Popular posts on all time redership basis

Monday, 11 March 2013

ਅਸੀਂ ਹਿੰਸਕ ਨਹੀ ਸੀ - ਸੀਮਾ ਸੰਧੂ

ਅਸੀਂ ਇਹ ਨਹੀ ਸੀ ਚਾਹਿਆ
ਅਸੀਂ ਕਦੀ ਹਿੰਸਕ ਨਹੀ ਸੀ
ਪਰ ਸਾਡੇ ਹੱਥਾਂ ਵਿਚਲੀ ਤਪਸ਼
ਏਨੀ ਵਧ ਗਈ ਕਿ  ਸਾਡੇ ਹੱਥ
ਖੰਜਰਾਂ ਵਰਗੇ ਹੋ ਗਏ
ਵਰਿਆਂ ਬੱਧੀ ਨੰਗੀ ਧੁੱਪ ਨੂੰ
ਆਪਣੇ ਸੀਸ ਤੇ ਝੱਲ ਕੇ
ਸਾਡੇ ਸ਼ਾਂਤ ਮਨ ਅਸ਼ਾਂਤ ਹੁੰਦੇ ਗਏ
ਅਸੀਂ ਪੀੜੀ ਦਰ ਪੀੜੀ ਛਾਂ ਦੀ ਤਲਾਸ਼ ਵਿਚ
ਆਪਣੇ ਹੀ ਸੂਰਜ ਕਤਲ ਕਰਦੇ ਰਹੇ
ਇਸ ਗਲ ਤੋਂ ਅਨਜਾਣ
ਕਿ ਛਾਂ ਲਈ ਕਦੀ ਵੀ ਧੁੱਪ ਨੂੰ ਕਤਲ ਨਹੀ ਕਰੀਦਾ
ਇਸ ਕਤਲੋਗਾਰਤ ਦਰਮਿਆਨ
ਸਾਡੇ ਹੱਥ ਕਦੋਂ ਖੰਜਰ ਆ ਗਏ ਪਤਾ ਨਹੀ ਲਗਿਆ
ਅਨੇਕਾ ਹੀ ਤਾਜ ਆ ਸਜੇ ਸਾਡੇ ਸੀਸ ਤੇ
ਕਦੀ ਵਖਵਾਦੀ, ਪ੍ਖ੍ਪਾਤੀ, ਅੱਤਵਾਦੀ,
ਕਲਮ ਫੜ ਕੇ ਮੋਹ ਭਿਜਾ ਖ਼ਤ ਲਿਖਦਿਆ
ਅੱਖਰ ਜ਼ਫ਼ਰਨਾਮਾ ਹੋ ਨਿਬੜੇ,
ਨਹੀ ਜਾਣਦੇ,
ਅਸੀਂ ਜੋ ਸ਼ਾਂਤੀ ਦੇ ਪੁੰਜ ਬਾਬਾ ਨਾਨਕ  ਦੇ  ਲਾਡਲੇ ਹਾਂ
ਕਿੰਝ ਮਘਦੇ ਅੰਗਿਆਰ ਹੋ ਗਏ
ਪਰ ਏਨਾ ਜਰੂਰ ਜਾਣਦੇ ਹਨ
ਕਿ ਚਾਬੀ ਵਾਲੇ ਖਿਡੌਣੇ ਨਹੀ
ਕਿ ਜਦ ਤੁਸੀਂ ਚਾਹੇ ਚਲਾ ਲਵੇ
ਅਸੀਂ ਕੋਝੀ ਸਿਆਸਤ ਦੀ ਕੋਈ ਚਾਲ ਨਹੀ ਹਾਂ
ਇਤਹਾਸ ਗਵਾਹ ਹੈ
ਹਕੂਮਤ ਦੀਆ ਚਾਲਾਂ ਤੋਂ
ਅਨੇਕਾ ਹੀ ਯਤੀਮ ਮੋਹਰੇ ਹਨ
ਚੌਰਾਸੀ ਦੇ ਕਾਲੇ ਦਿਨਾ ਦੇ
ਇਹ ਵੀ ਸਚ ਹੈ ਕਿ ਅਸੀਂ ਅਸ਼ਾਂਤੀ ਨਹੀ ਚਾਹੁੰਦੇ
ਪਰ ਇਹ ਵੀ ਸਚ ਹੈ ਕਿ
ਅਮਨ ਲਈ ਦੁਆ ਤੁਸੀਂ ਵੀ ਕਦੀ ਨਹੀ ਕੀਤੀ
ਫਿਰ ਹਿੰਸਕ ਹੋਣ ਦਾ ਇਲ੍ਜ਼ਾਮ ਸਾਡੇ ਮਾਥੇ ਮੜ੍ਹ
ਕਿਉਂ ਹੁੰਦਾ ਹੈ ਸਾਡੀ ਕੌਮ ਨਾਲ ਖਿਲਵਾੜ ?
 ............................................................ - ਸੀਮਾ ਸੰਧੂ

No comments:

Post a Comment