼ਾਤਰ
ਨਾ ਇਹ ਭਰਨੇ ਵਾਲੇ

ਹੰਝੂਆਂ ਵਰਗੇ ਖ਼ਤ ਆਉਂਦੇ ਨੇ
ਚੁੱਪਾਂ ਦੇ ਸਿਰਨਾਵੇਂ
ਕਬਰਾਂ ਤੀਕਰ ਲੰਮੇ ਹੋ ਗਏ
ਦੁੱਖਾਂ ਦੇ ਪਰਛਾਵੇਂ

ਕਾਹਦਾ ਉਜਰ ਕਿਸੇ ’ਤੇ ਜਦ ਕਿ
ਅਪਣੇ ਨਾਲ ਹੀ ਲੜਨਾ
ਦਿਲ ਦੀ ਸੁੰਨ-ਗੁਫ਼ਾ ਵਿਚ ਬਹਿ ਕੇ
ਚੁੱਪ ਦਾ ਕਲਮਾ ਪੜ੍ਹਨਾਂ

ਕਾਲਿਓਂ ਭੂਰੇ ਹੋ ਜਾਵਣਗੇ
ਭੂਰਿਓਂ ਹੋਣੇ ਬੱਗੇ
ਉਮਰ ਲੰਘਾ ਦੇਵਣਗੇ ਸੋਹਣੇ
ਕੋਲੋਂ ਲੰਘਣ ਲੱਗੇ

ਪੀੜਾਂ ਦੀ ਮੰਜੀ ਤੇ ਸੌਂ ਜਾ
ਲੈ ਆਸਾਂ ਦੀ ਲੋਈ
ਖ਼ੌਰੇ ਖ਼ਾਬਾਂ ਵਿਚ ਹੀ ਆ ਕੇ
ਪਿਆਰ ਜਤਾਵੇ ਕੋਈ

ਤੈਨੂੰ ਹੋਣ ਸੱਤੇ ਹੀ ਖ਼ੈਰਾਂ
ਓ ਛੱਡ ਜਾਵਣ ਵਾਲੇ !
ਜੱਗ ਦਾ ਇਹ ਦਸਤੂਰ
ਹਮੇਸ਼ਾਂ ਭਰ ਕੇ ਫਿਸਦੇ ਛਾਲੇ

ਦਿਲ ਦੇ ਸੋਹਲ ਭਾਵਾਂ ਗਲ਼ ਲਗ
ਨਿੱਤ ਰਾਤਾਂ ਨੂੰ ਰੋਣਾ
ਕੀ ਕਵੀਆਂ ਦਾ ਹਸਣਾ-ਰੋਣਾ
ਕੀ ਕਵੀਆਂ ਦਾ ਗੌਣਾ

ਅਪਣੈ ਹੀ ਹੰਝੂਆਂ ਨੂੰ ਰਿਣਕਾਂ
ਗ਼ਮ ਦੀ ਨਾਲ ਮਧਾਣੀ
ਤੁਰ ਗਈ ਪੌਣ ਪਤਾ ਨਹੀਂ ਕਿੱਧਰ
ਫੇਰ ਜਗਾ ਕੇ ਪਾਣੀ
......................................... - ਪਰਮਜੀਤ ਸੋਹਲ

No comments:

Post a Comment