Popular posts on all time redership basis

Saturday, 5 May 2012

ਜ਼ਿੰਦਗੀ - ਜਗਮੋਹਨ ਸਿੰਘ

ਜ਼ਿੰਦਗੀ
ਕੁਰੂਕਸ਼ੇਤਰ ਦਾ
ਮੈਦਾਨ ਹੈ
ਤਮਾਸ਼ਬੀਨਾਂ ਦੀ
ਗੈਲਰੀ ਨਹੀਂ
ਅੱਜ ਨਹੀਂ ਤਾਂ ਭਲਕ
ਲੜਨਾ ਹੀ ਪੈਣੈ
ਹਥਿਆਰ
ਚੁੱਕਣੇ ਹੀ ਪੈਣੇ ਨੇ
ਇਕ ਧਿਰ
ਬਣਨਾ ਹੀ ਪੈਣੈ

ਕਦੋਂ ਤੀਕ
ਟਾਲੋਗੇ ਲੜਾਈ ਨੂੰ
ਕਦੋਂ ਤੀਕ
ਘਾਹ ਵਾਂਗ
ਪੈਰਾਂ ਹੇਠ
ਮਧੋਲੇ ਜਾਂਦੇ ਰਹੋਗੇ
ਨਾ ਕੁਸਕੋਗੇ
ਧੱਕੇ
ਸਹੀ ਜਾਂਦੇ ਰਹੋਗੇ,
ਜਿਊਂਦੇ ਹੋ
ਤਾਂ ਬੋਲੋ
ਲਲਕਾਰ ਬਣੋ
ਜਾਂ ਫ਼ਰਿਆਦ ਬਣੋ
ਚੋਣ ਤੁਹਾਡੀ ਹੈ
ਪਰ ਖ਼ੁਦਾ ਦੇ ਵਾਸਤੇ
ਚੁੱਪ ਨਾ ਰਹੋ
ਘਾਹ ਨਾ ਬਣੋ;
ਰਿਐਕਟ ਕਰੋ
ਹਰ ਸਿਚੂਏਸ਼ਨ ਤੇ,
ਭਾਵੇਂ ਸੂਲ
ਵਾਂਗ ਚੁਭੋ
ਕੰਕਰ ਵਾਂਗ
ਅੱਖ ’ਚ ਰੜਕੋ
ਜਾਂ ਦੱਬਵੀਂ ਸੁਰ ਅਲਾਪੋ
ਚੋਣ ਤੁਹਾਡੀ ਹੈ
ਪਰ ਰੱਬ ਦੇ ਵਾਸਤੇ
ਹੋਂਦ ਦਾ ਅਹਿਸਾਸ
ਤਾਂ ਹੋਣ ਦਿਓ
ਜਿਓਂਦੇ ਹੋਣ ਦਾ
ਪ੍ਰਮਾਣ ਤਾਂ ਦਿਓ

ਜ਼ਿੰਦਗੀ
ਕੁਰੁਕਸ਼ੇਤਰ ਦਾ
ਮੈਦਾਨ ਹੈ
ਤਮਾਸ਼ਬੀਨਾਂ ਦੀ
ਗੈਲਰੀ ਨਹੀਂ

...............................................- ਜਗਮੋਹਨ ਸਿੰਘ

No comments:

Post a Comment