Popular posts on all time redership basis

Saturday, 9 March 2013

ਮਾਂ-ਬੋਲੀ - ਜਗਦੀਸ਼ ਕੌਰ

ਨਾ ਮਿੱਤਰਾ ਨਾ
ਇਸ ਭਾਸ਼ਾ ਨੂੰ
ਕੇਵਲ ਮਾਂ-ਬੋਲੀ ਦਾ
ਮਿਹਣਾ ਨਾ ਦੇ !

ਕਿਉਂਕਿ
ਇਸ ਭਾਸ਼ਾ ਵਿਚ
ਆ ਵੜੇ ਨੇ
ਪਿਤਾ-ਪੁਰਖੀ ਵਿਰਾਸਤ 'ਚੋਂ
ਕੁਝ ਦਹਿਸ਼ਤਗਰਦ ਸ਼ਬਦ !

ਜਿਹੜੇ ਕੇਵਲ ਮਾਂ-ਧੀ-ਭੈਣ ਦੀ
ਹਬਾ ਤਬਾ ਕਰਨ ਤੋਂ
ਏਧਰ ਓਧਰ ਕੁਝ ਨਹੀਂ ਕਹਿੰਦੇ !

ਭਾਵੇਂ
ਇੱਕ ਮਰਦ
ਦੂਜੇ ਮਰਦ ਜਾਂ ਤੀਵੀਂ ਨੂੰ
ਵੰਗਾਰੇ..ਲਲਕਾਰੇ..ਜਾਂ ਤ੍ਰਿਸਕਾਰੇ
ਉਹ ਏਨ੍ਹਾਂ ਸ਼ਬਦਾਂ ਨੂੰ
ਮਾਵਾਂ-ਧੀਆਂ-ਭੈਣਾਂ ਦੀ ਧਾਰ ਉੱਪਰ
ਬ੍ਰਹਮ-ਪਾਸ਼ ਵਾਂਗ ਛੱਡਦੇ ਨੇ
ਤੇ ਪਿਓ-ਬੋਲੀ ਦੇ
ਰੱਥ ਉੱਪਰ ਸਵਾਰ ਹੋ ਕੇ
ਪਿਤਾ-ਪੁਰਖੀ ਅੱਤ ਦੇ
ਬੱਕਰੇ ਬੁਲਾਉਨਦੇ ਨੇ।

ਏਨ੍ਹਾਂ ਲਲਕਾਰਿਆਂ 'ਚ
ਏਨ੍ਹਾਂ ਜੈਕਾਰਿਆਂ 'ਚ
ਬੁੱਢੀ ਮਾਂ, ਅਧਖੜ ਬੀਵੀ ਤੇ ਜਵਾਨ ਧੀ
ਸੱਭੇ ਹੀ ਖੂੰਜੇ ਲੱਭਦੇ ਨੇ..!!

ਨਾ ਮਿੱਤਰਾ ਨਾ
ਇਸ ਬੋਲੀ ਨੂੰ
ਕੇਵਲ ਮਾਂ-ਬੋਲੀ ਦਾ
ਮਿਹਣਾ ਨਾ ਦੇ !
..............................ਜਗਦੀਸ਼ ਕੌਰ

No comments:

Post a Comment