Popular posts on all time redership basis

Friday, 31 May 2013

ਕਿਦ੍ਹੇ ਨਾਲ ਗੱਲ ਕਰੀਏ - ਜਗਮੋਹਨ ਸਿੰਘ

ਕਿਦ੍ਹੇ ਨਾਲ ਗੱਲ ਕਰੀਏ
ਦਰ ਕਿਸ ਦਾ  ਖੜਕਾਈਏ ?
ਕਿਸ ਕੋਲ ਦਿਲ ਖੋਹਲੀਏ
ਗੱਲ ਕਿਸ ਨੂੰ ਸਮਝਾਈਏ
ਹਰ ਕੋਈ ਹੈ ਹਿੱਤ ਨਾਲ ਬੱਝਾ
ਅਣਹੋਣੀ ਦੀ ਚਿੰਤਾ ਵਿਚ ਰੁੱਝਾ
ਦੋਸਤੀ ਵੀ ਤਾਂ ਹਿੱਤ ਹੈ
ਕੌਣ ਹੈ ਜੋ ਮਿੱਤ ਹੈ - ਸਿਰਫ਼ ਮਿੱਤ ਹੈ
ਸਰਵ ਪ੍ਰਥਮ ਮੈਂ ਹਾਂ
ਮੈਥੋਂ ਬਾਅਦ ਮੇਰੇ ਬੱਚੇ ਨੇ
ਮੇਰੀ ਪਤਨੀ ਹੈ
ਮਾਪੇ ਤਾਂ ਕਿਤੇ ਪਿੱਛੇ ਨੇ
ਉਹ ਤਾਂ ਜਾ ਰਹੇ ਨੇ ਮੇਰੀ ਹੀ ਚਿੰਤਾ ’ਚ  ਗ੍ਰਸੇ
ਮੇਰੇ ਹਿਸੇ ਦਾ ਵੀ ਦੁੱਖ ਭੋਗ-ਭੋਗ  ਕੇ
ਮੇਰੀਆਂ ਅੱਖਾਂ ਵਿਚਲੀ ਨਮੀਂ ਚਿਰ-ਸਥਾਈ ਨਹੀਂ
ਇਹ ਤਾਂ ਅਰਥੀ ਦੀ ਅੱਗ ਨਾਲ ਹੀ ਸੁੱਕ ਜਾਣੀ ਹੈ
ਜਾਓ ਪਿਤਰੋ ਜਾਓ
ਮਿਰਤੂ ਲੋਕ ਚੋਂ ਵਿਦਾਇਗੀ ਪਾਓ
ਕਿਹੜਾ ਸਾਥ ਹੈ ਜੋ ਚਿਰ-ਸਥਾਈ ਹੈ
ਤੁਸਾਂ ਆਪਣੇ ਹਿੱਸੇ ਦੀ ਖ਼ੂਬ ਨਿਭਾਈ ਹੈ
ਇਕ ਯਾਦ ਹੈ ਜੋ ਪਹਿਲਾਂ ਪਹਿਲ ਤੜਪਾਂਦੀ ਹੈ
ਫਿਰ ਘਿਸਦੀ ਘਿਸਦੀ ਘਿਸਦੀ ਮੁੱਕ ਜਾਂਦੀ ਹੈ
ਕਦੇ ਕਦਾਈਂ ਪੋਤੇ ਪੁਛਦੇ ਨੇ
ਆਪਣੇ ਬਾਪ ਦੀ ਗੱਲ ਸੁਣਾਓ
ਕੀ ਉਹ ਮਿਰੇ ਬਾਪ ਤੋਂ ਵਧੀਆ ਸੀ
ਮੈਂ ਸਿਰ ਨੀਵਾਂ ਕਰ ਦਿਲ ਟਟੋਲਦਾਂ
ਤੇ ਧੀਮੀ ਆਵਾਜ਼ ਚ ਬੋਲਦਾਂ
ਤੇਰੇ ਬਾਪ ਦੇ ਬਾਪ ਨਾਲੋਂ ਜ਼ਰੂਰ ਵਧੀਆ ਸੀ
ਤੇ ਹੰਝੂ ਲੁਕਾ ਲੈਂਦਾਂ
.......................................................... - ਜਗਮੋਹਨ ਸਿੰਘ

1 comment: