Popular posts on all time redership basis

Friday, 1 March 2013

ਗੀਤ - ਵਿਜੇ ਵਿਵੇਕ

ਆਹ ਚੁੱਕ ਆਪਣੇ ਤਾਂਘ ਤਸੱਵਰ, ਰੋਣਾ ਕਿਹੜੀ ਗੱਲੇ
ਉਮਰਾਂ ਦੀ ਮੈਲੀ ਚਾਦਰ ਵਿਚ, ਬੰਨ ਇਕਲਾਪਾ ਪੱਲੇ
............ਤੇ ਜੋਗੀ ਚੱਲੇ

ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ
ਸਾਂਭ ਮਿਲਣ ਲਈ ਮਿਥੀਆਂ ਥਾਵਾਂ
ਆਹ ਚੁੱਕ ਇਸ ਰਿਸ਼ਤੇ ਦਾ ਨਾਵਾਂ
ਆਹ ਚੁੱਕ ਦੁਨੀਆਂ ਦਾ ਸਿਰ ਨਾਵਾਂ
ਆਹ ਚੁੱਕ ਸ਼ੁਹਰਤ, ਆਹ ਚੁੱਕ ਰੁਤਬਾ
ਆਹ ਚੁੱਕ ਬੱਲੇ ਬੱਲੇ
...........ਤੇ ਜੋਗੀ ਚੱਲੇ

ਨਾਮ ਤੇਰੇ ਦਾ ਪਹਿਲਾ ਅੱਖਰ
ਡੁੱਲਦੀ ਅੱਖ ਦਾ ਖਾਰਾ ਅੱਥਰ
ਆਹ ਚੁੱਕ ਦੁਖ ਦਾ ਭਰਾ ਪੱਥਰ
ਆਹ ਚੁੱਕ ਸੋਗ ਤੇ ਆਹ ਚੁੱਕ ਸੱਥਰ
ਆਹ ਚੁੱਕ ਤੜਪਣ, ਆਹ ਚੁੱਕ ਭਟਕਣ
ਆਹ ਚੁੱਕ ਦਰਦ ਅਵੱਲੇ
..........ਤੇ ਜੋਗੀ ਚੱਲੇ

ਆਹ ਚੁੱਕ ਆਪਣਾ ਮਾਲ ਖ਼ਜ਼ਾਨਾ
ਆਹ ਲੈ ਫੜ ਬਣਦਾ ਇਵਜ਼ਾਨਾ
ਆਹ ਚੁੱਕ ਫ਼ਤਵਾ ਤੇ ਜੁਰਮਾਨਾ
ਢੂੰਡਣ ਦਾ ਨਾ ਕਰੀਂ ਬਹਾਨਾ
ਖ਼ਬਰੇ ਕਿਹੜੇ ਕੂਟੀਂ, ਖ਼ਬਰੇ ਕਵਣ ਦਿਸ਼ਾਵਾਂ ਵੱਲੇ
...........ਤੇ ਜੋਗੀ ਚੱਲੇ

ਆਹ ਚੁੱਕ ਦੀਵਾ ਆਹ ਚੁੱਕ ਬਾਤੀ
ਦੇਹ ਇਕ ਸੰਧਿਆ ਚੁੱਪ ਚੁਪਾਤੀ
ਲੈ ਇਕ ਰਿਸ਼ਮ ਸਮੁੰਦਰ ਨ੍ਹਾਤੀ
ਹੋਰ ਕੋਈ ਜੋ ਚੀਜ਼ ਗਵਾਚੀ
ਅੱਜ ਲੈ ਲੈ, ਚੱਲ ਭਲਕੇ ਲੈ ਲਈਂ
ਪਰਸੋਂ ਖੂਹ ਦੇ ਥੱਲੇ
...........ਤੇ ਜੋਗੀ ਚੱਲੇ


....................................................... - ਵਿਜੇ ਵਿਵੇਕ

No comments:

Post a Comment