Popular posts on all time redership basis

Showing posts with label Deepak Jatoi. Show all posts
Showing posts with label Deepak Jatoi. Show all posts

Tuesday, 10 April 2012

ਗ਼ਜ਼ਲ - ਦੀਪਕ ਜੈਤੋਈ

ਵਿਗੜਨੋਂ ਝਗੜਨੋਂ ਉਲਝਣੋਂ ਰਿਹਾ
ਮੈਂ ਗੁਸਤਾਖ ਹੋਵਾਂ ? ਇਹ ਹੋਣੋ ਰਿਹਾ
ਨਾ ਕਰ ਮਿਹਰ ਮਿਰੇ ਤੇ ਦੁਸ਼ਮਣ ਮਿਰੇ
ਤਿਰੀ ਮਿਹਰ ਬਾਝੋਂ ਮੈਂ ਮਰਣੋਂ ਰਿਹਾ
ਨਹੀਂ ਮੈਨੂੰ ਜ਼ਰਦਾਰ ਸਕਦਾ ਖਰੀਦ
ਮੈਂ ਲਾਲਚ ਦੇ ਚੱਕਰਾਂ ’ਚ ਫ਼ਸਣੋਂ ਰਿਹਾ
ਜੋ ਪੀ ਕੇ ਸੰਭਲਦੈ, ਓਹ ਮੈਅਕਸ਼ ਨਹੀਂ
ਮੈਂ ਮੈਅਕਸ਼ ਹਾਂ, ਪੀ ਕੇ ਸੰਭਲਣੋਂ ਰਿਹਾ
ਕਸਮ ਹੈ, ਜੇ ਜ਼ਾਲਿਮ ਤੂੰ ਛੱਡੇ ਕਸਰ
ਤਿਰੇ ਜ਼ੁਲਮ ਅੱਗੇ ਮੈਂ ਝੁਕਣੋਂ ਰਿਹਾ
ਮੁਖਲਿਫ਼ ਨੇ ਹਲਾਤ ? ਕੋਈ ਗਮ ਨਹੀਂ
ਕਦਮ ਮੇਰਾ ਮੁਸ਼ਿਕਲ ’ਚ ਰੁਕਣੋਂ ਰਿਹਾ
ਜਵਨੀ ’ਚ ਇਹ ਦਿਲ ਮਚਲਿਆ ਨਹੀਂ
ਬੁਢਾਪੇ ’ਚ ਇਹ ਦਿਲ ਮਚਲਣੋਂ ਰਿਹਾ
ਓਹ ਬੁਜ਼ਦਿਲ ਹੈ ! ਜਾਬਰ ਤੋਂ ਡਰਦਾ ਹੈ ਜੋ
ਮੈਂ ਜਾਬਰ ਤੋਂ ਡਰਨੋਂ ! ਝਿਜਕਣੋਂ !! ਰਿਹਾ
ਹੈ ਸ਼ਾਇਸਤਗੀ ਓਸ ਸ਼ਾਇਰ ’ਚ ਖ਼ਾਕ ?
ਜੋ ਸੂਫ਼ੀ ਰਿਹਾ ਪਰ ਬਕਣੋਂ ਰਿਹਾ
ਤੁਸੀਂ ਆਪਣੀ ਮਰਜ਼ੀ ਦੇ ਮੁਖਤਾਰ ਹੋ
ਮੈਂ ਸਰਕਾਰ ਥੋਨੂੰ ਵਰਜਣੋਂ ਰਿਹਾ
ਹੈ ਤੂਫ਼ਾਨ ਜ਼ੋਰਾਂ ਤੇ ਅੱਜ ਕੱਲ੍ਹ ਬਹੁਤ
ਇਹ "ਦੀਪਕ" ਮਗਰ ਫ਼ਿਰ ਭੀ ਬੁਝਣੋਂ ਰਿਹਾ

.................................. - ਦੀਪਕ ਜੈਤੋਈ

Tuesday, 27 March 2012

ਦਿਲ ਇੱਕ ਹੈ - ਦੀਪਕ ਜੈਤੋਈ

ਦਿਲ ਇੱਕ ਹੈ ਅਰਮਾਨ ਬਹੁਤ ਨੇ
ਕੁਝ ਜਜ਼ਬੇ ਬਲਵਾਨ ਬਹੁਤ ਨੇ

ਇਸ਼ਕ ਦੇ ਪੈਂਡੇ ਮੁਸ਼ਕਿਲ ਮੁਸ਼ਕਿਲ
ਵੇਖਣ ਵਿੱਚ ਆਸਾਨ ਬਹੁਤ ਨੇ

ਲੱਭਦਾ ਹੈ ਇਨਸਾਨ ਕਿਤੇ ਹੀ,
ਦੁਨੀਆਂ ਵਿੱਚ ਹੈਵਾਨ ਬਹੁਤ ਨੇ

ਮੋਮਿਨ ਬੇਈਮਾਨ ਬੜੇ ਹਨ,
ਕਾਫ਼ਿਰ ਬਾ-ਈਮਾਨ ਬਹੁਤ ਨੇ

ਖ਼ੁਸ਼ ਹੋ ਕੇ ਸਿਰ ਕਟਵਾਉਂਦੇ ਨੇ,
ਦਿਲ ਵਾਲੇ ਨਾਦਾਨ ਬਹੁਤ ਨੇ

"ਸਰਮਦ" ਜਾਂ "ਮਨਸੂਰ" ਹੈ ਕੋਈ,
ਸ਼ਾਹ ਬਹੁਤ, ਸੁਲਤਾਨ ਬਹੁਤ ਨੇ

ਯਾਦਾਂ, ਜ਼ਖ਼ਮ, ਦਾਗ, ਕੁਰਲਾਹਟਾਂ,
ਇਸ ਦਿਲ ਵਿੱਚ ਮਹਿਮਾਨ ਬਹੁਤ ਨੇ

ਤਿਰਸ਼ੂਲਾਂ, ਸੰਗੀਨਾਂ, ਰਫ਼ਲਾਂ
ਪੂਜਾ ਦੇ ਸਾਮਾਨ ਬਹੁਤ ਨੇ

"ਦੀਪਕ" ਵਰਗੇ ਨਿਰਧਨ ਜੱਗ ਵਿੱਚ,
"ਫ਼ਨ" ਕਰਕੇ ਧਨਵਾਨ ਬਹੁਤ ਨੇ

.................................. - ਦੀਪਕ ਜੈਤੋਈ

Monday, 6 February 2012

ਗ਼ਜ਼ਲ - ਦੀਪਕ ਜੈਤੋਈ

ਇਸ਼ਕ ਵਾਲੇ ਇਸ਼ਕ ਫ਼ਰਮਾਓਂਦੇ ਨੇ ਹਸਦੇ-ਖੇਡਦੇ
ਜਾਨ ਤਕ ਤੋਂ ਭੀ ਗੁਜ਼ਰ ਜਾਂਦੇ ਨੇ ਹਸਦੇ-ਖੇਡਦੇ

ਠੀਕ ਹੈ ਮਤਕਲ ਦਾ ਨਕਸ਼ ਦਿਲ ਹਿਲਾਊ ਹੈ ਬੜਾ
ਜਾਣ ਵਾਲੇ ਫ਼ੇਰ ਭੀ ਜਾਂਦੇ ਨੇ ਹੱਸਦੇ-ਖੇਡਦੇ

ਐ ਸਮੇਂ ਦੇ ਗੇੜ ! ਕੁਝ ਮੇਰੇ ਜਿਹੇ ਕੱਲੇ ਭੀ ਹਨ
ਜੋ ਤਿਰੇ ਸਾਹਵੇਂ ਵੀ ਡਟ ਜਾਂਦੇ ਨੇ ਹਸਦੇ-ਖੇਡਦੇ

ਬਾਗ਼ ਸੜਦੈ ; ਤਾਂ ਅਜਿਹੇ ਪੰਛੀ ਭੀ ਹੁੰਦੇ ਹਨ ਕੁਝ
ਖੰਭ ਹੁੰਦਿਆ ਭੀ ਜੋ ਸੜ ਜਾਂਦੇ ਨੇ ਹਸਦੇ-ਖੇਡਦੇ

ਤੂੰ ਕਿਨਾਰੇ ਤੇ ਖੜਾ ਰੋਨੈ ਦਿਲਾ ! ਪਰ ਕੁਝ ਦਲੇਰ
ਚੀਰਦੇ ਦਰਿਆ ਨੂੰ ਓਹ ਜਾਂਦੇ ਨੇ ਹਸਦੇ-ਖੇਡਦੇ

ਬਦਤਮੀਜ਼ੀ ਦੇਖ ਕੇ ਸਾਕੀ ਦੀ; ਬਾ-ਗੈਰਤ ਪਿਆਕ!
ਜਾਮ ਆਪਣਾ ਛੱਡ ਦੇਂਦੇ ਨੇ ਹਸਦੇ-ਖੇਡਦੇ

ਕਿੰਨੇ ਖ਼ੁਸ਼ਕਿਸਮਤ ਨੇ “ਦੀਪਕ”! ਜਿਹੜੇ ਇਸ ਮਹਿਫ਼ਿਲ ਦੇ ਵਿੱਚ
ਰੋਂਦਿਆਂ ਆਓਂਦੇ ਨੇ, ਜਾਂਦੇ ਨੇ ਹਸਦੇ-ਖੇਡਦੇ
..................................................... ਦੀਪਕ ਜੈਤੋਈ