Popular posts on all time redership basis

Saturday, 2 March 2013

ਮਾਸੂਮ ਦਾਸਤਾਂ - ਗੁਲਸ਼ਨ ਦਿਆਲ

ਮੇਰੇ ਅੰਦਰ ਕੋਈ ਹੈ
ਇੱਕ ਮਾਸੂਮ ਤੇ ਭੋਲੀ ਜਿਹੀ ਕੁੜੀ
ਕਦੀ ਨਹੀਂ ਵੱਡੀ ਹੁੰਦੀ
ਕਦੀ ਨਹੀਂ ਰੱਜਦੀ
ਹਰ ਵੇਲੇ ਉਹ ਤੇਰਾ
ਪਿਆਰ ਭਾਲੇ  ,
ਤੇਰਾ ਲਾਡ ਭਾਲੇ
ਤੇ ਹਜ਼ਾਰਾਂ ਹਜ਼ਾਰਾਂ ਤਰੀਕਿਆਂ
ਨਾਲ ਤੇਰਾ ਪਿਆਰ ਹਾਸਿਲ
ਕਰਨ ਦੇ ਬਹਾਨੇ ਢੂੰਡੇ

ਇੱਕ ਦਿਨ ਤੂੰ ਉਸ ਝੱਲੀ ਕੁੜੀ ਨੂੰ
ਆਖਿਆ , " ਮੈਨੂੰ ਤੇਰੇ ਨਾਲ ਪਿਆਰ ਹੈ !
ਮੇਰੇ ਨਾਲ ਰਹਿੰਦੀ ਉਮਰ ਤੱਕ ਤੁਰੇਂਗੀ ?"
ਉਸ ਭੋਲੀ  ਜਿਹੀ ਕੁੜੀ ਨੇ
ਝੱਟ ਮੰਨ ਲਿਆ ਤੇਰੀ ਗੱਲ ਨੂੰ
ਕਮਲਿਆਂ ਵਾਂਗ
ਉਸ ਆਪਣੀ ਵੀਰਾਨ ਜਿੰਦਗੀ '
ਲੱਖਾਂ ਸੁਫਨੇ ਬੀਜ ਦਿੱਤੇ
ਉਨ੍ਹਾਂ ਸੁਫਨਿਆਂ ਚੋਂ ਹੋਰ ਫੁੱਲ ਫੁੱਟੇ
ਚੁੱਪ ਖਾਮੋਸ਼ੀਆਂ ਨੂੰ ਬੋਲ ਮਿਲੇ
ਲਫਜ਼ ਮਿਲੇ
ਮਾਰੂਥੱਲਾਂ 'ਚ ਵੀ ਉਸ ਫੁੱਲ ਉਗਾ ਲਏ
ਤੂੰ ਉਸ ਨੂੰ ਉਸ ਦਾ ਗੁਆਚਾ ਆਪਾ ਲੱਗਿਆ
ਤੇ ਉਸ ਕਮਲੀ ਨੇ
ਅੰਬਰ ਦੇ ਸੀਨੇ ਤੇ  ਵੀ ਤਾਰਿਆਂ ਨਾਲ
ਬੇਸ਼ੁਮਾਰ ਨਜ਼ਮਾਂ ਵਰਗੇ
ਪਿਆਰ ਭਰੇ ਖੱਤ ਲਿਖ ਦਿੱਤੇ
ਉਹ ਖੱਤ ਜਿਨ੍ਹਾਂ ਨੂੰ
ਕਦੀ ਕਿਸੇ ਨਹੀਂ ਸੀ ਉਡੀਕਿਆ
ਉਹ ਕੁੜੀ ਹਮੇਸ਼ਾ ਲਈ ਉੱਥੇ
ਹੀ ਰੁੱਕ ਗਈ ਹੈ , ਇੱਕ ਧਰੂ ਤਾਰੇ ਵਾਂਗ
ਤੇਰੇ ਸਜਦੇ ਵਿੱਚ , ਤੇਰੇ ਪਿਆਰ ਵਿੱਚ
ਤੇਰੇ ਬਿਨ ਹੁਣ ਉਸ ਨੂੰ ਕੁਝ
ਸੁਝਦਾ ਹੀ ਨਹੀਂ
ਤੂੰ ਉਸ ਦਾ ਖੁਮਾਰ ਹੈਂ
ਪਿਆਰ ਹੈਂ ਉਸ ਦਾ
ਉਸ ਦੀ ਦੁਆ
ਤੇ ਉਸ ਦੀ ਇਬਾਦਤ ਹੈਂ
ਨਸ਼ਾ ਹੈਂ , ਯਾਰ ਹੈਂ
ਉਸ ਦੇ ਬਚਪਨੇ ਨਾਲ ਖੇਡਦਾ
ਉਸ ਦਾ ਪੱਕਾ ਆੜੀ ਹੈਂ
ਇਸ ਤਰ੍ਹਾਂ ਉਸ ਨੇ ਮੰਨ ਲਿਆ ਹੈ
ਤੇਰੇ ਤੋਂ ਉਸ ਨੂੰ ਕੋਈ ਪਰਦਾ ਨਹੀਂ
ਉਵੇਂ ਜਿਵੇਂ ਕੋਈ ਰੱਬ ਤੋਂ
ਪਰਦਾ ਨਹੀਂ ਕਰ ਸਕਦਾ
ਤੂੰ ਉਸ ਦੀ ਜ਼ਿੰਦਗੀ ਦੀ ਸਾਰੀ
ਕੁੱੜਤਿਣ ਨੂੰ ਪੀਤਾ ਹੈ
ਉਸ ਦੀਆਂ ਸਾਰੀਆਂ
ਬੇਚੈਨੀਆਂ , ਬੇਹੁਰਦੱਗੀਆਂਬਦਸੁਰਤੀਆਂ , ਬੇਕਰਾਰੀਆਂ  ਨੂੰ
ਮਾਰ ਮੁਕਾਇਆ ਹੈ
ਉਸ ਦੇ ਹਰ ਹਨੇਰੇ ਨੂੰ
ਤੂੰ ਰੁਸ਼ਨਾਇਆ ਹੈ
ਤੂੰ ਉਸ ਦੇ ਸਾਹਮਣੇ ਹੋਵੇ
ਤੇ ਉਸ ਲਈ ਉਦਾਸ ਹਨੇਰਿਆਂ
ਦੇ  ਮਹਿਣੇ ਮੁੱਕ ਜਾਂਦੇ ਨੇ
ਤੇ ਅੱਜ ਦੇ ਦਿਨ
ਇਸ ਪਿਆਰ ਦੇ ਦਿਨ ਮੈਂ
ਇਹੀ ਤੈਨੂੰ ਆਖਣਾ ਹੈ
ਕਿ  ਯਾਰੜਿਆ  , ਮਿੱਤਰਾ
ਰੱਬ ਦੇ ਬੰਦਿਆ
ਤੇ ਉਸ ਕਮਲੀ ਕੁੜੀ ਦੇ ਸੱਜਣਾ
ਮੇਰੇ ਅੰਦਰ ਵੱਸਦੀ
ਇਸ ਕਮਲੀ ਕੁੜੀ ਨੂੰ
ਹਮੇਸ਼ਾਂ ਜਿਉਂਦੀ ਰਖੀਂ
ਉਸ ਦਾ ਬਚਪਨ ਗੁਆਚਣ ਨਾ ਦੇਵੀਂ
ਉਸ ਦੀ ਮੁਸਕਾਨ ਕਾਇਮ ਰਖੀਂ
ਤੇ ਮੈਂ ?
ਮੈਂ ਹੁਣ ਦੇਖਣਾ ਹੈ
ਕਿ  ਤੂੰ ਕਦੋਂ ਤੱਕ
ਕਿਥੋਂ ਤੱਕ ਤੇ ਕਿਵੇਂ
ਉਸ ਦੇ ਪਿਆਰ ਦੇ ਮੇਚ ਰਹਿੰਦਾ ਹੈ ?
ਕਦੋਂ ਤੱਕ ਤੂੰ ਤੇ ਉਹ
ਇੱਕ-ਮੁੱਕ ਹੋ ਧੜਕਦੇ ਹੋ ?
ਤੇ  ਸੁਹਣਿਆ  ਮੇਰੀ ਦੁਆ
ਤੇਰਾ ਰੱਬ ਤੇਰੇ 'ਤੇ
ਹਮੇਸ਼ਾ ਰਾਜ਼ੀ ਰਹੇ
ਹਮੇਸ਼ਾ ਤੈਨੂੰ ਖੁਸ਼ ਦੇਖਾਂ !!!


1 comment:

  1. Thank you so much...i did not know it was about me and my poem...thanks a lot....

    ReplyDelete