Popular posts on all time redership basis

Friday, 3 February 2012

ਹਾਦਸਾ - ਜਗਮੋਹਨ ਸਿੰਘ

ਉਸ ਦੁਪਿਹਰ ਜਦੋਂ
ਮੈਂ ਡਿਗਿਆ ਸਾਂ ਚੁਰਸਤੇ
ਭੀੜ ਸੀ ਬਹੁਤ ਭਾਰੀ
ਦੋਸਤਾਂ ਦੀ

ਸਾਂਤਵਨਾ ਸੀ
ਸਦਭਾਵਨਾ ਸੀ
ਪਿਆਰ ਸੀ
ਬੋਲ ਸਨ
ਹਿੰਮਤ-ਭਰੇ

ਵਧੇ ਸੀ ਹੱਥ
ਮੇਰੀ ਤਰਫ਼
ਕੁਝ ਮਦਦਗਾਰਾਂ ਦੇ
ਰਸਤੇ ’ਚ ਹੀ ਅਟਕ ਗਏ

ਡਿਗਿਆ ਹੀ ਰਿਹਾ ਮੈਂ
ਉਸੇ ਮੁਦਰਾ ’ਚ
ਐਨ ਵਿਚਕਾਰ ਚੁਰਸਤੇ ਦੇ

ਹੌਲੀ ਹੌਲੀ ਛੱਟ ਗਈ
ਭੀੜ ਦੋਸਤਾਂ ਦੀ
ਟੁੱਟ ਗਈ ਅਧਵਾਟੇ ਹੀ
ਦੋਸਤੀ ਵਾਲੀ ਬਾਤ
ਦਿਨ-ਦਿਹਾੜੇ ਹੋ ਗਈ
ਮੇਰੇ ਲਈ ਤਾਂ ਰਾਤ

ਉੱਠਿਆ ਮੈਂ
ਤੇ ਤੁਰ ਪਿਆ
ਲੜਖੜਾਉਂਦਾ ਡਗਮਗਾਉਂਦਾ
ਉਸੇ ਸੜਕ ’ਤੇ
ਲਿਆਈ ਸੀ ਜੋ ਮੈਨੂੰ ਕਦੇ
ਦੋਸਤਾਂ ਦੇ ਸ਼ਹਿਰ
ਮਿੱਤਰਾਂ ਦੇ ਗਿਰਾਂ
ਜਾਏਗੀ
ਅਜ ਲੈ ਕੇ
ਸ਼ਹਿਰੋਂ ਦੂਰ
ਮਨ ਦੇ ਗਿਰਾਂ

......................................- ਜਗਮੋਹਨ ਸਿੰਘ

No comments:

Post a Comment