Popular posts on all time redership basis

Tuesday, 27 March 2012

ਦਿਲ ਇੱਕ ਹੈ - ਦੀਪਕ ਜੈਤੋਈ

ਦਿਲ ਇੱਕ ਹੈ ਅਰਮਾਨ ਬਹੁਤ ਨੇ
ਕੁਝ ਜਜ਼ਬੇ ਬਲਵਾਨ ਬਹੁਤ ਨੇ

ਇਸ਼ਕ ਦੇ ਪੈਂਡੇ ਮੁਸ਼ਕਿਲ ਮੁਸ਼ਕਿਲ
ਵੇਖਣ ਵਿੱਚ ਆਸਾਨ ਬਹੁਤ ਨੇ

ਲੱਭਦਾ ਹੈ ਇਨਸਾਨ ਕਿਤੇ ਹੀ,
ਦੁਨੀਆਂ ਵਿੱਚ ਹੈਵਾਨ ਬਹੁਤ ਨੇ

ਮੋਮਿਨ ਬੇਈਮਾਨ ਬੜੇ ਹਨ,
ਕਾਫ਼ਿਰ ਬਾ-ਈਮਾਨ ਬਹੁਤ ਨੇ

ਖ਼ੁਸ਼ ਹੋ ਕੇ ਸਿਰ ਕਟਵਾਉਂਦੇ ਨੇ,
ਦਿਲ ਵਾਲੇ ਨਾਦਾਨ ਬਹੁਤ ਨੇ

"ਸਰਮਦ" ਜਾਂ "ਮਨਸੂਰ" ਹੈ ਕੋਈ,
ਸ਼ਾਹ ਬਹੁਤ, ਸੁਲਤਾਨ ਬਹੁਤ ਨੇ

ਯਾਦਾਂ, ਜ਼ਖ਼ਮ, ਦਾਗ, ਕੁਰਲਾਹਟਾਂ,
ਇਸ ਦਿਲ ਵਿੱਚ ਮਹਿਮਾਨ ਬਹੁਤ ਨੇ

ਤਿਰਸ਼ੂਲਾਂ, ਸੰਗੀਨਾਂ, ਰਫ਼ਲਾਂ
ਪੂਜਾ ਦੇ ਸਾਮਾਨ ਬਹੁਤ ਨੇ

"ਦੀਪਕ" ਵਰਗੇ ਨਿਰਧਨ ਜੱਗ ਵਿੱਚ,
"ਫ਼ਨ" ਕਰਕੇ ਧਨਵਾਨ ਬਹੁਤ ਨੇ

.................................. - ਦੀਪਕ ਜੈਤੋਈ

No comments:

Post a Comment