Popular posts on all time redership basis

Friday, 7 December 2012

ਆਪਣੀ ਅਸੁੱਰਖਿਆ ‘ਚੋਂ - ਨਿਰੂਪਮਾ ਦੱਤ

ਜੇ ਦੇਸ਼ ਦੀ ਸੁਰੱਖਿਆ ਏਹੋ ਹੁੰਦੀ ਹੈ
ਕਿ ਬੇ-ਜ਼ਮੀਰੀ ਜ਼ਿੰਦਗੀ ਲਈ ਸ਼ਰਤ ਬਣ ਜਾਵੇ
ਅੱਖ ਦੀ ਪੁਤਲੀ ‘ਚ ‘ ਹਾਂ ‘ ਤੋਂ ਬਿਨਾ ਕੋਈ ਵੀ ਸ਼ਬਦ
ਅਸ਼ਲੀਲ ਹੋਵੇ
ਤੇ ਮਨ ਬਦਕਾਰ ਘੜੀਆਂ ਸਾਹਮਣੇ ਡੰਡੌਤ ‘ਚ ਝੁਕਿਆ ਰਹੇ
ਤਾਂ ਸਾਨੂੰ ਦੇਸ਼ ਦੀ ਸੁਰੱਖਿਆ ਤੋਂ ਖਤਰਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਘਰ ਵਰਗੀ ਪਵਿੱਤਰ ਸ਼ੈਅ
ਜਿਹਦੇ ਵਿੱਚ ਹੁਸੜ ਨਹੀਂ ਹੁੰਦਾ
ਮਨੁੱਖ ਵਰ੍ਹਦੇ ਮੀਹਾਂ ਦੀ ਗੂੰਜ ਵਾਂਗ ਗਲੀਆਂ ‘ਚ ਵਹਿੰਦਾ ਹੈ
ਕਣਕ ਦੀਆਂ ਬੱਲੀਆਂ ਵਾਂਗ ਖੇਤੀਂ ਝੂਮਦਾ ਹੈ
ਅਸਮਾਨ ਦੀ ਵਿਸ਼ਾਲਤਾ ਨੂੰ ਅਰਥ ਦਿੰਦਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਅਹਿਸਾਸ ਦਾ ਨਾਂ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
ਅਸੀਂ ਤਾਂ ਦੇਸ਼ ਨੂ ਸਮਝੇ ਸਾਂ ਕੁਰਬਾਨੀ ਜਿਹੀ ਵਫ਼ਾ
ਪਰ ਜੋ ਦੇਸ਼
ਰੂਹ ਦੀ ਵਗਾਰ ਦਾ ਕਾਰਖਾਨਾ ਹੈ
ਪਰ ਜੋ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ
ਤਾਂ ਉਸਤੋਂ ਸਾਨੂੰ ਖਤਰਾ ਹੈ
ਜੇ ਦੇਸ਼ ਦਾ ਅਮਨ ਏਹੋ ਹੁੰਦੈ
ਕਿ ਕਰਜ਼ੇ ਦੇ ਪਹਾੜਾਂ ਤੋਂ ਰਿੜਦਿਆਂ ਪੱਥਰਾਂ ਵਾਂਗ ਟੁੱਟਦੀ ਰਹੇ ਹੋਂਦ ਸਾਡੀ
ਕਿ ਤਨਖਾਹਾਂ ਦੇ ਮੂੰਹ ‘ਤੇ ਥੁੱਕਦਾ ਰਹੇ
ਕੀਮਤਾਂ ਦਾ ਬੇਸ਼ਰਮ ਹਾਸਾ
ਕਿ ਆਪਣੇ ਲਹੂ ਵਿੱਚ ਨਹਾਉਣਾ ਹੀ ਤੀਰਥ ਦਾ ਪੁੰਨ ਹੋਵੇ
ਤਾਂ ਸਾਨੂੰ ਅਮਨ ਤੋਂ ਖਤਰਾ ਹੈ

ਜੇ ਦੇਸ਼ ਦੀ ਸੁਰੱਖਿਅਤਾ ਏਹੋ ਹੁੰਦੀ ਹੈ
ਕਿ ਹਰ ਹੜਤਾਲ ਨੂ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ ‘ਤੇ ਮਾਰ ਪਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖਤਰਾ ਹੈ

.................................................................ਨਿਰੂਪਮਾ ਦੱਤ

No comments:

Post a Comment