Popular posts on all time redership basis

Sunday, 23 December 2012

ਅੱਧੀ ਸਦੀ ਪਹਿਲਾਂ ਦੀ ਕਵਿਤਾ - ਨਵਤੇਜ ਭਾਰਤੀ

ਦੂਰ ਦੁਮੇਲੋਂ ਦੂਰ
ਸੰਧਿਆ ਵੇਲੇ
ਰੁੱਖਾਂ ਨਾਲ ਘਿਰੇ ਘਰ ਵਿਚੋਂ
ਬਾਹਰ ਬੂਹੇ ਉਤੇ ਖੜ੍ਹ ਕੇ
ਮੈਨੂੰ ਅਜ ਉਡੀਕੇਂਗੀ ਤੂੰ

ਨੀ ਕੁੜੀਏ ਕੀ ਕਰਦੀ ਐਂ ਤੂੰ
ਵੇਖ ਅਨ੍ਹੇਰਾ ਉਤਰ ਆਇਆ
ਚੁੱਲ੍ਹੇ ਵਿਚ ਧੁਖਾ ਲੈ ਅਗਨੀਂ
ਆਟਾ ਗੁੰਨ੍ਹਦੀ ਮਾਂ ਬੋਲੇਗੀ

ਡੁਬਦੀ ਸੰਧਿਆ ਦਾ ਹੱਥ ਫੜ ਕੇ
ਅੱਖਾਂ ਦੇ ਵਿਚ ਤਾਰੇ ਭਰ ਕੇ
ਮੂੰਹ ਵਿਚ ਚੁੰਨੀ ਦਾ ਲੜ ਫੜ ਕੇ
ਮੂਕ ਬਾਣੀ ਵਿਚ ਤੂੰ ਪੁੱਛੇਂਗੀ
ਦਸ ਅੜੀਏ ਉਹ ਕਿਉਂ ਨਹੀਂ ਆਇਆ   

ਤੈਥੋਂ ਹੱਥ ਛੁਡਾ ਕੇ ਸੰਧਿਆ
ਲਹਿੰਦੇ ਸੂਰਜ ਵਲ ਨੱਸੇਗੀ
ਉਹਦੇ ਪਹੁੰਚਣ ਤੋਂ ਪਹਿਲਾਂ ਹੀ
ਸੂਰਜ ਬੂਹਾ ਭੀਚ ਲਵੇਗਾ

ਦਰ ਦੇ ਨਾਲ ਮਾਰ ਕੇ ਮੱਥਾ
ਸੰਧਿਆ ਥੱਲੇ ਕਿਰ ਜਾਵੇਗੀ
ਸਿੰਮ ਸਿੰਮ ਕੇ ਲਹੂ ਦੇ ਤੁਪਕੇ
ਬੱਦਲਾਂ ਨੂੰ ਰੰਗ ਚੜ੍ਹ ਜਾਵੇਗਾ

ਅੱਭੜਵਾਹੇ ਤੂੰ ਦੌੜੇਂਗੀ
ਚੁੱਲ੍ਹੇ ਦੇ ਵਿਚ ਅੱਗ ਬਾਲੇਂਗੀ
ਚੁੱਲ੍ਹੇ ਮੂਹਰੇ ਬੈਠੀ ਬੈਠੀ
ਬੁੱਕਲ ਵਿਚ ਲੁਕਾ ਕੇ ਦੀਵਾ
ਕੱਲਮ ਕੱਲੀ ਤੁਰੇਂਗੀ ਭਾਲਣ
...............................................  - ਨਵਤੇਜ ਭਾਰਤੀ

ਪੰਕਿਤੀ/ pankiti ਵਿਚੋਂ ਧੰਨਵਾਦ ਸਹਿਤ

No comments:

Post a Comment