Popular posts on all time redership basis

Friday, 24 May 2013

ਰੋਟੀ ਅਤੇ ਭਾਸ਼ਾ - ਲਖਵਿੰਦਰ ਜੌਹਲ

ਦੋ ਹਰਫ਼ਾਂ ਤੋਂ ਰੋਟੀ ਬਣਦੀ
ਦੋ ਹਰਫ਼ਾਂ ਤੋਂ ਭਾਸ਼ਾ
ਦੋਵੇਂ ਖੋਹੀਆਂ ਜਾਣ ਜਦੋਂ ਵੀ
ਹੁੰਦੀ ਘੋਰ ਨਿਰਾਸ਼ਾ- ਮਰਦੀ ਆਸ਼ਾ
ਜੋਗੀ, ਨਾਥ, ਫ਼ਰੀਦ ਤੇ ਬੁੱਲ੍ਹਾ
ਸਮੇਂ ਸਮੇਂ ‘ਤੇ ਲੈ ਕੇ ਆਏ
ਠੰਢੀ-ਮਿੱਠੀ ‘ਵਾ ਦਾ ਬੁੱਲਾ
ਫਿਰ ਆਏ ਵਾਰਿਸ, ਸ਼ਿਵ, ਪਾਤਰ
ਗੁਰੂਆਂ, ਪੀਰਾਂ, ਸੰਤ ਫਕੀਰਾਂ
ਕੀ ਨਹੀਂ ਕੀਤਾ ਭਾਸ਼ਾ ਖਾਤਰ
ਮੈਂ ਸਿਰ ਫੜ ਕੇ ਬੈਠਾ ਸੋਚਾਂ
ਫਿਰ ਵੀ ਕਾਹਤੋਂ ਮੇਰੀ ਭਾਸ਼ਾ
ਹੋ ਨਾ ਸਕੀ ਰੋਟੀ ਜੋਗੀ- ਰਹੀ ਵਿਯੋਗੀ
ਭਾਸ਼ਾ ਦੀ ਇਸ ਹੋਣੀ ਪਿੱਛੇ
ਕੋਈ ਸਿਆਸੀ ਗੁੰਝਲ ਹੋਣੀ
ਜੋ ਮੇਰੀ ਮਮਤਾ ਦੀ ਅੱਖ ਤੋਂ
ਭਾਵੁਕਤਾ ਵੱਸ ਪਕੜ ਨਾ ਹੋਣੀ
ਮੈਂ ਕਾਇਦੇ ‘ਚੋਂ ਹਰਫ਼ ਉਠਾ ਕੇ
ਰੱਖ ਦੇਵਾਂ ਛਾਬੇ ਵਿੱਚ ਪਾ ਕੇ
ਰੋਜ਼ ਰਾਤ ਨੂੰ ਸੁੱਖਣਾ ਸੁੱਖਾਂ
ਹਰਫ਼ਾਂ ਦੀ ਰੋਟੀ ਬਣ ਜਾਵੇ-ਟੱਬਰ ਖਾਵੇ।
ਭਾਸ਼ਾ ਪੰਡਿਤ ਮੈਨੂੰ ਦੱਸਣ
ਭਾਸ਼ਾ ਦਿਲ ਦੇ ਬੋਲ ਬੋਲਦੀ
ਮਨ ਦੇ ਸਾਰੇ ਰਾਜ਼ ਖੋਲ੍ਹਦੀ
ਮੇਰੇ ਦੁੱਖ ਦੀ ਭਾਸ਼ਾ ਕਿਹੜੀ?
ਮੇਰੇ ਸੁੱਖ ਦੀ ਭਾਸ਼ਾ ਕਿਹੜੀ?
ਮੇਰੀ ਕਾਇਆ ਕਰੇ ਵਿਚਾਰ
ਮੇਰੀ ਭਾਸ਼ਾ ਕੁਝ ਨਾ ਦੱਸੇ- ਉਲਟਾ ਹੱਸੇ।
ਦੋ ਹਰਫ਼ਾਂ ਦੀ ਰੋਟੀ ਬਣਦੀ
ਦੋ ਹਰਫ਼ਾਂ ਦੀ ਭਾਸ਼ਾ
ਦੋਵੇਂ ਖੋਹੀਆਂ ਜਾਣ ਜਦੋਂ ਵੀ
ਹੁੰਦੀ ਘੋਰ ਨਿਰਾਸ਼ਾ- ਮਰਦੀ ਆਸ਼ਾ
........................................................  - ਲਖਵਿੰਦਰ ਜੌਹਲ

No comments:

Post a Comment