Popular posts on all time redership basis

Tuesday, 10 July 2012

ਠਹਿਰਾਅ -ਇੰਦਰਜੀਤ ਨੰਦਨ

ਆ ਜ਼ਰਾ ਰੁਕੀਏ
ਮੁਹੱਬਤ ਦੇ ਇਨ੍ਹਾਂ ਪਲ਼ਾਂ ਚ
ਇਸ ਠਹਿਰਾਅ ਚ
ਸ਼ਾਂਤ, ਮੌਨ ਹੋ ਜਾਈਏ
ਸਿਰਫ਼ ਸਾਹਾਂ ਦੇ ਸੰਗੀਤ ਚ
ਧੜਕਣ ਦੀ ਤਾਲ ਚ
ਇਕ ਧੁਨ ਸੁਣੀਏ...

ਸੁਣੀਏ ਉਨ੍ਹਾਂ
ਲਮਹਿਆਂ ਦਾ ਹਾਲ
ਜਿੱਥੇ ਹੱਥਾਂ ਨੂੰ ਹੱਥਾਂ ਦਾ ਸਾਥ
ਮਨ ਨੂੰ ਮਨ ਦੀ ਪਿਆਸ
ਆ ਇਸ ਪਿਆਸ ਸੰਗ
ਖੂਹ ਦੀ ਮੌਣ 'ਤੇ ਬਹੀਏ
ਆ ਜ਼ਰਾ ਰੁਕੀਏ
ਮੁਹੱਬਤ ਦੇ ਇਨ੍ਹਾਂ ਪਲ਼ਾਂ ਚ
ਪਾਣੀਆਂ ਨੂੰ ਅਣਕਹੀ ਬਾਤ ਕਹੀਏ

ਪਾਣੀਆਂ ਦੇ ਵਹਿਣ ਦਾ ਵੀ
ਆਪਣਾ ਹੀ ਪੜਾਅ
ਆ ਇਸ ਪੜਾਅ 'ਤੇ
ਤੈਅ ਕੀਤਾ ਸਫ਼ਰ ਤੱਕੀਏ
ਪੈੜਾਂ ਦੇ ਨਿਸ਼ਾਨ ਮਿਣੀਏ
ਰਾਤਾਂ ਦੇ ਤਾਰੇ ਗਿਣੀਏ
ਚੰਨ ਦੀਆਂ ਤੱਕਣੀਆਂ ਚ
ਫਿਰ ਗੁਆਚ ਜਾਈਏ
ਆ ਜ਼ਰਾ ਰੁਕੀਏ
ਮੁਹੱਬਤ ਦੇ ਇਨ੍ਹਾਂ ਪਲ਼ਾਂ ਚ
ਇਸ ਠਹਿਰਾਅ ਚ
ਸ਼ਾਂਤ ਮੌਨ ਹੋ ਜਾਈਏ
ਆ ਠਹਿਰ ਜਾਈਏ...

.............................-ਇੰਦਰਜੀਤ ਨੰਦਨ

No comments:

Post a Comment