Popular posts on all time redership basis

Friday, 25 May 2012

"ਗਾਥਾ ਸਬਰ ਦੀ ਜਿੱਤ ਦੀ" - ਜਗਮੋਹਨ ਸਿੰਘ

ਇਸ ਕਵਿਤਾ ਰਾਹੀਂ, ਸ਼ਬਦ-ਸਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਅਜ਼ੀਮ ਸ਼ਹਾਦਤ ਅਤੇ ਉਹਨਾਂ ਦੀ ਸਹਿਜ, ਸੁਨਿਮਰ, ਕੋਮਲ ਅਤੇ ਅਸੀਮ ਸਖ਼ਸ਼ੀਅਤ ਲਈ ਅਕੀਦਤ ਦੇ ਕੁਝ ਫੁਲ ਅਰਜਿਤ ਕਰਨ ਦਾ ਅਦਨਾ ਜਿਹਾ ਉਪਰਾਲਾ ਕੀਤਾ ਗਿਆ ਹੈ.

ਜਦੋਂ ਉਹ
ਤੱਤੀ ਤਵੀ ਵਲ ਤੁਰਿਆ
ਸ਼ਬਦ ਦਾ ਉਜਾਸ ਸੀ
ਕਾਇਨਾਤ ਉਦਾਸ ਸੀ

ਉਸ ਕਿਹਾ
ਗਾਵਹੁ ਭਾਈ
ਮੇਰੇ ਨਿਰਭਓ ਕਾ ਸੋਹਿਲਾ ਗਾਵਹੁ
ਤੇ ਪੰਜਾਬ ਦੇ ਹਰੇ ਭਰੇ ਖੇਤ
ਲੈਅ 'ਚ ਗੁਣਗੁਨਾਉਣ ਲਗੇ
ਤੇਰਾ ਕੀਆ ਮੀਠਾ ਲਾਗੈ
ਤੇ ਸਮੁੰਦਰ ਦੀ ਕੁਖ਼ 'ਚ
ਪਣਪ ਰਿਹਾ ਜਵਾਰ ਭਾਟਾ
ਸ਼ਾਂਤ ਹੋ ਗਿਆ

ਜਦੋਂ ਉਸਨੇ
ਤੱਤੀ ਤਵੀ ਤੇ ਆਸਣ ਲਾਇਆ
ਉਸਦੇ ਮੁਖ਼ ਤੇ
ਸਹਿਜ ਦਾ ਪਾਸਾਰ ਸੀ
ਉਸਦੇ ਅਧਮੀਟੇ ਸੁਪਨੀਲੇ ਨੈਣਾਂ 'ਚ
ਕਰੁਣਾ 'ਤੇ ਮਿਹਰ ਦੀ ਭਰਮਾਰ ਸੀ
ਹੋਠਾਂ ਤੇ ਸੀ
ਜੀਵਨ ਦਾਤੀ ਮੁਸਕਾਨ
ਮਨ 'ਚ
ਕੇਵਲ ਇਕ ਦਾ ਹੀ ਧਿਆਨ
ਉਸਨੇ ਪਿੰਡੇ ਤੇ
ਤੱਤੀ ਰੇਤ ਪਾਉਣ ਵਾਲੇ
ਹੱਥਾਂ ਨੂੰ ਛੁਹਿਆ
ਤੇ ਆਸੀਸ ਦਿੱਤੀ
ਉਹ ਹੱਥ
ਸ਼ਿਲਪੀ ਦੇ
ਹੱਥਾਂ 'ਚ ਬਦਲ ਗਏ

ਜਬਰ ਖ਼ਿਲਾਫ਼
ਸਬਰ ਦੀ ਜਿੱਤ ਦੀ
ਇਹ ਗਾਥਾ
ਮੈਨੂੰ ਰਾਵੀ ਦਰਿਆ ਨੇ
ਆਪ ਸੁਣਾਈ ਹੈ
ਜਿਸ ਦੀਆਂ ਛੱਲਾਂ 'ਚ
ਗੁਰੂ ਨੇ ਮਹਾਂ- ਪ੍ਰਸਥਾਨ ਤੋਂ ਪਹਿਲਾਂ
ਕੁਝ ਪਲ
ਵਿਸ਼ਰਾਮ ਕੀਤਾ ਸੀ

.......................................ਜਗਮੋਹਨ ਸਿੰਘ

1 comment:

  1. ਵਖਰੀ ਰੂਹ, ਵਖਰੀ ਰਮਜ਼, ਵਖਰੀ ਸੁਰਤ ਵਾਲੀ ਨਜ਼ਮ, ਬਹੁਤ ਹੀ ਨਰੋਆ ਅਤੇ ਨਿਗਰ ਸੁਨੇਹਾ , ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਚਿਤਰਿਆ ਗਿਆ ਹੈ .( ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਦ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ, ਮੀਰੀ - ਪੀਰੀ ਦੀਆਂ ਦੋ ਤਲਵਾਰਾਂ ਦਾ concept - ਗੁਰੂ ਸਾਹਿਬਾਨ ਦਾ ਮਾਝੇ ਤੋਂ ਮਾਲਵੇ ਦੇ ਨੀਮ ਪਾਹਾੜੀ ਖੇਤਰ ਵਲ ਪਰਸਥਾਨ ਵੀ ਇਤਹਾਸ ਦੀਆਂ ਜ਼ਿਕਰਯੋਗ ਘਟਨਾਵਾਂ ਹਨ )

    ReplyDelete