Popular posts on all time redership basis

Saturday, 8 December 2012

ਹੁਣ ਨਹੀਂ ਫ਼ੇਰ ਕਦੇ... - ਨਿਰਮਲ ਦੱਤ


ਹੁਣ ਨਹੀਂ ਫ਼ੇਰ ਕਦੇ ਬੈਠਾਂਗੇ
ਪਿੰਡ ਦੀ ਜੂਹ ਤੋਂ ਪਰ੍ਹਾਂ
ਬੇਰੀਆਂ ਦੇ ਝੁੰਡ ਅੰਦਰ

ਹੁਣ ਨਹੀਂ ਫ਼ੇਰ ਕਦੇ ਵੇਖਾਂਗੇ
ਸਰ੍ਹੋਂ ਦੇ ਖੇਤਾਂ  'ਚ
ਬਣਕੇ ਥਾਲ ਉਤਰਦਾ ਸੂਰਜ

ਹੁਣ ਨਹੀਂ ਫ਼ੇਰ ਕਦੇ ਮਾਣਾਂਗੇ
ਨੱਚਦਿਆਂ ਮੋਰਾਂ  'ਤੇ
ਵਰ੍ਹਦੀਆਂ ਕਣੀਆਂ ਦਾ ਸੁਆਦ

ਹੁਣ ਨਹੀਂ ਫ਼ੇਰ ਕਦੇ
ਜਾਗ, ਜਾਗ ਰਾਤਾਂ ਨੂੰ
ਤਾਰਿਆਂ ਦੀ ਬਰਾਤ ਵੇਖਾਂਗੇ

ਹੁਣ ਤਾਂ ਓਹ ਵੇਖ
ਕਿਵੇਂ ਕੁਰਸੀਆਂ ਦੀ ਸਾਜ਼ਿਸ਼ ਹੈ,
ਕਿਸ ਤਰ੍ਹਾਂ ਪਿੰਡ ਬਣੇ ਨੇ ਕਬਰਾਂ,
ਬਲਦਿਆਂ ਮੁਰਦਿਆਂ ਦੀ
ਬਾਸ ਹੈ ਹਵਾ ਅੰਦਰ

ਹੁਣ ਤਾਂ ਓਹ ਵੇਖ
ਕਿਵੇਂ ਦੋਸਤਾਂ ਦੇ ਹੱਥਾਂ  'ਤੇ
ਤਾਜ਼ਾ ਨੇ
ਦੋਸਤੀ ਦੇ ਖ਼ੂਨ ਦੇ ਦਾਗ਼
ਹੁਣ ਨਹੀਂ ਵਕਤ
ਤੇਰੇ ਨੈਣਾਂ  'ਚੋਂ ਲੱਭਾਂ ਮੁਕਤੀ
ਹੁਣ ਤਾਂ ਕਰਨਾ ਹੈ ਕੋਈ
ਵਕਤ ਦੇ ਵੈਣਾਂ ਦਾ ਇਲਾਜ

ਇਹ ਤੇਰਾ ਹੁਸਨ
ਤੇਰਾ ਪਿਆਰ
ਅਤੇ ਸਾਥ ਤੇਰਾ
ਹੁਣ ਨਹੀਂ
ਫ਼ੇਰ ਕਦੇ, ਫ਼ੇਰ ਕਦੇ, ਫ਼ੇਰ ਕਦੇ . . 
.........................................ਨਿਰਮਲ ਦੱਤ

No comments:

Post a Comment