(ਗੁਰੂ ਤੇਗ ਬਹਾਦਰ ਸਾਹਿਬ ਦੀ ਅਜ਼ੀਮ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ.......)
ਮੇਰੇ ਕਾਤਿਲ
ਮੇਰੇ ਕਤਲ ਤੋਂ ਪਹਿਲਾਂ
ਮੇਰੀ ਆਖ਼ਰੀ ਖ਼ਾਹਿਸ਼
ਨਾ ਪੁੱਛ,
ਸ਼ਾਇਦ ਤੈਨੂੰ ਨਹੀਂ ਪਤਾ
ਕਿ ਖ਼ਾਹਿਸ਼ਾਂ ਦੀ ਕੜੀ ਦਾ
ਕੋਈ ਆਖ਼ਰੀ ਸਿਰਾ ਹੀ
ਨਹੀਂ ਹੁੰਦਾ
ਉਂਝ ਵੀ ਮੈਂ
ਖ਼ਾਹਿਸ਼ਾਂ ਦੀ ਗਰਿਫ਼ਤ ਚੋਂ
ਮੁੱਦਤਾਂ ਤੋਂ
ਆਜ਼ਾਦ ਹੋ ਚੁੱਕਾ ਹਾਂ.
ਆ
ਆਪਣੀ ਤਲਵਾਰ ਦੀ ਧਾਰ ਨੂੰ
ਮੇਰੀ ਗਰਦਨ ਤੇ ਅਜ਼ਮਾ
ਤੇ ਚਾਂਦਨੀ ਚੌਂਕ ਦੀ ਇਸ
ਪੀਲੀ ਪੀਤ ਮਿੱਟੀ ਨੂੰ
ਲਾਲ ਗੁਲਾਲ ਕਰ ਦੇ.
ਜਦੋਂ ਜਦੋਂ ਵੀ
ਮੇਰੀ ਸ਼ਾਹ-ਰਗ ਦਾ
ਖ਼ੂਨ ਵਹੇਗਾ
ਹੁਲਾ ਹੁਲਾਸ ਆਏਗਾ,
ਤੈਨੂੰ
ਮੇਰੇ ਡਰ ਤੋਂ
ਲੋਕਾਂ ਨੂੰ
ਤੇਰੇ ਡਰ ਤੋਂ
ਨਿਜਾਤ ਮਿਲੇਗੀ
ਤਬਦੀਲੀ ਦੀ ਪੌਣ
ਰੁਮਕੇਗੀ
ਤੇਰੇ ਜ਼ੁਲਮ ਦੇ
ਲਾਲ ਕਿਲੇ ਦੀ ਬੁਨਿਆਦ
ਤਿੜਕੇਗੀ
..................- ਜਗਮੋਹਨ ਸਿੰਘ
No comments:
Post a Comment