ਮਨ ਅੰਦਰਲੀ ਖੋਹ
ਤੋਂ ਪ੍ਰੇਸ਼ਾਨ
ਵੈਰਾਗੀ ਸਾਧੂ
ਦੁਨੀਆਂ ਦੇ
ਆਡੰਬਰਾਂ ਤੋਂ ਪਸ਼ੇਮਾਨ
ਮਾਧੋ ਦਾਸ
ਜੀ ਰਿਹਾ ਸੀ ਬਸ
ਸੰਸਾਰ ਤੋਂ
ਕਿਨਾਰਾਕਸ਼ੀ ਕਰਕੇ
ਪਰਮ ਸ਼ਾਂਤੀ ਪਰਮ
ਸੱਤ ਦੀ ਪ੍ਰਾਪਤੀ ਦੀ ਆਸ ਵਿਚ
ਨੰਦੇੜ ਕੋਲ ਕਿਸੇ
ਜਗ੍ਹਾ
2
’ਸੇਵਾ ਸਿਮਰਨ ਤੇ
ਸੰਘਰਸ਼ ਹੀ ਹੈ
ਮੁਕਤੀ ਸਰੋਤ’
ਸਾਹਿਬਾਂ ਨੇ
ਸਮਝਾਇਆ
’ਪਰਮ ਸੱਤ ਦੀ
ਪ੍ਰਾਪਤੀ ਦਾ ਰਸਤਾ
ਪਹਾੜਾਂ ਕੰਦਰਾਂ
ਜੰਗਲਾਂ
ਵਿੱਚੋਂ ਨਹੀਂ
ਲੋਕਾਂ ਦੇ ਠਾਠਾਂ
ਮਾਰਦੇ ਸਮੁੰਦਰ ਵਿੱਚ
ਇਕਮਿਕ ਹੋਇਆਂ
ਹਸਦਿਆਂ ਖੇਡਦਿਆਂ
ਖਾਂਦਿਆਂ ਪੀਂਦਿਆਂ
ਪੀੜਾਂ ਜਰਦਿਆਂ
ਦੁੱਖ ਹਰਦਿਆਂ
ਹੀ ਲੱਭਦਾ ਹੈ’
ਗੱਲ ਮਨ ਨੂੰ ਟੁੰਬ
ਗਈ
ਤੇ ਮਾਧੋ ਦਾਸ ਬਣ
ਗਿਆ
ਸੰਪੂਰਨ ਇਨਸਾਨ
ਸਰਬ ਲੋਹ
ਬੰਦਾ ਸਿੰਘ ਬਹਾਦਰ
3
ਬੰਦੇ ਨੂੰ ਸਾਹਿਬਾਂ ਨੇ
ਸਮਝਾਇਆ ਫ਼ਲਸਫ਼ਾ
ਬਲਵਾਨ ਹੋਣ ਦਾ ਬੰਧਨ-ਮੁਕਤ ਹੋਣ ਦਾ
ਗਿਆਨਵਾਨ ਹੋਣ ਦਾ ਭੈ ਮੁਕਤ ਹੋਣ ਦਾ
ਮੌਤ ਨਹੀਂ ਅਨਹੋਣੀ ਵਸਤੂ ਚਿੰਤਾ-ਮੁਕਤ ਹੋਣ ਦਾ
ਕੁਰਬਾਨ ਹੋਣ ਦਾ ਪੂਰਨ-ਮੁਕਤ ਹੋਣ ਦਾ.
4
ਬਲਵਾਨ ਗਿਆਨਵਾਨ ਸਿਦਕਵਾਨ
ਬੰਧਨ-ਮੁਕਤ ਭੈ-ਮੁਕਤ
ਬਾਦਸ਼ਾਹੀਆਂ ਮਿਲਖਾਂ ਖਜ਼ਾਨਿਆਂ
ਦੀ ਇੱਛਾ-ਮੁਕਤ
ਕੁਰਬਾਨੀ ਦੇ ਜਜ਼ਬੇ ਨਾਲ ਸਰਸ਼ਾਰ
ਪੂਰਨ-ਮੁਕਤ
ਬੰਦਾ ਸਿੰਘ ਬਹਾਦਰ
ਸਾਹਿਬਾਂ ਦੇ ਥਾਪੜੇ ਨਾਲ
ਜ਼ੁਲਮ ਖਿਲਾਫ਼ ਸੰਘਰਸ਼ ਦੇ ਗਾਡੀ-ਰਾਹ
ਦਾ ਮੁਸਾਫ਼ਿਰ ਬਣ ਗਿਆ
5
ਵਾਹ ! ਬੰਦਾ ਸਿੰਘ ਬਹਾਦਰ
ਵਾਹ ! ਤੇਰਾ ਖੰਡਾ ਖੜਕਾਉਣਾ
ਸਰਹੰਦ ਦੀ
ਇੱਟ ਨਾਲ ਇੱਟ ਵਜਾਉਣੀ
ਵਜੀਦ ਖਾਨ ਝਟਕਾਉਣਾ
ਜ਼ੁਲਮ ਖਿਲਾਫ਼ ਜੰਗ ਨੂੰ
ਮਜ਼ਬੀ ਰੰਗਤ ਨਾ ਦੇਣੀ
ਮਲੇਰ ਕੋਟਲੇ ਵੱਲ
ਮੂੰਹ ਨਾ ਕਰਨਾ
6
ਵਾਹ ! ਬੰਦਾ ਸਿੰਘ ਬਹਾਦਰ
ਵਾਹ ! ਤੇਰਾ ਸ਼ੇਰ ਵਾਂਗ ਦਹਾੜਨਾ
ਫੜੇ ਜਾਣ ਤੇ ਤੈਨੂੰ ਪਿੰਜਰੇ ’ਚ ਤਾੜਨਾ
ਤਸੀਹਿਆਂ ਦਾ ਦੌਰ
ਖਿੱੜੇ-ਮੱਥੇ ਸਹਾਰਨਾ
ਹੱਠ ਨਾ ਛਡਣਾ
ਪੁੱਤ ਨੂੰ ਅੱਖਾਂ ਸਾਹਵੇਂ
ਸ਼ਹੀਦ ਹੁੰਦਾ ਤੱਕਣਾ
ਬੇਇੰਤਹਾ ਤਸ਼ੱਦਦ ਸਹਿਣਾ
ਧੌਣ ਨੀਵੀਂ ਨਾ ਕਰਨੀ
ਜਾਬਰ ਦੀਆਂ
ਅੱਖਾਂ ’ਚ ਅੱਖਾਂ
ਪਾ ਕੇ ਤੱਕਣਾ
ਨਾ ਘਬਾਰਾਉਣਾ
ਮੌਤ ਨੂੰ
ਹੱਸ ਕੇ ਗਲੇ ਲਗਾਉਣਾ
ਸੰਘਰਸ਼ਾਂ ਦੇ ਇਤਿਹਾਸ ਵਿਚ
ਮੀਲ-ਪੱਥਰ ਬਣ
ਨਿਬੜਨਾ
........................................ਜਗਮੋਹਨ
ਸਿੰਘ
No comments:
Post a Comment