Popular posts on all time redership basis

Thursday, 16 February 2012

ਅਸ਼ੋਕਾ ਚੇਤੀ - ਅੰਮ੍ਰਿਤਾ ਪ੍ਰੀਤਮ

(ਅਸ਼ੋਕਾ ਚੇਤੀ ਦਖਣ ਭਾਰਤ ਦਾ ਲਾਲ ਸੂਹਾ ਫੁੱਲ ਹੈ, ਜਿਸਦੀ ਇਕ ਡੰਡੀ
ਵਿਚੋਂ ਸੱਤਰ ਨਿੱਕੀਆਂ ਡੰਡੀਆਂ ਹੋਰ ਨਿਕਲਦੀਆਂ ਹਨ
ਅਤੇ ਹਰ ਡੰਡੀ ਨੂੰ ਚਾਰ-ਚਾਰ ਪੱਤੀਆਂ ਲਗਦੀਆਂ ਹਨ)

ਸੂਹਾ ਫੁੱਲ ਅਸ਼ੋਕਾ ਚੇਤੀ
ਚੌੜੇ ਪੱਤਰ ਸਾਵੇ
ਜਿਉਂ ਸਾਗਰ ਦੀਆਂ ਲਹਿਰਾਂ ਵਿਚੋਂ
ਸੂਰਜ ਚੜ੍ਹਦਾ ਆਵੇ.
ਨਾ ਇਹ ਸੂਰਜ ਉੱਚਾ ਹੋਵੇ
ਨਾ ਇਹ ਸੂਰਜ ਲੱਥੇ
ਧਰਤੀ ਜਿਵੇਂ ਖਲੋ ਜਾਵੇ
ਤੇ ਸਮਾਂ ਕੀਲਿਆ ਜਾਵੇ

ਤੇਰਾ ਪਿਆਰ ਅਸ਼ੋਕਾ ਚੇਤੀ
ਮੇਰੇ ਦਿਲ ਵਿਚ ਖਿੜਿਆ
ਇਕ ਨਜ਼ਰ ਡੰਡੀ ਉੱਤੇ
ਸੱਤਰ ਸੁਪਨਾ ਜੁੜਿਆ.

ਮਿਲਣ ਘੜੀ ਦਾ ਰੱਤਾ ਜਾਦੂ
ਚਹੁੰ ਕੰਨੀਆਂ ਵਿਚ ਬੱਝਾ
ਹਰ ਇਕ ਮੌਸਮ ਏਸ ਦਹਿਲੀਜੇ
ਸੀਸ ਝੁਕਾ ਕੇ ਮੁੜਿਆ.

ਤੇਰਾ ਪਿਆਰ ਅਸ਼ੋਕਾ ਚੇਤੀ
ਧਰਤੀ ਝੱਲ ਨਾ ਸੱਕੇ
ਮਨ ਦੇ ਫੁੱਲ ਮਨਾਂ ਵਿਚ ਖਿੜਦੇ
ਅੱਖੀਆਂ ਨੇ ਨਾ ਤੱਕੇ

ਪੌਣਾਂ ਦੇ ਵਿਚ ਹੌਕੇ ਵਸਦੇ
ਕਣੀਆਂ ਦੇ ਵਿਚ ਹੰਝੂ
ਲੱਖ ਅਸ਼ੋਕਾ ਚੇਤੀ ਇਸ ਦੇ
ਮਾਰੂਥਲ ਵਿਚ ਸੁੱਕੇ

ਮੁੱਕੇ ਲੱਖ ਅਸ਼ੋਕਾ ਚੇਤੀ
ਮੁੱਕੇ ਆਸ਼ਕ ਕੇਤੀ
ਲਖਾਂ ਨਗ਼ਮੇ ਤੜਪ ਤੜਪ ਕੇ
ਆਖਣ ਹੋਠਾਂ ਸੇਤੀ,

ਸਾਡੇ ਸੁਚਿਆਂ ਸਾਹਵਾਂ ਅੰਦਰ
ਸੁਚੀਆਂ ਪੌਣਾਂ ਘੋਲੋ
ਦੁਨੀਆਂ ਦੇ ਇਸ ਵਿਹੜੇ ਅੰਦਰ
ਖਿੜੇ ਅਸ਼ੋਕਾ ਚੇਤੀ.

...........................- ਅੰਮ੍ਰਿਤਾ ਪ੍ਰੀਤਮ

No comments:

Post a Comment