Popular posts on all time redership basis

Sunday, 8 July 2012

ਤੇਰੇ ਵਿਹੜੇ - ਜਗਮੋਹਨ ਸਿੰਘ

ਤੇਰੇ ਵਿਹੜੇ
ਮੈਂ ਫਿਰ ਨਹੀਂ ਆਵਾਂਗਾ
ਆਵਾਜ਼ ਦੇਣ ਤੇ ਵੀ
ਨਹੀਂ ਪਰਤਾਂਗਾ
ਅੱਖੋਂ ਓਝਲ ਹੋ ਜਾਵਾਂਗਾ

ਤੇਰੇ ਵਿਹੜੇ
ਚਿੜੀਆਂ
ਨਿੱਤ ਚਹਿਕਣਗੀਆਂ
ਸੂਰਜ ਰੋਜ਼ ਚਮਕੇਗਾ
ਰੁੱਤਾਂ ਮੌਲਣਗੀਆਂ
ਸਾਵਣ ਵਰਸੇਗਾ
ਪਰ ਮੈਂ ਨਹੀਂ ਆਵਾਂਗਾ
ਆਵਾਜ਼ ਦੇਣ ਤੇ ਵੀ
ਨਹੀਂ ਮੁੜਾਂਗਾ
ਅਜਿਹਾ ਗੁੰਮ ਹੋ ਜਾਵਾਂਗਾ

ਤੇਰੇ ਵਿਹੜੇ
ਅੰਬਾਂ ਤੇ
ਬੂਰ ਪੈਣ ਦੇ ਮੌਸਮ
ਕੋਇਲ ਕੂਕੇਗੀ
ਬਿਰਹਾ ਗਾਏਗੀ
ਚੰਨ ਦੀ
ਦੁਧੀਆ ਰੌਸ਼ਨੀ
ਘਰ ਦੀ ਹਰ
ਨੁੱਕਰ ਰੁਸ਼ਨਾਏਗੀ
ਪਰ ਮੈਂ ਨਹੀਂ ਹੋਵਾਂਗਾ

ਤੇਰੇ ਵਿਹੜੇ,
ਖੁਸ਼ੀਆਂ ਦੀ ਭਰਮਾਰ ਵਾਲੇ
ਤੇਰੇ ਵਿਹੜੇ
ਜਦ ਕਦੀ ਦੁੱਖ ਆਏਗਾ
ਮੇਰੀ ਸੁੰਨ ਸਮਾਧੀ ’ਚ
ਖ਼ਲਲ ਪਏਗਾ
ਤੜਪਾਏਗਾ
ਮੈਂ ਜ਼ਖਮੀ ਪਰਿੰਦੇ ਵਾਂਗ
ਛਟਪਟਾਵਾਂਗਾ
ਆਵਾਗਵਣ ਦੀ
ਲੋਚਾ ’ਚ ਝੁਲਸਾਂਗਾ
ਸਿਸਕਾਵਾਂਗਾ
ਤੇਰੇ ਵਿਹੜੇ ਪਹੁੰਚ
ਨਹੀਂ ਸਕਾਂਗਾ
ਦੁੱਖ ਸਾਰੇ
ਤੈਨੂੰ ਆਪ ਸਮੇਟਣੇ ਪੈਣਗੇ

...........................................ਜਗਮੋਹਨ ਸਿੰਘ

No comments:

Post a Comment